ਸੁਖਮਨੀ ਸਾਹਿਬ

(ਅੰਗ: 43)


ਆਪੇ ਆਪਿ ਨਾਨਕ ਪ੍ਰਭੁ ਸੋਇ ॥੭॥

(ਕਿਉਂਕਿ) ਹੇ ਨਾਨਕ! ਉਹ ਪ੍ਰਭੂ (ਆਪਣੇ ਵਰਗਾ) ਆਪ ਹੀ ਆਪ ਹੈ ॥੭॥

ਕਈ ਕੋਟਿ ਪਾਰਬ੍ਰਹਮ ਕੇ ਦਾਸ ॥

(ਇਸ ਜਗਤ-ਰਚਨਾ ਵਿਚ) ਕਰੋੜਾਂ ਜੀਵ ਪ੍ਰਭੂ ਦੇ ਸੇਵਕ (ਭਗਤ) ਹਨ,

ਤਿਨ ਹੋਵਤ ਆਤਮ ਪਰਗਾਸ ॥

ਉਹਨਾਂ ਦੇ ਆਤਮ ਵਿਚ (ਪ੍ਰਭੂ ਦਾ) ਪਰਕਾਸ਼ ਹੋ ਜਾਂਦਾ ਹੈ;

ਕਈ ਕੋਟਿ ਤਤ ਕੇ ਬੇਤੇ ॥

ਕਰੋੜਾਂ ਜੀਵ (ਜਗਤ ਦੇ) ਅਸਲੇ (ਅਕਾਲ ਪੁਰਖ) ਦੇ ਮਹਰਮ ਹਨ,

ਸਦਾ ਨਿਹਾਰਹਿ ਏਕੋ ਨੇਤ੍ਰੇ ॥

ਜੋ ਸਦਾ ਇੱਕ ਪ੍ਰਭੂ ਨੂੰ ਅੱਖਾਂ ਨਾਲ (ਹਰ ਥਾਂ) ਵੇਖਦੇ ਹਨ;

ਕਈ ਕੋਟਿ ਨਾਮ ਰਸੁ ਪੀਵਹਿ ॥

ਕਰੋੜਾਂ ਬੰਦੇ ਪ੍ਰਭੂ-ਨਾਮ ਦਾ ਆਨੰਦ ਮਾਣਦੇ ਹਨ,

ਅਮਰ ਭਏ ਸਦ ਸਦ ਹੀ ਜੀਵਹਿ ॥

ਉਹ ਜਨਮ ਮਰਨ ਤੋਂ ਰਹਿਤ ਹੋ ਕੇ ਸਦਾ ਹੀ ਜੀਊਂਦੇ ਰਹਿੰਦੇ ਹਨ।

ਕਈ ਕੋਟਿ ਨਾਮ ਗੁਨ ਗਾਵਹਿ ॥

ਕ੍ਰੋੜਾਂ ਮਨੁੱਖ ਪ੍ਰਭੂ-ਨਾਮ ਦੇ ਗੁਣ ਗਾਂਦੇ ਹਨ,

ਆਤਮ ਰਸਿ ਸੁਖਿ ਸਹਜਿ ਸਮਾਵਹਿ ॥

ਉਹ ਆਤਮਕ ਆਨੰਦ ਵਿਚ ਸੁਖ ਵਿਚ ਤੇ ਅਡੋਲ ਅਵਸਥਾ ਵਿਚ ਟਿਕੇ ਰਹਿੰਦੇ ਹਨ।

ਅਪੁਨੇ ਜਨ ਕਉ ਸਾਸਿ ਸਾਸਿ ਸਮਾਰੇ ॥

ਪ੍ਰਭੂ ਆਪਣੇ ਭਗਤਾਂ ਨੂੰ ਦਮ-ਬ-ਦਮ ਚੇਤੇ ਰੱਖਦਾ ਹੈ,

ਨਾਨਕ ਓਇ ਪਰਮੇਸੁਰ ਕੇ ਪਿਆਰੇ ॥੮॥੧੦॥

(ਕਿਉਂਕਿ) ਹੇ ਨਾਨਕ! ਉਹ ਭਗਤ ਪ੍ਰਭੂ ਦੇ ਪਿਆਰੇ ਹੁੰਦੇ ਹਨ ॥੮॥੧੦॥

ਸਲੋਕੁ ॥

ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ ॥

(ਇਸ ਸਾਰੇ) ਜਗਤ ਦਾ (ਮੂਲ-) ਕਾਰਣ (ਭਾਵ, ਬਣਾਉਣ ਵਾਲਾ) ਇਕ ਅਕਾਲ ਪੁਰਖ ਹੀ ਹੈ, ਕੋਈ ਦੂਜਾ ਨਹੀਂ ਹੈ।

ਨਾਨਕ ਤਿਸੁ ਬਲਿਹਾਰਣੈ ਜਲਿ ਥਲਿ ਮਹੀਅਲਿ ਸੋਇ ॥੧॥

ਹੇ ਨਾਨਕ! (ਮੈਂ) ਉਸ ਪ੍ਰਭੂ ਤੋਂ ਸਦਕੇ (ਹਾਂ), ਜੋ ਜਲ ਵਿਚ ਥਲ ਵਿਚ ਤੇ ਧਰਤੀ ਦੇ ਤਲ ਉਤੇ (ਭਾਵ, ਆਕਾਸ਼ ਵਿਚ ਮੌਜੂਦ ਹੈ) ॥੧॥

ਅਸਟਪਦੀ ॥

ਕਰਨ ਕਰਾਵਨ ਕਰਨੈ ਜੋਗੁ ॥

ਪ੍ਰਭੂ (ਸਭ ਕੁਝ) ਕਰਨ ਦੀ ਸਮਰੱਥਾ ਰੱਖਦਾ ਹੈ, ਤੇ (ਜੀਆਂ ਨੂੰ) ਕੰਮ ਕਰਨ ਲਈ ਪ੍ਰੇਰਨ ਜੋਗਾ ਭੀ ਹੈ,

ਜੋ ਤਿਸੁ ਭਾਵੈ ਸੋਈ ਹੋਗੁ ॥

ਓਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।

ਖਿਨ ਮਹਿ ਥਾਪਿ ਉਥਾਪਨਹਾਰਾ ॥

ਅੱਖ ਦੇ ਫੋਰ ਵਿਚ ਜਗਤ ਨੂੰ ਪੈਦਾ ਕਰ ਕੇ ਨਾਸ ਭੀ ਕਰਨ ਵਾਲਾ ਹੈ,

ਅੰਤੁ ਨਹੀ ਕਿਛੁ ਪਾਰਾਵਾਰਾ ॥

(ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ।

ਹੁਕਮੇ ਧਾਰਿ ਅਧਰ ਰਹਾਵੈ ॥

(ਸ੍ਰਿਸ਼ਟੀ ਨੂੰ ਆਪਣੇ) ਹੁਕਮ ਵਿਚ ਪੈਦਾ ਕਰ ਕੇ ਬਿਨਾ ਕਿਸੇ ਆਸਰੇ ਟਿਕਾ ਰੱਖਦਾ ਹੈ,