ਸਭ ਹੀਲਿਆਂ ਤੇ ਚਤੁਰਾਈਆਂ ਤੋਂ (ਪ੍ਰਭੂ) ਪਰੇ ਹੈ (ਭਾਵ, ਕਿਸੇ ਹੀਲੇ ਚਤੁਰਾਈ ਨਾਲ ਪ੍ਰਸੰਨ ਨਹੀਂ ਹੁੰਦਾ)
(ਕਿਉਂਕਿ ਉਹ ਜੀਵ ਦੀ) ਆਤਮਕ ਰਹਿਣੀ ਦੀ ਹਰੇਕ ਗੱਲ ਜਾਣਦਾ ਹੈ।
ਜੋ (ਜੀਵ) ਉਸ ਨੂੰ ਭਾਉਂਦਾ ਹੈ ਉਸ ਨੂੰ ਆਪਣੇ ਲੜ ਲਾਉਂਦਾ ਹੈ,
ਪ੍ਰਭੂ ਹਰ ਥਾਂ ਮੌਜੂਦ ਹੈ।
ਉਹੀ ਮਨੁੱਖ (ਅਸਲੀ) ਸੇਵਕ ਬਣਦਾ ਹੈ ਜਿਸ ਉਤੇ ਪ੍ਰਭੂ ਮੇਹਰ ਕਰਦਾ ਹੈ।
ਹੇ ਨਾਨਕ! (ਐਸੇ) ਪ੍ਰਭੂ ਨੂੰ ਦਮ-ਬ-ਦਮ ਯਾਦ ਕਰ ॥੮॥੫॥
(ਮੇਰਾ) ਕਾਮ, ਕ੍ਰੋਧ, ਲੋਭ, ਮੋਹ ਅਤੇ ਅਹੰਕਾਰ ਦੂਰ ਹੋ ਜਾਏ-
ਹੇ ਨਾਨਕ! (ਬੇਨਤੀ ਕਰ ਤੇ ਆਖ)-ਹੇ ਗੁਰਦੇਵ! ਹੇ ਪ੍ਰਭੂ! ਮੈਂ ਸਰਣ ਆਇਆ ਹਾਂ (ਮੇਰੇ ਉਤੇ) ਮੇਹਰ ਕਰ ॥੧॥
(ਹੇ ਭਾਈ!) ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਕਈ ਕਿਸਮਾਂ ਦੇ ਸੁਆਦਲੇ ਖਾਣੇ ਖਾਂਦਾ ਹੈਂ,
ਉਸ ਨੂੰ ਮਨ ਵਿਚ (ਚੇਤੇ) ਰੱਖ।
ਜਿਸ ਦੀ ਮਿਹਰ ਨਾਲ ਆਪਣੇ ਸਰੀਰ ਉਤੇ ਤੂੰ ਸੁਗੰਧੀਆਂ ਲਾਉਂਦਾ ਹੈਂ,
ਉਸ ਨੂੰ ਯਾਦ ਕੀਤਿਆਂ ਤੂੰ ਉੱਚਾ ਦਰਜਾ ਹਾਸਲ ਕਰ ਲਏਂਗਾ।
ਜਿਸ ਦੀ ਦਇਆ ਨਾਲ ਤੂੰ ਸੁਖ-ਮਹਲਾਂ ਵਿਚ ਵੱਸਦਾ ਹੈਂ,
ਉਸ ਨੂੰ ਸਦਾ ਮਨ ਵਿਚ ਸਿਮਰ।
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਘਰ ਮੌਜਾਂ ਨਾਲ ਵੱਸ ਰਿਹਾ ਹੈਂ,
ਉਸ ਨੂੰ ਜੀਭ ਨਾਲ ਅੱਠੇ ਪਹਰ ਯਾਦ ਕਰ।
ਜਿਸ (ਪ੍ਰਭੂ) ਦੀ ਬਖ਼ਸ਼ਸ਼ ਕਰਕੇ ਚੋਜ-ਤਮਾਸ਼ੇ, ਸੁਆਦਲੇ ਖਾਣੇ ਤੇ ਪਦਾਰਥ (ਨਸੀਬ ਹੁੰਦੇ ਹਨ)
ਹੇ ਨਾਨਕ! ਉਸ ਧਿਆਉਣ-ਜੋਗ ਨੂੰ ਸਦਾ ਹੀ ਧਿਆਉਣਾ ਚਾਹੀਦਾ ਹੈ ॥੧॥