ਸਾਧੂ ਜਨਾਂ ਦੀ ਸੰਗਤਿ ਵਿਚ ਰਿਹਾਂ ਧਰਮਰਾਜ (ਭੀ) ਸੇਵਾ ਕਰਦਾ ਹੈ,
ਅਤੇ (ਦੇਵਤੇ ਭੀ) ਸੋਭਾ ਕਰਦੇ ਹਨ।
ਗੁਰਮੁਖਾਂ ਦੀ ਸੰਗਤਿ ਵਿਚ ਪਾਪ ਦੂਰ ਹੋ ਜਾਂਦੇ ਹਨ,
(ਕਿਉਂਕਿ ਓਥੇ) ਪ੍ਰਭੂ ਦੇ ਅਮਰ ਕਰਨ ਵਾਲੇ ਗੁਣ (ਮਨੁੱਖ) ਗਾਉਂਦੇ ਹਨ।
ਸੰਤਾਂ ਦੀ ਸੰਗਤਿ ਵਿਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ (ਭਾਵ, ਉੱਚੀ ਆਤਮਕ ਸਮਰੱਥਾ ਆ ਜਾਂਦੀ ਹੈ);
ਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ ॥੫॥
ਸਾਧ ਜਨਾਂ ਦੀ ਸੰਗਤਿ ਵਿਚ ਰਿਹਾਂ ਤਪ ਆਦਿਕ ਤਪਨ ਦੀ ਲੋੜ ਨਹੀਂ ਰਹਿੰਦੀ,
(ਕਿਉਂਕਿ ਉਹਨਾਂ) ਦਾ ਦਰਸ਼ਨ ਹੀ ਕਰ ਕੇ ਹਿਰਦਾ ਖਿੜ ਆਉਂਦਾ ਹੈ।
ਗੁਰਮੁਖਾਂ ਦੀ ਸੰਗਤਿ ਵਿਚ (ਮਨੁੱਖ ਆਪਣੇ) ਪਾਪ ਨਾਸ ਕਰ ਲੈਂਦਾ ਹੈ,
(ਤੇ ਇਸ ਤਰ੍ਹਾਂ) ਨਰਕਾਂ ਤੋਂ ਬਚ ਜਾਂਦਾ ਹੈ।
ਸੰਤਾਂ ਦੀ ਸੰਗਤਿ ਵਿਚ ਰਹਿ ਕੇ (ਮਨੁੱਖ) ਇਸ ਲੋਕ ਤੇ ਪਰਲੋਕ ਵਿਚ ਸੌਖਾ ਹੋ ਜਾਂਦਾ ਹੈ,
ਅਤੇ ਪ੍ਰਭੂ ਤੋਂ ਵਿਛੁੜਿਆ ਹੋਇਆ (ਮੁੜ) ਉਸ ਨੂੰ ਮਿਲ ਪੈਂਦਾ ਹੈ।
ਗੁਰਮੁਖਾਂ ਦੀ ਸੰਗਤਿ ਵਿਚੋਂ (ਮਨੁੱਖ) ਜੋ ਇੱਛਾ ਕਰਦਾ ਹੈ, ਓਹੀ ਫਲ ਪਾਉਂਦਾ ਹੈ,
ਬੇ-ਮੁਰਾਦ ਹੋ ਕੇ ਨਹੀਂ ਜਾਂਦਾ।
ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿਚ ਵੱਸਦਾ ਹੈ;
ਹੇ ਨਾਨਕ! (ਮਨੁੱਖ) ਸਾਧੂ ਜਨਾਂ ਦੀ ਰਸਨਾ ਤੋਂ (ਉਪਦੇਸ਼) ਸੁਣ ਕੇ (ਵਿਕਾਰਾਂ ਤੋਂ) ਬਚ ਜਾਂਦਾ ਹੈ ॥੬॥
ਮੈਂ ਗੁਰਮੁਖਾਂ ਦੀ ਸੰਗਤਿ ਵਿਚ ਰਹਿ ਕੇ ਪ੍ਰਭੂ ਦਾ ਨਾਮ ਸੁਣਾਂ,
ਤੇ ਪ੍ਰਭੂ ਦੇ ਗੁਣ ਗਾਵਾਂ (ਇਹ ਮੇਰੀ ਕਾਮਨਾ ਹੈ)।
ਸੰਤਾਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਮਨ ਤੋਂ ਭੁੱਲਦਾ ਨਹੀਂ,
ਸਾਧ ਜਨਾਂ ਦੀ ਸੰਗਤਿ ਵਿਚ ਮਨੁੱਖ ਜ਼ਰੂਰ (ਵਿਕਾਰਾਂ ਤੋਂ) ਬਚ ਨਿਕਲਦਾ ਹੈ।