ਜਿਸ ਪ੍ਰਭੂ ਦੀ (ਜਗਤ ਰੂਪ) ਖੇਡ ਦਾ ਲੇਖਾ ਕੋਈ ਨਹੀਂ ਲਾ ਸਕਦਾ,
ਉਸ ਨੂੰ ਖੋਜ ਖੋਜ ਕੇ ਸਾਰੇ ਦੇਵਤੇ (ਭੀ) ਥੱਕ ਗਏ ਹਨ;
(ਕਿਉਂਕਿ) ਪਿਉ ਦਾ ਜਨਮ ਪੁੱਤ੍ਰ ਕੀਹ ਜਾਣਦਾ ਹੈ?
(ਜਿਵੇਂ ਮਾਲਾ ਦੇ ਮਣਕੇ) ਧਾਗੇ ਵਿਚ ਪਰੋਏ ਹੁੰਦੇ ਹਨ, (ਤਿਵੇਂ) ਸਾਰੀ ਰਚਨਾ ਪ੍ਰਭੂ ਨੇ ਆਪਣੇ (ਹੁਕਮ ਰੂਪ) ਧਾਗੇ ਵਿਚ ਪ੍ਰੋ ਰੱਖੀ ਹੈ।
ਜਿਨ੍ਹਾਂ ਬੰਦਿਆਂ ਨੂੰ ਪ੍ਰਭੂ ਸੋਹਣੀ ਮਤਿ ਉੱਚੀ ਸਮਝ ਤੇ ਸੁਰਤ ਜੋੜਨ ਦੀ ਦਾਤ ਦੇਂਦਾ ਹੈ,
ਉਹੀ ਸੇਵਕ ਤੇ ਦਾਸ ਉਸ ਦਾ ਨਾਮ ਸਿਮਰਦੇ ਹਨ।
(ਪਰ) ਜਿਨ੍ਹਾਂ ਨੂੰ (ਮਾਇਆ ਦੇ) ਤਿੰਨ ਗੁਣਾਂ ਵਿਚ ਭਵਾਉਂਦਾ ਹੈ,
ਉਹ ਜੰਮਦੇ ਮਰਦੇ ਰਹਿੰਦੇ ਹਨ ਤੇ ਮੁੜ ਮੁੜ (ਜਗਤ ਵਿਚ) ਆਉਂਦੇ ਤੇ ਜਾਂਦੇ ਰਹਿੰਦੇ ਹਨ।
ਸੋਹਣੀ ਮੱਤ ਵਾਲੇ ਉਚੇ ਬੰਦਿਆਂ ਦੇ ਹਿਰਦੇ ਤ੍ਰਿਗੁਣੀ ਨੀਚ ਬੰਦਿਆਂ ਦੇ ਮਨ-ਇਹ ਸਾਰੇ ਉਸ ਪ੍ਰਭੂ ਦੇ ਆਪਣੇ ਹੀ ਟਿਕਾਣੇ ਹਨ (ਭਾਵ, ਸਭ ਵਿਚ ਵੱਸਦਾ ਹੈ)।
ਹੇ ਨਾਨਕ! ਜਿਹੋ ਜਿਹੀ ਬੁੱਧ-ਮੱਤ ਦੇਂਦਾ ਹੈ, ਤਿਹੋ ਜਿਹੀ ਸਮਝ ਵਾਲਾ ਜੀਵ ਬਣ ਜਾਂਦਾ ਹੈ ॥੩॥
ਰਾਗੁ ਗਉੜੀ ਸੁਣਨ ਵਾਲੇ ਨੂੰ ਇੱਕ ਉਦੇਸ਼ ਪ੍ਰਾਪਤੀ ਦੀ ਸਖਤ ਕੋਸ਼ਿਸ਼ ਕਰਨ ਲਈ ਉਤਸ਼ਾਹਤ ਕਰਦਾ ਹੈ। ਹਾਲਾਂਕਿ, ਰਾਗ ਦੁਆਰਾ ਦਿੱਤਾ ਉਤਸ਼ਾਹ ਹਉਮੈ ਨੂੰ ਵਧਣ ਨਹੀਂ ਦਿੰਦਾ। ਇਹ, ਇਸ ਲਈ, ਇੱਕ ਮਾਹੌਲ ਪੈਦਾ ਕਰਦਾ ਹੈ ਜਿੱਥੇ ਸੁਣਨ ਵਾਲੇ ਨੂੰ ਉਤਸ਼ਾਹਤ ਕੀਤਾ ਜਾਂਦਾ ਹੈ, ਪਰ ਫਿਰ ਵੀ ਹੰਕਾਰੀ ਅਤੇ ਸਵੈ-ਮਹੱਤਵਪੂਰਣ ਬਣਨ ਤੋਂ ਰੋਕ ਦਿੰਦਾ ਹੈ।