ਰਹਰਾਸਿ ਸਾਹਿਬ

(ਅੰਗ: 6)


ਸਭਿ ਜੀਅ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ॥

ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਭ ਜੀਵਾਂ ਦਾ ਰਾਜ਼ਕ ਹੈਂ।

ਹਰਿ ਧਿਆਵਹੁ ਸੰਤਹੁ ਜੀ ਸਭਿ ਦੂਖ ਵਿਸਾਰਣਹਾਰਾ ॥

ਹੇ ਸੰਤ ਜਨੋ! ਉਸ ਪਰਮਾਤਮਾ ਦਾ ਧਿਆਨ ਧਰਿਆ ਕਰੋ, ਉਹ ਸਾਰੇ ਦੁੱਖਾਂ ਦਾ ਨਾਸ ਕਰਨ ਵਾਲਾ ਹੈ।

ਹਰਿ ਆਪੇ ਠਾਕੁਰੁ ਹਰਿ ਆਪੇ ਸੇਵਕੁ ਜੀ ਕਿਆ ਨਾਨਕ ਜੰਤ ਵਿਚਾਰਾ ॥੧॥

ਉਹ (ਸਭ ਜੀਵਾਂ ਵਿਚ ਵਿਆਪਕ ਹੋਣ ਕਰਕੇ) ਆਪ ਹੀ ਮਾਲਕ ਹੈ ਅਤੇ ਆਪ ਹੀ ਸੇਵਕ ਹੈ। ਹੇ ਨਾਨਕ! ਉਸ ਤੋਂ ਬਿਨਾ) ਜੀਵ ਵਿਚਾਰੇ ਕੀਹ ਹਨ? (ਉਸ ਹਰੀ ਤੋਂ ਵੱਖਰੀ ਜੀਵਾਂ ਦੀ ਕੋਈ ਹਸਤੀ ਨਹੀਂ) ॥੧॥

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥

ਹੇ ਹਰੀ! ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ; ਤੂੰ ਸਾਰੇ ਜੀਵਾਂ ਵਿਚ ਇਕ-ਰਸ ਮੌਜੂਦ ਹੈਂ, ਤੂੰ ਇਕ ਆਪ ਹੀ ਸਭ ਵਿਚ ਸਮਾਇਆ ਹੋਇਆ ਹੈਂ।

ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥

(ਫਿਰ ਭੀ) ਕਈ ਜੀਵ ਦਾਨੀ ਹਨ, ਕਈ ਜੀਵ ਮੰਗਤੇ ਹਨ-ਇਹ ਸਾਰੇ ਤੇਰੇ ਹੀ ਅਚਰਜ ਤਮਾਸ਼ੇ ਹਨ,

ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧੁ ਬਿਨੁ ਅਵਰੁ ਨ ਜਾਣਾ ॥

(ਕਿਉਂਕਿ ਅਸਲ ਵਿਚ) ਤੂੰ ਆਪ ਹੀ ਦਾਤਾਂ ਦੇਣ ਵਾਲਾ ਹੈਂ, ਤੇ, ਆਪ (ਹੀ ਉਹਨਾਂ ਦਾਤਾਂ ਨੂੰ) ਵਰਤਣ ਵਾਲਾ ਹੈਂ। (ਸਾਰੀ ਸ੍ਰਿਸ਼ਟੀ ਵਿਚ) ਮੈਂ ਤੈਥੋਂ ਬਿਨਾ ਕਿਸੇ ਹੋਰ ਨੂੰ ਨਹੀਂ ਪਛਾਣਦਾ (ਤੈਥੋਂ ਬਿਨਾ ਕੋਈ ਹੋਰ ਨਹੀਂ ਦਿੱਸਦਾ)।

ਤੂੰ ਪਾਰਬ੍ਰਹਮੁ ਬੇਅੰਤੁ ਬੇਅੰਤੁ ਜੀ ਤੇਰੇ ਕਿਆ ਗੁਣ ਆਖਿ ਵਖਾਣਾ ॥

ਤੂੰ ਬੇਅੰਤ ਪਾਰਬ੍ਰਹਮ ਹੈਂ। ਮੈਂ ਤੇਰੇ ਕੇਹੜੇ ਕੇਹੜੇ ਗੁਣ ਗਾ ਕੇ ਦੱਸਾਂ?

