ਜਦੋਂ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਹੁੰਦਾ ਹੈ ਉਹ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦੇ ਹਨ, ਸਾਧ ਸੰਗਤਿ ਵਿਚ ਮਿਲ ਕੇ (ਉਹਨਾਂ ਦੇ ਅੰਦਰ ਭਲੇ) ਗੁਣ ਪੈਦਾ ਹੁੰਦੇ ਹਨ ॥੨॥
ਪਰ ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦੇ ਨਾਮ ਦਾ ਸੁਆਦ ਨਹੀਂ ਆਇਆ, ਜਿਨ੍ਹਾਂ ਨੂੰ ਪ੍ਰਭੂ ਦਾ ਨਾਮ ਨਹੀਂ ਮਿਲਿਆ, ਉਹ ਬਦ-ਕਿਸਮਤ ਹਨ, ਉਹ ਜਮਾਂ ਦੇ ਵੱਸ (ਪਏ ਹੋਏ ਸਮਝੋ ਉਹਨਾਂ ਦੇ ਸਿਰ ਉਤੇ ਆਤਮਕ ਮੌਤ ਸਦਾ ਸਵਾਰ ਰਹਿੰਦੀ ਹੈ)।
ਜੋ ਮਨੁੱਖ ਗੁਰੂ ਦੀ ਸਰਨ ਨਹੀਂ ਆਉਂਦੇ, ਜੋ ਸਾਧ ਸੰਗਤਿ ਵਿਚ ਨਹੀਂ ਬੈਠਦੇ, ਲਾਹਨਤ ਹੈ ਉਹਨਾਂ ਦੇ ਜੀਊਣ ਨੂੰ, ਉਹਨਾਂ ਦਾ ਜੀਊਣਾ ਫਿਟਕਾਰ-ਜੋਗ ਹੈ ॥੩॥
ਜਿਨ੍ਹਾਂ ਪ੍ਰਭੂ ਦੇ ਸੇਵਕਾਂ ਨੂੰ ਗੁਰੂ ਦੀ ਸੰਗਤਿ ਵਿਚ ਬੈਠਣਾ ਨਸੀਬ ਹੋਇਆ ਹੈ, (ਸਮਝੋ) ਉਹਨਾਂ ਦੇ ਮੱਥੇ ਉਤੇ ਧੁਰੋਂ ਹੀ ਚੰਗਾ ਲੇਖ ਲਿਖਿਆ ਹੋਇਆ ਹੈ।
ਹੇ ਨਾਨਕ! ਧੰਨ ਹੈ ਸਤਸੰਗ! ਧੰਨ ਹੈ ਸਤਸੰਗ! ਜਿਸ ਵਿਚ (ਬੈਠਿਆਂ) ਪ੍ਰਭੂ ਦੇ ਨਾਮ ਦਾ ਆਨੰਦ ਮਿਲਦਾ ਹੈ, ਜਿਥੇ ਗੁਰਮੁਖਾਂ ਨੂੰ ਮਿਲਿਆਂ (ਹਿਰਦੇ ਵਿਚ ਪਰਮਾਤਮਾ ਦਾ) ਨਾਮ ਆ ਵੱਸਦਾ ਹੈ ॥੪॥੪॥
ਹੇ ਮਨ! (ਤੇਰੀ ਖ਼ਾਤਰ) ਜਿਸ ਆਹਰ ਵਿਚ ਪਰਮਾਤਮਾ ਆਪ ਲੱਗਾ ਹੋਇਆ ਹੈ, ਉਸ ਵਾਸਤੇ ਤੂੰ ਕਿਉਂ (ਸਦਾ) ਸੋਚਾਂ-ਫ਼ਿਕਰ ਕਰਦਾ ਰਹਿੰਦਾ ਹੈਂ?
ਜੇਹੜੇ ਜੀਵ ਪ੍ਰਭੂ ਨੇ ਚਟਾਨਾਂ ਤੇ ਪੱਥਰਾਂ ਵਿਚ ਪੈਦਾ ਕੀਤੇ ਹਨ, ਉਹਨਾਂ ਦਾ ਭੀ ਰਿਜ਼ਕ ਉਸ ਨੇ (ਉਹਨਾਂ ਦੇ ਪੈਦਾ ਕਰਨ ਤੋਂ) ਪਹਿਲਾਂ ਹੀ ਬਣਾ ਰਖਿਆ ਹੈ ॥੧॥
ਹੇ ਮੇਰੇ ਪ੍ਰਭੂ ਜੀ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਮਿਲ ਬੈਠਦੇ ਹਨ, ਉਹ (ਵਿਅਰਥ ਤੌਖ਼ਲੇ-ਫ਼ਿਕਰਾਂ ਤੋਂ) ਬਚ ਜਾਂਦੇ ਹਨ।
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ (ਅਡੋਲਤਾ ਵਾਲੀ) ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ (ਮਾਨੋ) ਸੁੱਕਾ ਕਾਠ ਹਰਾ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਮਨ!) ਮਾਂ, ਪਿਉ, ਪੁੱਤਰ, ਲੋਕ, ਵਹੁਟੀ-ਕੋਈ ਭੀ ਕਿਸੇ ਦਾ ਆਸਰਾ ਨਹੀਂ ਹੈ।
ਹੇ ਮਨ! ਤੂੰ ਕਿਉਂ ਡਰਦਾ ਹੈਂ? ਪਾਲਣਹਾਰ ਪ੍ਰਭੂ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਅਪੜਾਂਦਾ ਹੈ ॥੨॥
(ਹੇ ਮਨ! ਵੇਖ! ਕੂੰਜ) ਉੱਡ ਉੱਡ ਕੇ ਸੈਂਕੜੇ ਕੋਹਾਂ ਤੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ (ਇਕੱਲੇ) ਛੱਡੇ ਹੋਏ ਹੁੰਦੇ ਹਨ।
ਉਹਨਾਂ ਨੂੰ ਕੋਈ ਕੁਝ ਖੁਆਲਣ ਵਾਲਾ ਨਹੀਂ, ਕੋਈ ਉਹਨਾਂ ਨੂੰ ਚੋਗਾ ਨਹੀਂ ਚੁਗਾਂਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿਚ ਧਰਦੀ ਰਹਿੰਦੀ ਹੈ (ਤੇ, ਇਸੇ ਨੂੰ ਪ੍ਰਭੂ ਉਹਨਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ) ॥੩॥
ਹੇ ਪਾਲਣਹਾਰ ਪ੍ਰਭੂ! ਜਗਤ ਦੇ ਸਾਰੇ ਖ਼ਜ਼ਾਨੇ ਤੇ ਅਠਾਰਾਂ ਸਿੱਧੀਆਂ (ਮਾਨੋ) ਤੇਰੇ ਹੱਥਾਂ ਦੀਆਂ ਤਲੀਆਂ ਉੱਤੇ ਰੱਖੇ ਪਏ ਹਨ।
ਹੇ ਦਾਸ ਨਾਨਕ! ਐਸੇ ਪ੍ਰਭੂ ਤੋਂ ਸਦਾ ਸਦਕੇ ਹੋ, ਸਦਾ ਕੁਰਬਾਨ ਹੋ, (ਤੇ ਆਖ-ਹੇ ਪ੍ਰਭੂ!) ਤੇਰੀ ਬਜ਼ੁਰਗੀ ਦੇ ਉਰਲੇ ਪਾਰਲੇ ਬੰਨੇ ਦਾ ਅੰਤ ਨਹੀਂ ਪੈ ਸਕਦਾ ॥੪॥੫॥
ਰਾਗ ਆਸਾ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ 'ਸੋ-ਪੁਰਖੁ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਉਹ ਪਰਮਾਤਮਾ ਸਾਰੇ ਜੀਵਾਂ ਵਿੱਚ ਵਿਆਪਕ ਹੈ (ਫਿਰ ਵੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ ਹੈ, ਅਪਹੁੰਚ ਹੈ ਅਤੇ ਬੇਅੰਤ ਹੈ।
ਹੇ ਸਦਾ ਕਾਇਮ ਰਹਿਣ ਵਾਲੇ ਅਤੇ ਸਭ ਜੀਵਾਂ ਨੂੰ ਪੈਦਾ ਕਰਨ ਵਾਲੇ ਹਰੀ! ਸਾਰੇ ਜੀਵ ਤੈਨੂੰ ਸਦਾ ਸਿਮਰਦੇ ਹਨ, ਤੇਰਾ ਧਿਆਨ ਧਰਦੇ ਹਨ।