ਸੁਖਮਨੀ ਸਾਹਿਬ

(ਅੰਗ: 30)


ਸਾਧ ਕੈ ਸੰਗਿ ਲਗੈ ਪ੍ਰਭੁ ਮੀਠਾ ॥

ਭਲਿਆਂ ਦੀ ਸੰਗਤਿ ਵਿਚ ਰਿਹਾਂ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ,

ਸਾਧੂ ਕੈ ਸੰਗਿ ਘਟਿ ਘਟਿ ਡੀਠਾ ॥

ਅਤੇ ਉਹ ਹਰੇਕ ਸਰੀਰ ਵਿਚ ਦਿਖਾਈ ਦੇਣ ਲੱਗ ਜਾਂਦਾ ਹੈ।

ਸਾਧਸੰਗਿ ਭਏ ਆਗਿਆਕਾਰੀ ॥

ਸਾਧੂਆਂ ਦੀ ਸੰਗਤਿ ਕੀਤਿਆਂ (ਅਸੀ) ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ,

ਸਾਧਸੰਗਿ ਗਤਿ ਭਈ ਹਮਾਰੀ ॥

ਅਤੇ ਸਾਡੀ ਆਤਮਕ ਅਵਸਥਾ ਸੁਧਰ ਜਾਂਦੀ ਹੈ।

ਸਾਧ ਕੈ ਸੰਗਿ ਮਿਟੇ ਸਭਿ ਰੋਗ ॥

ਸੰਤ ਜਨਾਂ ਦੀ ਸੁਹਬਤ ਵਿਚ (ਵਿਕਾਰ ਆਦਿਕ) ਸਾਰੇ ਰੋਗ ਮਿਟ ਜਾਂਦੇ ਹਨ;

ਨਾਨਕ ਸਾਧ ਭੇਟੇ ਸੰਜੋਗ ॥੭॥

ਹੇ ਨਾਨਕ! (ਵੱਡੇ) ਭਾਗਾਂ ਨਾਲ ਸਾਧ ਜਨ ਮਿਲਦੇ ਹਨ ॥੭॥

ਸਾਧ ਕੀ ਮਹਿਮਾ ਬੇਦ ਨ ਜਾਨਹਿ ॥

ਸਾਧ ਦੀ ਵਡਿਆਈ ਵੇਦ (ਭੀ) ਨਹੀਂ ਜਾਣਦੇ,

ਜੇਤਾ ਸੁਨਹਿ ਤੇਤਾ ਬਖਿਆਨਹਿ ॥

ਉਹ ਤਾਂ ਜਿਤਨਾ ਸੁਣਦੇ ਹਨ, ਉਤਨਾ ਹੀ ਬਿਆਨ ਕਰਦੇ ਹਨ (ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ)।

ਸਾਧ ਕੀ ਉਪਮਾ ਤਿਹੁ ਗੁਣ ਤੇ ਦੂਰਿ ॥

ਸਾਧ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ (ਭਾਵ, ਜਗਤ ਦੀ ਰਚਨਾ ਵਿਚ ਕੋਈ ਅਜੇਹੀ ਹਸਤੀ ਨਹੀਂ ਜਿਸ ਨੂੰ ਸਾਧ ਵਰਗਾ ਕਿਹਾ ਜਾ ਸਕੇ; ਹਾਂ)

ਸਾਧ ਕੀ ਉਪਮਾ ਰਹੀ ਭਰਪੂਰਿ ॥

ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ।

ਸਾਧ ਕੀ ਸੋਭਾ ਕਾ ਨਾਹੀ ਅੰਤ ॥

ਸਾਧੂ ਦੀ ਸੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ,

ਸਾਧ ਕੀ ਸੋਭਾ ਸਦਾ ਬੇਅੰਤ ॥

ਸਦਾ (ਇਸ ਨੂੰ) ਬੇਅੰਤ ਹੀ (ਕਿਹਾ ਜਾ ਸਕਦਾ) ਹੈ।

ਸਾਧ ਕੀ ਸੋਭਾ ਊਚ ਤੇ ਊਚੀ ॥

ਸਾਧੂ ਦੀ ਸੋਭਾ ਹੋਰ ਸਭ ਦੀ ਸੋਭਾ ਤੋਂ ਬਹੁਤ ਉੱਚੀ ਹੈ,

ਸਾਧ ਕੀ ਸੋਭਾ ਮੂਚ ਤੇ ਮੂਚੀ ॥

ਤੇ ਬਹੁਤ ਵੱਡੀ ਹੈ।

ਸਾਧ ਕੀ ਸੋਭਾ ਸਾਧ ਬਨਿ ਆਈ ॥

ਸਾਧੂ ਦੀ ਸੋਭਾ ਸਾਧੂ ਨੂੰ ਹੀ ਫਬਦੀ ਹੈ,

ਨਾਨਕ ਸਾਧ ਪ੍ਰਭ ਭੇਦੁ ਨ ਭਾਈ ॥੮॥੭॥

(ਕਿਉਂਕਿ) ਹੇ ਨਾਨਕ! (ਆਖ-) ਹੇ ਭਾਈ! ਸਾਧੂ ਤੇ ਪ੍ਰਭੂ ਵਿਚ (ਕੋਈ) ਫ਼ਰਕ ਨਹੀਂ ਹੈ ॥੮॥੭॥

ਸਲੋਕੁ ॥

ਮਨਿ ਸਾਚਾ ਮੁਖਿ ਸਾਚਾ ਸੋਇ ॥

(ਜਿਸ ਮਨੁੱਖ ਦੇ) ਮਨ ਵਿਚ ਸਦਾ-ਥਿਰ ਰਹਿਣ ਵਾਲਾ ਪ੍ਰਭੂ (ਵੱਸਦਾ ਹੈ), (ਜੋ) ਮੂੰਹੋਂ (ਭੀ) ਉਸੇ ਪ੍ਰਭੂ ਨੂੰ (ਜਪਦਾ ਹੈ),

ਅਵਰੁ ਨ ਪੇਖੈ ਏਕਸੁ ਬਿਨੁ ਕੋਇ ॥

(ਜੋ ਮਨੁੱਖ) ਇਕ ਅਕਾਲ ਪੁਰਖ ਤੋਂ ਬਿਨਾ (ਕਿਤੇ ਭੀ) ਕਿਸੇ ਹੋਰ ਨੂੰ ਨਹੀਂ ਵੇਖਦਾ,

ਨਾਨਕ ਇਹ ਲਛਣ ਬ੍ਰਹਮ ਗਿਆਨੀ ਹੋਇ ॥੧॥

ਹੇ ਨਾਨਕ! (ਉਹ ਮਨੁੱਖ) ਇਹਨਾਂ ਗੁਣਾਂ ਦੇ ਕਾਰਣ ਬ੍ਰਹਮਗਿਆਨੀ ਹੋ ਜਾਂਦਾ ਹੈ ॥੧॥