ਜੋ ਸੇਵਹਿ ਜੋ ਸੇਵਹਿ ਤੁਧੁ ਜੀ ਜਨੁ ਨਾਨਕੁ ਤਿਨ ਕੁਰਬਾਣਾ ॥੨॥

ਹੇ ਪ੍ਰਭੂ! ਜੇਹੜੇ ਮਨੁੱਖ ਤੈਨੂੰ ਯਾਦ ਕਰਦੇ ਹਨ ਤੈਨੂੰ ਸਿਮਰਦੇ ਹਨ (ਤੇਰਾ) ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੨॥

ਹਰਿ ਧਿਆਵਹਿ ਹਰਿ ਧਿਆਵਹਿ ਤੁਧੁ ਜੀ ਸੇ ਜਨ ਜੁਗ ਮਹਿ ਸੁਖਵਾਸੀ ॥

ਹੇ ਪ੍ਰਭੂ ਜੀ! ਜੇਹੜੇ ਮਨੁੱਖ ਤੈਨੂੰ ਸਿਮਰਦੇ ਹਨ ਤੇਰਾ ਧਿਆਨ ਧਰਦੇ ਹਨ, ਉਹ ਬੰਦੇ ਆਪਣੀ ਜ਼ਿੰਦਗੀ ਵਿਚ ਸੁਖੀ ਵੱਸਦੇ ਹਨ।

ਸੇ ਮੁਕਤੁ ਸੇ ਮੁਕਤੁ ਭਏ ਜਿਨ ਹਰਿ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ॥

ਜਿਨ੍ਹਾਂ ਮਨੁੱਖਾਂ ਨੇ ਹਰਿ-ਨਾਮ ਸਿਮਰਿਆ ਹੈ, ਉਹ ਸਦਾ ਲਈ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਗਏ ਹਨ, ਉਹਨਾਂ ਦੀ ਜਮਾਂ ਵਾਲੀ ਫਾਹੀ ਟੁੱਟ ਗਈ ਹੈ (ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁੱਕਦੀ)।

ਜਿਨ ਨਿਰਭਉ ਜਿਨ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ ॥

ਜਿਨ੍ਹਾਂ ਬੰਦਿਆਂ ਨੇ ਸਦਾ ਨਿਰਭਉ ਪ੍ਰਭੂ ਦਾ ਨਾਮ ਸਿਮਰਿਆ ਹੈ; ਪ੍ਰਭੂ ਉਹਨਾਂ ਦਾ ਸਾਰਾ ਡਰ ਦੂਰ ਕਰ ਦੇਂਦਾ ਹੈ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਿ ਜੀ ਤੇ ਹਰਿ ਹਰਿ ਰੂਪਿ ਸਮਾਸੀ ॥

ਜਿਨ੍ਹਾਂ ਮਨੁੱਖਾਂ ਨੇ ਪਿਆਰੇ ਪ੍ਰਭੂ ਨੂੰ ਸਦਾ ਸਿਮਰਿਆ ਹੈ, ਉਹ ਪ੍ਰਭੂ ਦੇ ਰੂਪ ਵਿਚ ਹੀ ਲੀਨ ਹੋ ਗਏ ਹਨ।

ਸੇ ਧੰਨੁ ਸੇ ਧੰਨੁ ਜਿਨ ਹਰਿ ਧਿਆਇਆ ਜੀ ਜਨੁ ਨਾਨਕੁ ਤਿਨ ਬਲਿ ਜਾਸੀ ॥੩॥

ਭਾਗਾਂ ਵਾਲੇ ਹਨ ਉਹ ਮਨੁੱਖ, ਧੰਨ ਹਨ ਉਹ ਮਨੁੱਖ, ਜਿਨ੍ਹਾਂ ਪ੍ਰਭੂ ਦਾ ਨਾਮ ਸਿਮਰਿਆ ਹੈ। ਦਾਸ ਨਾਨਕ ਉਹਨਾਂ ਤੋਂ ਸਦਕੇ ਜਾਂਦਾ ਹੈ ॥੩॥

ਤੇਰੀ ਭਗਤਿ ਤੇਰੀ ਭਗਤਿ ਭੰਡਾਰ ਜੀ ਭਰੇ ਬਿਅੰਤ ਬੇਅੰਤਾ ॥

ਹੇ ਪ੍ਰਭੂ! ਤੇਰੀ ਭਗਤੀ ਦੇ ਬੇਅੰਤ ਖ਼ਜਾਨੇ ਭਰੇ ਪਏ ਹਨ।

ਤੇਰੇ ਭਗਤ ਤੇਰੇ ਭਗਤ ਸਲਾਹਨਿ ਤੁਧੁ ਜੀ ਹਰਿ ਅਨਿਕ ਅਨੇਕ ਅਨੰਤਾ ॥

ਹੇ ਹਰੀ! ਅਨੇਕਾਂ ਤੇ ਬੇਅੰਤ ਤੇਰੇ ਭਗਤ ਤੇਰੀ ਸਿਫ਼ਤ-ਸਾਲਾਹ ਕਰ ਰਹੇ ਹਨ।

ਤੇਰੀ ਅਨਿਕ ਤੇਰੀ ਅਨਿਕ ਕਰਹਿ ਹਰਿ ਪੂਜਾ ਜੀ ਤਪੁ ਤਾਪਹਿ ਜਪਹਿ ਬੇਅੰਤਾ ॥

ਹੇ ਪ੍ਰਭੂ! ਅਨੇਕਾਂ ਜੀਵ ਤੇਰੀ ਪੂਜਾ ਕਰਦੇ ਹਨ। ਬੇਅੰਤ ਜੀਵ (ਤੈਨੂੰ ਮਿਲਣ ਲਈ) ਤਪ ਸਾਧਦੇ ਹਨ।

ਤੇਰੇ ਅਨੇਕ ਤੇਰੇ ਅਨੇਕ ਪੜਹਿ ਬਹੁ ਸਿਮ੍ਰਿਤਿ ਸਾਸਤ ਜੀ ਕਰਿ ਕਿਰਿਆ ਖਟੁ ਕਰਮ ਕਰੰਤਾ ॥

ਤੇਰੇ ਅਨੇਕਾਂ (ਸੇਵਕ) ਕਈ ਸਿਮ੍ਰਿਤਿਆਂ ਅਤੇ ਸ਼ਾਸਤ੍ਰ ਪੜ੍ਹਦੇ ਹਨ (ਅਤੇ ਉਹਨਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਤੇ ਹੋਰ ਕਰਮ ਕਰਦੇ ਹਨ।

ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰਿ ਭਗਵੰਤਾ ॥੪॥

ਹੇ ਦਾਸ ਨਾਨਕ! ਉਹੀ ਭਗਤ ਭਲੇ ਹਨ (ਉਹਨਾਂ ਦੀ ਹੀ ਘਾਲ ਕਬੂਲ ਹੋਈ ਜਾਣੋ) ਜੋ ਪਿਆਰੇ ਹਰਿ-ਭਗਵੰਤ ਨੂੰ ਪਿਆਰੇ ਲੱਗਦੇ ਹਨ ॥੪॥

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਜੀ ਤੁਧੁ ਜੇਵਡੁ ਅਵਰੁ ਨ ਕੋਈ ॥

ਹੇ ਪ੍ਰਭੂ! ਤੂੰ (ਸਾਰੇ ਜਗਤ ਦਾ) ਮੂਲ ਹੈਂ, ਸਭ ਵਿਚ ਵਿਆਪਕ ਹੈਂ, ਬੇਅੰਤ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਅਤੇ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ।

ਤੂੰ ਜੁਗੁ ਜੁਗੁ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹਚਲੁ ਕਰਤਾ ਸੋਈ ॥

ਤੂੰ ਹਰੇਕ ਜੁਗ ਵਿਚ ਇਕ ਆਪ ਹੀ ਹੈਂ, ਤੂੰ ਸਦਾ ਹੀ ਆਪ ਹੀ ਆਪ ਹੈਂ, ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਸਭ ਦਾ ਪੈਦਾ ਕਰਨ ਵਾਲਾ ਹੈਂ, ਸਭ ਦੀ ਸਾਰ ਲੈਣ ਵਾਲਾ ਹੈਂ।