ਸੁਖਮਨੀ ਸਾਹਿਬ

(ਅੰਗ: 27)


ਸਾਧ ਕੈ ਸੰਗਿ ਬੁਝੈ ਪ੍ਰਭੁ ਨੇਰਾ ॥

ਸੰਤਾਂ ਦੀ ਸੰਗਤ ਵਿਚ ਪ੍ਰਭੂ ਅੰਗ-ਸੰਗ ਵੱਸਦਾ ਜਾਪਦਾ ਹੈ,

ਸਾਧਸੰਗਿ ਸਭੁ ਹੋਤ ਨਿਬੇਰਾ ॥

(ਇਸ ਵਾਸਤੇ ਮੰਦੇ ਸੰਸਕਾਰਾਂ ਜਾਂ ਵਾਸਨਾ ਦਾ) ਸਾਰਾ ਨਿਬੇੜਾ ਹੋ ਜਾਂਦਾ ਹੈ (ਭਾਵ, ਮੰਦੇ ਪਾਸੇ ਜੀਵ ਪੈਂਦਾ ਨਹੀਂ)।

ਸਾਧ ਕੈ ਸੰਗਿ ਪਾਏ ਨਾਮ ਰਤਨੁ ॥

ਗੁਰਮੁਖਾਂ ਦੀ ਸੰਗਤਿ ਵਿਚ ਮਨੁੱਖ ਨਾਮ-ਰੂਪ ਰਤਨ ਲੱਭ ਲੈਂਦਾ ਹੈ,

ਸਾਧ ਕੈ ਸੰਗਿ ਏਕ ਊਪਰਿ ਜਤਨੁ ॥

ਤੇ, ਇੱਕ ਪ੍ਰਭੂ ਨੂੰ ਮਿਲਣ ਦਾ ਜਤਨ ਕਰਦਾ ਹੈ।

ਸਾਧ ਕੀ ਮਹਿਮਾ ਬਰਨੈ ਕਉਨੁ ਪ੍ਰਾਨੀ ॥

ਸਾਧੂਆਂ ਦੀ ਵਡਿਆਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ?

ਨਾਨਕ ਸਾਧ ਕੀ ਸੋਭਾ ਪ੍ਰਭ ਮਾਹਿ ਸਮਾਨੀ ॥੧॥

(ਕਿਉਂਕਿ) ਹੇ ਨਾਨਕ! ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ ॥੧॥

ਸਾਧ ਕੈ ਸੰਗਿ ਅਗੋਚਰੁ ਮਿਲੈ ॥

ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਨੂੰ) ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ;

ਸਾਧ ਕੈ ਸੰਗਿ ਸਦਾ ਪਰਫੁਲੈ ॥

ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦਾ ਹੈ।

ਸਾਧ ਕੈ ਸੰਗਿ ਆਵਹਿ ਬਸਿ ਪੰਚਾ ॥

ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਕਾਮਾਦਿਕ ਪੰਜ ਵਿਕਾਰ ਕਾਬੂ ਵਿਚ ਆ ਜਾਂਦੇ ਹਨ,

ਸਾਧਸੰਗਿ ਅੰਮ੍ਰਿਤ ਰਸੁ ਭੁੰਚਾ ॥

(ਕਿਉਂਕਿ ਮਨੁੱਖ) ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ।

ਸਾਧਸੰਗਿ ਹੋਇ ਸਭ ਕੀ ਰੇਨ ॥

ਸਾਧ ਜਨਾਂ ਦੀ ਸੰਗਤਿ ਕੀਤਿਆਂ (ਮਨੁੱਖ) ਸਭ (ਪ੍ਰਾਣੀਆਂ) ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ,

ਸਾਧ ਕੈ ਸੰਗਿ ਮਨੋਹਰ ਬੈਨ ॥

ਅਤੇ (ਸਭ ਨਾਲ) ਮਿੱਠੇ ਬਚਨ ਬੋਲਦਾ ਹੈ।

ਸਾਧ ਕੈ ਸੰਗਿ ਨ ਕਤਹੂੰ ਧਾਵੈ ॥

ਸੰਤ ਜਨਾਂ ਦੇ ਸੰਗ ਰਿਹਾਂ (ਮਨੁੱਖ ਦਾ) ਮਨ ਕਿਸੇ ਪਾਸੇ ਨਹੀਂ ਦੌੜਦਾ ਹੈ,

ਸਾਧਸੰਗਿ ਅਸਥਿਤਿ ਮਨੁ ਪਾਵੈ ॥

ਅਤੇ (ਪ੍ਰਭੂ ਦੇ ਚਰਨਾਂ ਵਿਚ) ਟਿਕਾਉ ਹਾਸਲ ਕਰ ਲੈਂਦਾ ਹੈ।

ਸਾਧ ਕੈ ਸੰਗਿ ਮਾਇਆ ਤੇ ਭਿੰਨ ॥

ਗੁਰਮੁਖਾਂ ਦੀ ਸੰਗਤਿ ਵਿਚ ਟਿਕਿਆਂ (ਮਨੁੱਖ) ਮਾਇਆ (ਦੇ ਅਸਰ) ਤੋਂ ਬੇ-ਦਾਗ਼ ਰਹਿੰਦਾ ਹੈ

ਸਾਧਸੰਗਿ ਨਾਨਕ ਪ੍ਰਭ ਸੁਪ੍ਰਸੰਨ ॥੨॥

ਅਤੇ ਹੇ ਨਾਨਕ! ਅਕਾਲ ਪੁਰਖ ਇਸ ਉਤੇ ਦਇਆਵਾਨ ਹੁੰਦਾ ਹੈ ॥੨॥

ਸਾਧਸੰਗਿ ਦੁਸਮਨ ਸਭਿ ਮੀਤ ॥

ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਸਾਰੇ ਵੈਰੀ (ਭੀ) ਮਿਤ੍ਰ (ਦਿੱਸਣ ਲੱਗ ਜਾਂਦੇ ਹਨ),

ਸਾਧੂ ਕੈ ਸੰਗਿ ਮਹਾ ਪੁਨੀਤ ॥

(ਕਿਉਂਕਿ) ਸਾਧ ਜਨਾਂ ਦੀ ਸੰਗਤ ਵਿਚ (ਮਨੁੱਖ ਦਾ ਆਪਣਾ ਹਿਰਦਾ) ਬਹੁਤ ਸਾਫ਼ ਹੋ ਜਾਂਦਾ ਹੈ।

ਸਾਧਸੰਗਿ ਕਿਸ ਸਿਉ ਨਹੀ ਬੈਰੁ ॥

ਸੰਤਾਂ ਦੀ ਸੰਗਤਿ ਵਿਚ ਬੈਠਿਆਂ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ,

ਸਾਧ ਕੈ ਸੰਗਿ ਨ ਬੀਗਾ ਪੈਰੁ ॥

ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ ਪੁੱਟੀਦਾ।