ਭਲਿਆਂ ਦੀ ਸੰਗਤਿ ਵਿਚ ਕੋਈ ਮਨੁੱਖ ਭੈੜਾ ਨਹੀਂ ਦਿੱਸਦਾ,
(ਕਿਉਂਕਿ ਹਰ ਥਾਂ ਮਨੁੱਖ) ਉੱਚੇ ਸੁਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ।
ਸਾਧੂ ਦੀ ਸੰਗਤਿ ਵਿਚ ਮਨੁੱਖ ਸਾਰੀ ਅਪਣੱਤ ਛੱਡ ਦੇਂਦਾ ਹੈ।
ਗੁਰਮੁਖ ਦੀ ਸੰਗਤਿ ਕੀਤਿਆਂ ਹਉਮੈ ਰੂਪ ਤਾਪ ਨਹੀਂ ਰਹਿ ਜਾਂਦਾ।
ਸਾਧ ਦੀ ਵਡਿਆਈ ਪ੍ਰਭੂ ਆਪ ਹੀ ਜਾਣਦਾ ਹੈ,
(ਕਿਉਂਕਿ) ਹੇ ਨਾਨਕ! ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ ॥੩॥
ਗੁਰਮੁਖਾਂ ਦੀ ਸੰਗਤਿ ਵਿਚ ਰਿਹਾਂ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ,
(ਕਿਉਂਕਿ) ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਸਦਾ ਸੁਖ ਮਾਣਦਾ ਹੈ।
ਸੰਤ ਜਨਾਂ ਦੀ ਸੰਗਤਿ ਵਿਚ (ਪ੍ਰਭੂ ਦਾ) ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ,
(ਅਤੇ ਮਨੁੱਖ) ਇਹ ਨਾਹ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ।
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਮਨੁੱਖ ਉਚੇ (ਆਤਮਕ) ਟਿਕਾਣੇ ਤੇ ਵੱਸਦਾ ਹੈ,
ਅਤੇ ਅਕਾਲ ਪੁਰਖ ਦੇ ਚਰਨਾਂ ਵਿਚ ਜੁੜਿਆ ਰਹਿੰਦਾ ਹੈ।
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਸਾਰੇ ਧਰਮਾਂ (ਫ਼ਰਜ਼ਾਂ) ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ,
ਅਤੇ ਸਿਰਫ਼ ਅਕਾਲ ਪੁਰਖ ਨੂੰ (ਹਰ ਥਾਂ ਵੇਖਦਾ ਹੈ)।
ਸਾਧ ਜਨਾਂ ਦੀ ਸੰਗਤਿ ਵਿਚ (ਮਨੁੱਖ) ਨਾਮ ਖ਼ਜ਼ਾਨਾ ਲੱਭ ਲੈਂਦਾ ਹੈ;
(ਤਾਂ ਤੇ) ਹੇ ਨਾਨਕ! (ਆਖ-) ਮੈਂ ਸਾਧ ਜਨਾਂ ਤੋਂ ਸਦਕੇ ਹਾਂ ॥੪॥
ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ ਆਪਣੀਆਂ) ਸਾਰੀਆਂ ਕੁਲਾਂ (ਵਿਕਾਰਾਂ ਤੋਂ) ਬਚਾ ਲੈਂਦਾ ਹੈ,
ਤੇ (ਆਪਣੇ) ਸੱਜਣਾਂ ਮਿੱਤ੍ਰਾਂ ਤੇ ਪਰਵਾਰ ਨੂੰ ਤਾਰ ਲੈਂਦਾ ਹੈ।
ਸੰਤਾਂ ਦੀ ਸੰਗਤਿ ਵਿਚ ਮਨੁੱਖ ਨੂੰ ਉਹ ਧਨ ਲੱਭ ਪੈਂਦਾ ਹੈ,
ਜਿਸ ਧਨ ਦੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ।