ਰਹਰਾਸਿ ਸਾਹਿਬ

(ਅੰਗ: 4)


ਸੋ ਕਿਉ ਵਿਸਰੈ ਮੇਰੀ ਮਾਇ ॥

ਹੇ ਮੇਰੀ ਮਾਂ! (ਅਰਦਾਸ ਕਰ ਕਿ) ਉਹ ਪਰਮਾਤਮਾ ਮੈਨੂੰ ਕਦੇ ਭੀ ਨਾਹ ਭੁੱਲੇ।

ਸਾਚਾ ਸਾਹਿਬੁ ਸਾਚੈ ਨਾਇ ॥੧॥ ਰਹਾਉ ॥

ਜਿਉਂ ਜਿਉਂ ਉਸ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦਾ ਨਾਮ ਸਿਮਰੀਏ, ਤਿਉਂ ਤਿਉਂ ਉਹ ਸਦਾ ਕਾਇਮ ਰਹਿਣ ਵਾਲਾ ਮਾਲਕ (ਮਨ ਵਿਚ ਆ ਵੱਸਦਾ ਹੈ) ॥੧॥ ਰਹਾਉ ॥

ਸਾਚੇ ਨਾਮ ਕੀ ਤਿਲੁ ਵਡਿਆਈ ॥

ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਰਤਾ ਜਿਤਨੀ ਭੀ ਮਹਿਮਾ…

ਆਖਿ ਥਕੇ ਕੀਮਤਿ ਨਹੀ ਪਾਈ ॥

ਬਿਆਨ ਕਰ ਕੇ (ਸਾਰੇ ਜੀਵ) ਥੱਕ ਗਏ ਹਨ (ਬਿਆਨ ਨਹੀਂ ਕਰ ਸਕਦੇ)। ਕੋਈ ਭੀ ਨਹੀਂ ਦੱਸ ਸਕਿਆ ਕਿ ਪਰਮਾਤਮਾ ਦੇ ਬਰਾਬਰ ਦੀ ਕਿਹੜੀ ਹਸਤੀ ਹੈ।

ਜੇ ਸਭਿ ਮਿਲਿ ਕੈ ਆਖਣ ਪਾਹਿ ॥

ਜੇ (ਜਗਤ ਦੇ) ਸਾਰੇ ਹੀ ਜੀਵ ਰਲ ਕੇ (ਪ੍ਰਭੂ ਦੀ ਵਡਿਆਈ) ਬਿਆਨ ਕਰਨ ਦਾ ਜਤਨ ਕਰਨ,

ਵਡਾ ਨ ਹੋਵੈ ਘਾਟਿ ਨ ਜਾਇ ॥੨॥

ਤਾਂ ਉਹ ਪ੍ਰਭੂ (ਆਪਣੇ ਅਸਲੇ ਨਾਲੋਂ) ਵੱਡਾ ਨਹੀਂ ਹੋ ਜਾਂਦਾ (ਤੇ, ਜੇ ਕੋਈ ਭੀ ਉਸ ਦੀ ਵਡਿਆਈ ਨਾਹ ਕਰੇ), ਤਾਂ ਉਹ (ਅੱਗੇ ਨਾਲੋਂ) ਘੱਟ ਨਹੀਂ ਜਾਂਦਾ। (ਉਸ ਨੂੰ ਆਪਣੀ ਸੋਭਾ ਦਾ ਲਾਲਚ ਨਹੀਂ) ॥੨॥

ਨਾ ਓਹੁ ਮਰੈ ਨ ਹੋਵੈ ਸੋਗੁ ॥

ਉਹ ਪ੍ਰਭੂ ਕਦੇ ਮਰਦਾ ਨਹੀਂ, ਨਾਹ ਹੀ (ਉਸ ਦੀ ਖ਼ਾਤਰ) ਸੋਗ ਹੁੰਦਾ ਹੈ।

ਦੇਦਾ ਰਹੈ ਨ ਚੂਕੈ ਭੋਗੁ ॥

ਉਹ ਸਦਾ (ਜੀਵਾਂ ਨੂੰ ਰਿਜ਼ਕ ਦਿੰਦਾ ਹੈ, ਉਸ ਦੀਆਂ ਦਿੱਤੀਆਂ ਦਾਤਾਂ ਦਾ ਵਰਤਣਾ ਕਦੇ ਮੁੱਕਦਾ ਨਹੀਂ (ਉਸ ਦੀਆਂ ਦਾਤਾਂ ਵਰਤਣ ਨਾਲ ਕਦੇ ਮੁਕਦੀਆਂ ਨਹੀਂ)।

ਗੁਣੁ ਏਹੋ ਹੋਰੁ ਨਾਹੀ ਕੋਇ ॥

ਉਸ ਦੀ ਵੱਡੀ ਖ਼ੂਬੀ ਇਹ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ।

ਨਾ ਕੋ ਹੋਆ ਨਾ ਕੋ ਹੋਇ ॥੩॥

(ਉਸ ਵਰਗਾ ਅਜੇ ਤਕ) ਨਾਹ ਕੋਈ ਹੋਇਆ ਹੈ, ਨਾਹ ਕਦੇ ਹੋਵੇਗਾ ॥੩॥

ਜੇਵਡੁ ਆਪਿ ਤੇਵਡ ਤੇਰੀ ਦਾਤਿ ॥

(ਹੇ ਪ੍ਰਭੂ!) ਜਿਤਨਾ ਬੇਅੰਤ ਤੂੰ ਆਪ ਹੈਂ ਉਤਨੀ ਬੇਅੰਤ ਤੇਰੀ ਬਖ਼ਸ਼ਸ਼।

ਜਿਨਿ ਦਿਨੁ ਕਰਿ ਕੈ ਕੀਤੀ ਰਾਤਿ ॥

(ਤੂੰ ਐਸਾ ਹੈਂ) ਜਿਸ ਨੇ ਦਿਨ ਬਣਾਇਆ ਹੈ ਤੇ ਰਾਤ ਬਣਾਈ ਹੈ।

ਖਸਮੁ ਵਿਸਾਰਹਿ ਤੇ ਕਮਜਾਤਿ ॥

ਜੋ (ਅਜਿਹੇ) ਖਸਮ-ਪ੍ਰਭੂ ਨੂੰ ਭੁਲਾ ਦੇਂਦੇ ਹਨ, ਉਹ ਬੰਦੇ ਨੀਵੇਂ ਜੀਵਨ ਵਾਲੇ ਬਣ ਜਾਂਦੇ ਹਨ।

ਨਾਨਕ ਨਾਵੈ ਬਾਝੁ ਸਨਾਤਿ ॥੪॥੩॥

ਹੇ ਨਾਨਕ! ਨਾਮ ਤੋਂ ਖੁੰਝੇ ਹੋਏ ਜੀਵ (ਹੀ) ਨੀਚ ਹਨ ॥੪॥੩॥{9}

ਰਾਗੁ ਗੂਜਰੀ ਮਹਲਾ ੪ ॥

ਹਰਿ ਕੇ ਜਨ ਸਤਿਗੁਰ ਸਤਪੁਰਖਾ ਬਿਨਉ ਕਰਉ ਗੁਰ ਪਾਸਿ ॥

ਹੇ ਮਹਾਪੁਰਖ ਗੁਰੂ! ਹੇ ਪ੍ਰਭੂ ਦੇ ਭਗਤ ਸਤਿਗੁਰੂ! ਮੈਂ, ਹੇ ਗੁਰੂ! ਤੇਰੇ ਅੱਗੇ ਬੇਨਤੀ ਕਰਦਾ ਹਾਂ,

ਹਮ ਕੀਰੇ ਕਿਰਮ ਸਤਿਗੁਰ ਸਰਣਾਈ ਕਰਿ ਦਇਆ ਨਾਮੁ ਪਰਗਾਸਿ ॥੧॥

ਹੇ ਸਤਿਗੁਰੂ! ਮੈਂ ਨਿਮਾਣਾ ਤੇਰੀ ਸਰਨ ਆਇਆ ਹਾਂ। ਕਿਰਪਾ ਕਰ ਕੇ (ਮੇਰੇ ਅੰਦਰ) ਪ੍ਰਭੂ ਦਾ ਨਾਮ-ਚਾਨਣ ਪੈਦਾ ਕਰ ॥੧॥

ਮੇਰੇ ਮੀਤ ਗੁਰਦੇਵ ਮੋ ਕਉ ਰਾਮ ਨਾਮੁ ਪਰਗਾਸਿ ॥

ਹੇ ਮੇਰੇ ਮਿੱਤਰ ਗੁਰੂ! ਮੈਨੂੰ ਪ੍ਰਭੂ ਦਾ ਨਾਮ-ਚਾਨਣ ਬਖ਼ਸ਼।

ਗੁਰਮਤਿ ਨਾਮੁ ਮੇਰਾ ਪ੍ਰਾਨ ਸਖਾਈ ਹਰਿ ਕੀਰਤਿ ਹਮਰੀ ਰਹਰਾਸਿ ॥੧॥ ਰਹਾਉ ॥

ਗੁਰੂ ਦੀ ਦੱਸੀ ਮਤਿ ਦੀ ਰਾਹੀਂ ਮਿਲਿਆ ਹੋਇਆ ਹਰਿ-ਨਾਮ ਮੇਰੀ ਜਿੰਦ ਦਾ ਸਾਥੀ (ਬਣਿਆ ਰਹੇ), ਪ੍ਰਭੂ ਦੀ ਸਿਫ਼ਤ-ਸਾਲਾਹ ਮੇਰੀ ਜ਼ਿੰਦਗੀ ਦੇ ਸਫ਼ਰ ਲਈ ਰਾਸਿ-ਪੂੰਜੀ ਬਣੀ ਰਹੇ ॥੧॥ ਰਹਾਉ ॥

ਹਰਿ ਜਨ ਕੇ ਵਡ ਭਾਗ ਵਡੇਰੇ ਜਿਨ ਹਰਿ ਹਰਿ ਸਰਧਾ ਹਰਿ ਪਿਆਸ ॥

ਪ੍ਰਭੂ ਦੇ ਉਹਨਾਂ ਸੇਵਕਾਂ ਦੇ ਬੜੇ ਉੱਚੇ ਭਾਗ ਹਨ ਜਿਨ੍ਹਾਂ ਦੇ ਅੰਦਰ ਪ੍ਰਭੂ ਦੇ ਨਾਮ ਵਾਸਤੇ ਸਰਧਾ ਹੈ, ਖਿੱਚ ਹੈ।