ਉਹੀ ਮਨੁੱਖ ਪ੍ਰਭੂ ਦਾ ਨਾਮ ਜਪਦਾ ਹੈ ਜਿਸ ਪਾਸੋਂ ਆਪ ਜਪਾਉਂਦਾ ਹੈ,
ਉਹੀ ਮਨੁੱਖ ਹਰੀ ਦੇ ਗੁਣ ਗਾਉਂਦਾ ਹੈ ਜਿਸ ਨੂੰ ਗਾਵਣ ਲਈ ਪ੍ਰੇਰਦਾ ਹੈ।
ਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ;
ਉਸ ਦੀ ਦਇਆ ਨਾਲ ਹਿਰਦਾ-ਰੂਪ ਕਉਲ ਫੁੱਲ ਖਿੜਦਾ ਹੈ।
ਉਹ ਪ੍ਰਭੂ (ਉਸ ਮਨੁੱਖ ਦੇ) ਮਨ ਵਿਚ ਵੱਸਦਾ ਹੈ ਜਿਸ ਉਤੇ ਉਹ ਤ੍ਰੁੱਠਦਾ ਹੈ,
ਪ੍ਰਭੂ ਦੀ ਮੇਹਰ ਨਾਲ (ਮਨੁੱਖ ਦੀ) ਮੱਤ ਚੰਗੀ ਹੁੰਦੀ ਹੈ।
ਹੇ ਪ੍ਰਭੂ! ਤੇਰੀ ਮੇਹਰ ਦੀ ਨਜ਼ਰ ਵਿਚ ਸਾਰੇ ਖ਼ਜ਼ਾਨੇ ਹਨ,
ਆਪਣੇ ਜਤਨ ਨਾਲ ਕਿਸੇ ਨੇ ਭੀ ਕੁਝ ਨਹੀਂ ਲੱਭਾ (ਭਾਵ, ਜੀਵ ਦਾ ਉੱਦਮ ਤਦੋਂ ਹੀ ਸਫਲ ਹੁੰਦਾ ਹੈ ਜਦੋਂ ਤੂੰ ਸਵੱਲੀ ਨਜ਼ਰ ਕਰਦਾ ਹੈਂ)।
ਹੇ ਹਰੀ! ਹੇ ਨਾਥ! ਜਿਧਰ ਤੂੰ ਲਾਉਂਦਾ ਹੈਂ ਉਧਰ ਇਹ ਜੀਵ ਲੱਗਦੇ ਹਨ।
ਹੇ ਨਾਨਕ! ਇਹਨਾਂ ਜੀਵਾਂ ਦੇ ਵੱਸ ਕੁਝ ਨਹੀਂ ॥੮॥੬॥
ਉਹ ਬੇਅੰਤ ਪ੍ਰਭੂ (ਜੀਵ ਦੀ) ਪਹੁੰਚ ਤੋਂ ਪਰੇ ਹੈ ਤੇ ਅਥਾਹ ਹੈ।
ਜੋ ਜੋ (ਮਨੁੱਖ ਉਸ ਨੂੰ) ਸਿਮਰਦਾ ਹੈ ਉਹ (ਵਿਕਾਰਾਂ ਦੇ ਜਾਲ ਤੋਂ) ਖ਼ਲਾਸੀ ਪਾ ਲੈਂਦਾ ਹੈ।
ਹੇ ਮਿਤ੍ਰ! ਸੁਣ, ਨਾਨਕ ਬੇਨਤੀ ਕਰਦਾ ਹੈ:
(ਸਿਮਰਨ ਕਰਨ ਵਾਲੇ) ਗੁਰਮੁਖਾਂ (ਦੇ ਗੁਣਾਂ) ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ (ਭਾਵ, ਸਿਮਰਨ ਦੀ ਬਰਕਤਿ ਨਾਲ ਭਗਤ ਜਨਾਂ ਵਿਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਈਦਾ ਹੈ) ॥੧॥
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮੂੰਹ ਉਜਲੇ ਹੁੰਦੇ ਹਨ (ਭਾਵ, ਇੱਜ਼ਤ ਬਣ ਆਉਂਦੀ ਹੈ)
(ਕਿਉਂਕਿ) ਸਾਧੂ ਜਨਾਂ ਦੇ ਪਾਸ ਰਿਹਾਂ (ਵਿਕਾਰਾਂ ਦੀ) ਸਾਰੀ ਮੈਲ ਮਿਟ ਜਾਂਦੀ ਹੈ।
ਸਾਧੂਆਂ ਦੀ ਸੰਗਤਿ ਵਿਚ ਅਹੰਕਾਰ ਦੂਰ ਹੁੰਦਾ ਹੈ,
ਅਤੇ ਸ੍ਰੇਸ਼ਟ ਗਿਆਨ ਪਰਗਟ ਹੁੰਦਾ ਹੈ (ਭਾਵ, ਚੰਗੀ ਮਤਿ ਆਉਂਦੀ ਹੈ)।