ਜਿਸ (ਪ੍ਰਭੂ) ਦੀ ਕਿਰਪਾ ਨਾਲ ਗਹਣੇ ਪਹਿਨੀਦੇ ਹਨ,
ਹੇ ਮਨ! ਉਸ ਨੂੰ ਸਿਮਰਦਿਆਂ ਕਿਉਂ ਆਲਸ ਕੀਤਾ ਜਾਏ?
ਜਿਸ ਦੀ ਮੇਹਰ ਨਾਲ ਘੋੜੇ ਤੇ ਹਾਥੀਆਂ ਦੀ ਸਵਾਰੀ ਕਰਦਾ ਹੈਂ,
ਹੇ ਮਨ! ਉਸ ਪ੍ਰਭੂ ਨੂੰ ਕਦੇ ਨਾਹ ਵਿਸਾਰੀਂ।
ਜਿਸ ਦੀ ਦਇਆ ਨਾਲ ਬਾਗ ਜ਼ਮੀਨਾਂ ਤੇ ਧਨ (ਤੈਨੂੰ ਨਸੀਬ ਹਨ)
ਉਸ ਪ੍ਰਭੂ ਨੂੰ ਆਪਣੇ ਮਨ ਵਿਚ ਪ੍ਰੋ ਰੱਖ।
ਹੇ ਮਨ! ਜਿਸ (ਪ੍ਰਭੂ) ਨੇ ਤੈਨੂੰ ਸਾਜਿਆ ਹੈ,
ਉਠਦੇ ਬੈਠਦੇ (ਭਾਵ, ਹਰ ਵੇਲੇ) ਉਸੇ ਨੂੰ ਸਦਾ ਸਿਮਰ।
ਉਸ ਪ੍ਰਭੂ ਨੂੰ ਸਿਮਰ, ਜੋ ਇੱਕ ਹੈ, ਤੇ, ਬੇਅੰਤ ਹੈ।
ਹੇ ਨਾਨਕ! ਲੋਕ ਤੇ ਪਰਲੋਕ ਵਿਚ (ਉਹੀ) ਤੇਰੀ ਲਾਜ ਰੱਖਣ ਵਾਲਾ ਹੈ ॥੪॥
ਜਿਸ (ਪ੍ਰਭੂ) ਦੀ ਕ੍ਰਿਪਾ ਨਾਲ ਤੂੰ ਬਹੁਤ ਦਾਨ ਪੁੰਨ ਕਰਦਾ ਹੈਂ,
ਹੇ ਮਨ! ਅੱਠੇ ਪਹਿਰ ਉਸ ਦਾ ਚੇਤਾ ਕਰ।
ਜਿਸ ਦੀ ਮਿਹਰ ਨਾਲ ਤੂੰ ਰੀਤਾਂ ਰਸਮਾਂ ਕਰਨ ਜੋਗਾ ਹੋਇਆ ਹੈਂ,
ਉਸ ਪ੍ਰਭੂ ਨੂੰ ਸ੍ਵਾਸ ਸ੍ਵਾਸ ਯਾਦ ਕਰ।
ਜਿਸ ਦੀ ਦਇਆ ਨਾਲ ਤੇਰੀ ਸੋਹਣੀ ਸ਼ਕਲ ਹੈ,
ਉਸ ਸੋਹਣੇ ਮਾਲਕ ਨੂੰ ਸਦਾ ਸਿਮਰ।
ਜਿਸ ਪ੍ਰਭੂ ਦੀ ਕਿਰਪਾ ਨਾਲ ਤੈਨੂੰ ਚੰਗੀ (ਮਨੁੱਖ) ਜਾਤੀ ਮਿਲੀ ਹੈ,
ਉਸ ਨੂੰ ਸਦਾ ਦਿਨ ਰਾਤ ਯਾਦ ਕਰ।
ਜਿਸ ਦੀ ਮੇਹਰ ਨਾਲ ਤੇਰੀ ਇੱਜ਼ਤ (ਜਗਤ ਵਿਚ) ਬਣੀ ਹੋਈ ਹੈ (ਉਸ ਦਾ ਨਾਮ ਸਿਮਰ)।
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ (ਵਡਭਾਗੀ ਮਨੁੱਖ) ਉਸ ਦੀ ਸਿਫ਼ਤ-ਸਾਲਾਹ ਕਰਦਾ ਹੈ ॥੫॥