ਸੁਖਮਨੀ ਸਾਹਿਬ

(ਅੰਗ: 23)


ਜਿਹ ਪ੍ਰਸਾਦਿ ਪਾਟ ਪਟੰਬਰ ਹਢਾਵਹਿ ॥

(ਹੇ ਮਨ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਰੇਸ਼ਮੀ ਕੱਪੜੇ ਹੰਢਾਉਂਦਾ ਹੈਂ,

ਤਿਸਹਿ ਤਿਆਗਿ ਕਤ ਅਵਰ ਲੁਭਾਵਹਿ ॥

ਉਸ ਨੂੰ ਵਿਸਾਰ ਕੇ ਹੋਰ ਕਿੱਥੇ ਲੋਭ ਕਰ ਰਿਹਾ ਹੈਂ?

ਜਿਹ ਪ੍ਰਸਾਦਿ ਸੁਖਿ ਸੇਜ ਸੋਈਜੈ ॥

ਜਿਸ ਦੀ ਮਿਹਰ ਨਾਲ ਸੇਜ ਉੱਤੇ ਸੁਖੀ ਸਵੀਂਦਾ ਹੈ,

ਮਨ ਆਠ ਪਹਰ ਤਾ ਕਾ ਜਸੁ ਗਾਵੀਜੈ ॥

ਹੇ ਮਨ! ਉਸ ਪ੍ਰਭੂ ਦਾ ਜਸ ਅੱਠੇ ਪਹਰ ਗਾਉਣਾ ਚਾਹੀਦਾ ਹੈ।

ਜਿਹ ਪ੍ਰਸਾਦਿ ਤੁਝੁ ਸਭੁ ਕੋਊ ਮਾਨੈ ॥

ਜਿਸ ਦੀ ਮੇਹਰ ਨਾਲ ਹਰੇਕ ਮਨੁੱਖ ਤੇਰਾ ਆਦਰ ਕਰਦਾ ਹੈ,

ਮੁਖਿ ਤਾ ਕੋ ਜਸੁ ਰਸਨ ਬਖਾਨੈ ॥

ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ।

ਜਿਹ ਪ੍ਰਸਾਦਿ ਤੇਰੋ ਰਹਤਾ ਧਰਮੁ ॥

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੇਰਾ ਧਰਮ (ਕਾਇਮ) ਰਹਿੰਦਾ ਹੈ,

ਮਨ ਸਦਾ ਧਿਆਇ ਕੇਵਲ ਪਾਰਬ੍ਰਹਮੁ ॥

ਹੇ ਮਨ! ਤੂੰ ਸਦਾ ਉਸ ਪਰਮੇਸ਼ਰ ਨੂੰ ਸਿਮਰ।

ਪ੍ਰਭ ਜੀ ਜਪਤ ਦਰਗਹ ਮਾਨੁ ਪਾਵਹਿ ॥

ਪਰਮਾਤਮਾ ਦਾ ਭਜਨ ਕੀਤਿਆਂ (ਉਸ ਦੀ) ਦਰਗਾਹ ਵਿਚ ਮਾਣ ਪਾਵਹਿਂਗਾ,

ਨਾਨਕ ਪਤਿ ਸੇਤੀ ਘਰਿ ਜਾਵਹਿ ॥੨॥

ਤੇ, ਹੇ ਨਾਨਕ! (ਇਥੋਂ) ਇੱਜ਼ਤ ਨਾਲ ਆਪਣੇ (ਪਰਲੋਕ ਦੇ) ਘਰ ਵਿਚ ਜਾਵਹਿਂਗਾ ॥੨॥

ਜਿਹ ਪ੍ਰਸਾਦਿ ਆਰੋਗ ਕੰਚਨ ਦੇਹੀ ॥

ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਸੋਨੇ ਵਰਗਾ ਤੇਰਾ ਨਰੋਆ ਜਿਸਮ ਹੈ,

ਲਿਵ ਲਾਵਹੁ ਤਿਸੁ ਰਾਮ ਸਨੇਹੀ ॥

ਉਸ ਪਿਆਰੇ ਰਾਮ ਨਾਲ ਲਿਵ ਜੋੜ।

ਜਿਹ ਪ੍ਰਸਾਦਿ ਤੇਰਾ ਓਲਾ ਰਹਤ ॥

ਜਿਸ ਦੀ ਮਿਹਰ ਨਾਲ ਤੇਰਾ ਪਰਦਾ ਬਣਿਆ ਰਹਿੰਦਾ ਹੈ,

ਮਨ ਸੁਖੁ ਪਾਵਹਿ ਹਰਿ ਹਰਿ ਜਸੁ ਕਹਤ ॥

ਹੇ ਮਨ! ਉਸ ਹਰੀ ਦੀ ਸਿਫ਼ਤ-ਸਲਾਹ ਕਰ ਕੇ ਸੁਖ ਪ੍ਰਾਪਤ ਕਰ।

ਜਿਹ ਪ੍ਰਸਾਦਿ ਤੇਰੇ ਸਗਲ ਛਿਦ੍ਰ ਢਾਕੇ ॥

ਹੇ ਮਨ! ਜਿਸ ਦੀ ਦਇਆ ਨਾਲ ਤੇਰੇ ਸਾਰੇ ਐਬ ਢੱਕੇ ਰਹਿੰਦੇ ਹਨ,

ਮਨ ਸਰਨੀ ਪਰੁ ਠਾਕੁਰ ਪ੍ਰਭ ਤਾ ਕੈ ॥

ਹੇ ਮਨ! ਉਸ ਪ੍ਰਭੂ ਠਾਕੁਰ ਦੀ ਸਰਣ ਪਉ।

ਜਿਹ ਪ੍ਰਸਾਦਿ ਤੁਝੁ ਕੋ ਨ ਪਹੂਚੈ ॥

ਜਿਸ ਦੀ ਕਿਰਪਾ ਨਾਲ ਕੋਈ ਤੇਰੀ ਬਰਾਬਰੀ ਨਹੀਂ ਕਰ ਸਕਦਾ,

ਮਨ ਸਾਸਿ ਸਾਸਿ ਸਿਮਰਹੁ ਪ੍ਰਭ ਊਚੇ ॥

ਹੇ ਮਨ! ਉਸ ਉਚੇ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।

ਜਿਹ ਪ੍ਰਸਾਦਿ ਪਾਈ ਦ੍ਰੁਲਭ ਦੇਹ ॥

ਜਿਸ ਦੀ ਕਿਰਪਾ ਨਾਲ ਤੈਨੂੰ ਇਹ ਮਨੁੱਖਾ-ਸਰੀਰ ਲੱਭਾ ਹੈ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ,

ਨਾਨਕ ਤਾ ਕੀ ਭਗਤਿ ਕਰੇਹ ॥੩॥

ਹੇ ਨਾਨਕ! ਉਸ ਪ੍ਰਭੂ ਦੀ ਭਗਤੀ ਕਰ ॥੩॥