ਹੇ ਨਾਨਕ! ਹਰੇਕ ਗੱਲ ਪ੍ਰਭੂ ਦੇ ਆਪਣੇ ਹੱਥ ਵਿਚ ਹੈ ॥੫॥
(ਇਸ ਰਚਨਾ ਵਿਚ) ਕਰੋੜਾਂ ਜੀਵ ਵੈਰਾਗ ਵਾਲੇ ਹੋਏ ਹਨ,
ਜਿਨ੍ਹਾਂ ਦੀ ਸੁਰਤ ਅਕਾਲ ਪੁਰਖ ਦੇ ਨਾਮ ਨਾਲ ਲੱਗੀ ਰਹਿੰਦੀ ਹੈ;
ਕਰੋੜਾਂ ਬੰਦੇ ਪ੍ਰਭੂ ਨੂੰ ਖੋਜਦੇ ਹਨ,
ਤੇ ਆਪਣੇ ਅੰਦਰ ਅਕਾਲ ਪੁਰਖ ਨੂੰ ਭਾਲਦੇ ਹਨ;
ਕਰੋੜਾਂ ਜੀਵਾਂ ਨੂੰ ਪ੍ਰਭੂ ਦੇ ਦੀਦਾਰ ਦੀ ਤਾਂਘ ਲੱਗੀ ਰਹਿੰਦੀ ਹੈ,
ਉਹਨਾਂ ਨੂੰ ਅਬਿਨਾਸੀ ਪ੍ਰਭੂ ਮਿਲ ਪੈਂਦਾ ਹੈ।
ਕਰੋੜਾਂ ਮਨੁੱਖ ਸਤ-ਸੰਗ ਮੰਗਦੇ ਹਨ,
ਉਹਨਾਂ ਨੂੰ ਅਕਾਲ ਪੁਰਖ ਦਾ ਇਸ਼ਕ ਰਹਿੰਦਾ ਹੈ।
ਜਿਨ੍ਹਾਂ ਉਤੇ ਪ੍ਰਭੂ ਆਪ ਤ੍ਰੁੱਠਦਾ ਹੈ,
ਹੇ ਨਾਨਕ! ਉਹ ਮਨੁੱਖ ਸਦਾ ਭਾਗਾਂ ਵਾਲੇ ਹਨ ॥੬॥
(ਧਰਤੀ ਦੇ ਨੌ) ਖੰਡਾਂ (ਚਹੁੰਆਂ) ਖਾਣੀਆਂ ਦੀ ਰਾਹੀਂ ਕਰੋੜਾਂ ਹੀ ਜੀਵ ਉਤਪੰਨ ਹੋਏ ਹਨ,
ਸਾਰੇ ਆਕਾਸ਼ਾਂ ਬ੍ਰਹਮੰਡਾਂ ਵਿਚ ਕਰੋੜਾਂ ਹੀ ਜੀਵ ਹਨ;
ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ;
ਕਈ ਤਰੀਕਿਆਂ ਨਾਲ ਪ੍ਰਭੂ ਨੇ ਜਗਤ ਦੀ ਰਚਨਾ ਕੀਤੀ ਹੈ;
(ਪ੍ਰਭੂ ਨੇ) ਕਈ ਵਾਰੀ ਜਗਤ-ਰਚਨਾ ਕੀਤੀ ਹੈ,
(ਮੁੜ ਇਸ ਨੂੰ ਸਮੇਟ ਕੇ) ਸਦਾ-ਇਕ ਆਪ ਹੀ ਹੋ ਜਾਂਦਾ ਹੈ;
ਪ੍ਰਭੂ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ,
ਜੋ ਪ੍ਰਭੂ ਤੋਂ ਪੈਦਾ ਹੋ ਕੇ ਫਿਰ ਪ੍ਰਭੂ ਵਿਚ ਲੀਨ ਹੋ ਜਾਂਦੇ ਹਨ।
ਉਸ ਪ੍ਰਭੂ ਦਾ ਅੰਤ ਕੋਈ ਬੰਦਾ ਨਹੀਂ ਜਾਣਦਾ;