ਜਿਸ ਦੀ ਕ੍ਰਿਪਾ ਨਾਲ ਤੂੰ (ਆਪਣੇ) ਕੰਨਾਂ ਨਾਲ ਆਵਾਜ਼ ਸੁਣਦਾ ਹੈਂ (ਭਾਵ, ਤੈਨੂੰ ਸੁਣਨ ਦੀ ਤਾਕਤ ਮਿਲੀ ਹੈ),
ਜਿਸ ਦੀ ਮੇਹਰ ਨਾਲ ਅਚਰਜ ਨਜ਼ਾਰੇ ਵੇਖਦਾ ਹੈਂ;
ਜਿਸ ਦੀ ਬਰਕਤਿ ਪਾ ਕੇ ਜੀਭ ਨਾਲ ਮਿੱਠੇ ਬੋਲ ਬੋਲਦਾ ਹੈਂ,
ਜਿਸ ਦੀ ਕਿਰਪਾ ਨਾਲ ਸੁਭਾਵਕ ਹੀ ਸੁਖੀ ਵੱਸ ਰਿਹਾ ਹੈਂ;
ਜਿਸ ਦੀ ਦਇਆ ਨਾਲ ਤੇਰੇ ਹੱਥ (ਆਦਿਕ ਸਾਰੇ ਅੰਗ) ਕੰਮ ਦੇ ਰਹੇ ਹਨ,
ਜਿਸ ਦੀ ਮਿਹਰ ਨਾਲ ਤੂੰ ਹਰੇਕ ਕਾਰ-ਵਿਹਾਰ ਵਿਚ ਕਾਮਯਾਬ ਹੁੰਦਾ ਹੈਂ;
ਜਿਸ ਦੀ ਬਖ਼ਸ਼ਸ਼ ਨਾਲ ਤੈਨੂੰ ਉੱਚਾ ਦਰਜਾ ਮਿਲਦਾ ਹੈ,
ਅਤੇ ਤੂੰ ਸੁਖ ਤੇ ਬੇ-ਫ਼ਿਕਰੀ ਵਿਚ ਮਸਤ ਹੈਂ;
ਅਜੇਹਾ ਪ੍ਰਭੂ ਵਿਸਾਰ ਕੇ ਤੂੰ ਹੋਰ ਕਿਸ ਪਾਸੇ ਲੱਗ ਰਿਹਾ ਹੈਂ?
ਹੇ ਨਾਨਕ! ਗੁਰੂ ਦੀ ਬਰਕਤਿ ਲੈ ਕੇ ਮਨ ਵਿਚ ਹੁਸ਼ੀਆਰ ਹੋਹੁ ॥੬॥
ਜਿਸ ਪ੍ਰਭੂ ਦੀ ਕ੍ਰਿਪਾ ਨਾਲ ਤੂੰ ਜਗਤ ਵਿਚ ਸੋਭਾ ਵਾਲਾ ਹੈਂ,
ਉਸ ਨੂੰ ਕਦੇ ਭੀ ਮਨੋਂ ਨ ਭੁਲਾ।
ਜਿਸ ਦੀ ਮੇਹਰ ਨਾਲ ਤੈਨੂੰ ਵਡਿਆਈ ਮਿਲੀ ਹੋਈ ਹੈ,
ਹੇ ਮੂਰਖ ਮਨ! ਤੂੰ ਉਸ ਪ੍ਰਭੂ ਨੂੰ ਜਪ।
ਜਿਸ ਦੀ ਕ੍ਰਿਪਾ ਨਾਲ ਤੇਰੇ (ਸਾਰੇ) ਕੰਮ ਸਿਰੇ ਚੜ੍ਹਦੇ ਹਨ,
ਹੇ ਮਨ! ਤੂੰ ਉਸ (ਪ੍ਰਭੂ) ਨੂੰ ਸਦਾ ਅੰਗ ਸੰਗ ਜਾਣ।
ਜਿਸ ਦੀ ਬਰਕਤਿ ਨਾਲ ਤੈਨੂੰ ਸੱਚ ਪਰਾਪਤ ਹੁੰਦਾ ਹੈ,
ਹੇ ਮੇਰੇ ਮਨ! ਤੂੰ ਉਸ (ਪ੍ਰਭੂ) ਨਾਲ ਜੁੜਿਆ ਰਹੁ।
ਜਿਸ (ਪਰਾਮਤਮਾ) ਦੀ ਦਇਆ ਨਾਲ ਹਰੇਕ (ਜੀਵ) ਦੀ (ਉਸ ਤਕ) ਪਹੁੰਚ ਹੋ ਜਾਂਦੀ ਹੈ, (ਉਸ ਨੂੰ ਜਪ)।
ਹੇ ਨਾਨਕ! (ਜਿਸ ਨੂੰ ਇਹ ਦਾਤ ਮਿਲਦੀ ਹੈ) ਉਹ (ਹਰਿ-) ਜਾਪ ਹੀ ਜਪਦਾ ਹੈ ॥੭॥