ਓਅੰਕਾਰੁ

(ਅੰਗ: 19)


ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥

ਗਿਣਤੀ ਦਾ ਕੀਹ ਲਾਭ? ਅਣਗਿਣਤ ਹੀ ਜੀਵ (ਖਿਮਾ-ਵਿਹੂਣੇ ਹੋ ਕੇ) ਖ਼ੁਆਰ ਹੋਏ ਹਨ।

ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥

ਜੋ ਮਨੁੱਖ ਆਪਣੇ ਮਾਲਕ-ਪ੍ਰਭੂ ਨੂੰ ਪਛਾਣਦਾ ਹੈ, ਉਹ ਖੁਲ੍ਹੇ ਦਿਲ ਵਾਲਾ ਹੋ ਜਾਂਦਾ ਹੈ, ਤੰਗ-ਦਿਲੀ (ਉਸ ਵਿਚ) ਨਹੀਂ ਰਹਿੰਦੀ।

ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥

ਗੁਰੂ ਦੇ ਸ਼ਬਦ ਦੀ ਰਾਹੀਂ ਉਹ ਟਿਕ ਜਾਂਦਾ ਹੈ (ਭਾਵ, ਜਿਗਰੇ ਵਾਲਾ ਹੋ ਜਾਂਦਾ ਹੈ); (ਹੇ ਪ੍ਰਭੂ!) ਤੂੰ ਉਸ ਨੂੰ ਪ੍ਰਤੱਖ ਦਿੱਸ ਪੈਂਦਾ ਹੈਂ, ਖਿਮਾ ਤੇ ਸੱਚ ਉਸ ਨੂੰ ਸੁਖੈਨ ਹੀ ਮਿਲ ਜਾਂਦੇ ਹਨ।

ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥

(ਹੇ ਪ੍ਰਭੂ!) ਤੂੰ ਹੀ ਉਸ ਦਾ (ਜ਼ਿੰਦਗੀ ਦੇ ਸਫ਼ਰ ਦਾ) ਖ਼ਰਚ ਬਣ ਜਾਂਦਾ ਹੈਂ, ਤੂੰ ਹੀ ਉਸ ਦਾ ਖਰਾ (ਸੱਚਾ) ਧਨ ਹੋ ਜਾਂਦਾ ਹੈਂ, ਤੂੰ ਆਪ ਹੀ ਉਸ ਦਾ ਧਿਆਨ (ਭਾਵ, ਸੁਰਤ ਦਾ ਨਿਸ਼ਾਨਾ) ਬਣ ਜਾਂਦਾ ਹੈਂ, ਤੂੰ ਆਪ ਹੀ ਉਸ ਦੇ ਸਰੀਰ ਵਿਚ (ਪ੍ਰਤੱਖ) ਵੱਸਣ ਲੱਗ ਪੈਂਦਾ ਹੈਂ।

ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥

ਉਹ ਮਨੋਂ ਤਨੋਂ ਮੂੰਹੋਂ ਸਦਾ (ਤੈਨੂੰ ਹੀ) ਜਪਦਾ ਹੈ, ਉਸ ਦੇ ਅੰਦਰ (ਤੇਰੇ) ਗੁਣ ਪੈਦਾ ਹੋ ਜਾਂਦੇ ਹਨ, ਉਸ ਦੇ ਮਨ ਵਿਚ ਧੀਰਜ ਆ ਜਾਂਦੀ ਹੈ।

ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥

(ਗੋਪਾਲ ਦੇ ਨਾਮ ਤੋਂ ਬਿਨਾ) ਦੂਜਾ ਪਦਾਰਥ ਵਿਕਾਰ (-ਰੂਪ) ਹੈ, (ਇਸ ਦੇ ਕਾਰਨ) ਜੀਵ ਹਉਮੈ ਵਿਚ ਖਪਦਾ ਖਪਾਂਦਾ ਹੈ।

ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥

(ਅਚਰਜ ਹੀ ਖੇਡ ਹੈ!) ਕਰਤਾਰ ਨੇ ਜੰਤ ਪੈਦਾ ਕਰ ਕੇ (ਹਉਮੈ) ਵਿਚ ਪਾ ਦਿੱਤੇ ਹਨ, (ਪਰ) ਉਹ ਆਪ ਬੇਅੰਤ ਕਰਤਾਰ ਵੱਖਰਾ ਹੀ ਰਹਿੰਦਾ ਹੈ ॥੪੯॥

ਸ੍ਰਿਸਟੇ ਭੇਉ ਨ ਜਾਣੈ ਕੋਇ ॥

ਕੋਈ ਜੀਵ ਸਿਰਜਣਹਾਰ-ਪ੍ਰਭੂ ਦਾ ਭੇਤ ਨਹੀਂ ਪਾ ਸਕਦਾ (ਤੇ, ਕੋਈ ਉਸ ਦੀ ਰਜ਼ਾ ਵਿਚ ਦਖ਼ਲ ਨਹੀਂ ਦੇ ਸਕਦਾ)

ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥

(ਕਿਉਂਕਿ ਜਗਤ ਵਿਚ) ਜ਼ਰੂਰ ਉਹੀ ਹੁੰਦਾ ਹੈ ਜੋ ਸਿਰਜਣਹਾਰ-ਕਰਤਾਰ ਕਰਦਾ ਹੈ।

ਸੰਪੈ ਕਉ ਈਸਰੁ ਧਿਆਈਐ ॥

(ਸਿਰਜਣਹਾਰ ਦੀ ਇਹ ਇਕ ਅਜਬ ਖੇਡ ਹੈ ਕਿ ਆਮ ਤੌਰ ਤੇ ਮਨੁੱਖ) ਧਨ ਦੀ ਖ਼ਾਤਰ ਹੀ ਪਰਮਾਤਮਾ ਨੂੰ ਧਿਆਉਂਦਾ ਹੈ,

ਸੰਪੈ ਪੁਰਬਿ ਲਿਖੇ ਕੀ ਪਾਈਐ ॥

ਤੇ ਹੁਣ ਤਕ ਦੀ ਕੀਤੀ ਮਿਹਨਤ ਦੇ ਲਿਖੇ ਅਨੁਸਾਰ ਧਨ ਮਿਲ (ਭੀ) ਜਾਂਦਾ ਹੈ।

ਸੰਪੈ ਕਾਰਣਿ ਚਾਕਰ ਚੋਰ ॥

ਧਨ ਦੀ ਖ਼ਾਤਰ ਮਨੁੱਖ ਦੂਜਿਆਂ ਦੇ ਨੌਕਰ (ਭੀ) ਬਣਦੇ ਹਨ, ਚੋਰ (ਭੀ) ਬਣਦੇ ਹਨ (ਭਾਵ, ਚੋਰੀ ਭੀ ਕਰਦੇ ਹਨ)।

ਸੰਪੈ ਸਾਥਿ ਨ ਚਾਲੈ ਹੋਰ ॥

ਪਰ ਧਨ ਕਿਸੇ ਦੇ ਨਾਲ ਨਹੀਂ ਨਿਭਦਾ, (ਮਰਨ ਤੇ) ਹੋਰਨਾਂ ਦਾ ਬਣ ਜਾਂਦਾ ਹੈ।

ਬਿਨੁ ਸਾਚੇ ਨਹੀ ਦਰਗਹ ਮਾਨੁ ॥

ਸਦਾ-ਥਿਰ ਰਹਿਣ ਵਾਲਾ ਗੋਪਾਲ (ਦੇ ਨਾਮ) ਤੋਂ ਬਿਨਾ ਉਸ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ।

ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥

ਜੋ ਮਨੁੱਖ ਪਰਮਾਤਮਾ ਦੇ ਨਾਮ ਦਾ ਰਸ ਪੀਂਦਾ ਹੈ ਉਹ (ਸੰਪੈ-ਧਨ ਦੇ ਮੋਹ ਤੋਂ) ਅੰਤ ਨੂੰ ਬਚ ਜਾਂਦਾ ਹੈ ॥੫੦॥

ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥

ਹੇ ਸਖੀ! (ਇਹ ਗੱਲ) ਵੇਖ ਵੇਖ ਕੇ ਮੈਂ ਹੈਰਾਨ ਹੋ ਰਹੀ ਹਾਂ,

ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥

ਕਿ (ਮੇਰੇ ਅੰਦਰੋਂ) 'ਹਉਂ ਹਉਂ' ਕਰਨ ਵਾਲੀ 'ਮੈਂ' ਮਰ ਗਈ ਹੈ (ਭਾਵ, 'ਹਉਮੈ' ਕਰਨ ਵਾਲੀ ਆਦਤ ਮੁੱਕ ਗਈ ਹੈ)। (ਹੁਣ ਮੇਰੀ ਸੁਰਤ) ਗੁਰ-ਸ਼ਬਦ ਵਿਚ ਜੁੜ ਰਹੀ ਹੈ, ਤੇ (ਮੇਰੇ) ਮਨ ਵਿਚ ਪ੍ਰਭੂ ਨਾਲ ਜਾਣ-ਪਛਾਣ ਬਣ ਗਈ ਹੈ।

ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥

ਮੈਂ ਬਥੇਰੇ ਹਾਰ ਹਮੇਲਾਂ ਕੰਙਣ (ਪਾ ਪਾ ਕੇ) ਸ਼ਿੰਗਾਰ ਕਰ ਕੇ ਥੱਕ ਚੁਕੀ ਸਾਂ (ਪਰ ਪ੍ਰੀਤਮ ਪ੍ਰਭੂ ਦੇ ਮਿਲਾਪ ਦਾ ਸੁਖ ਨਾਹ ਮਿਲਿਆ, ਭਾਵ, ਬਾਹਰਲੇ ਧਾਰਮਿਕ ਉੱਦਮਾਂ ਤੋਂ ਆਨੰਦ ਨਾਹ ਲੱਭਾ)

ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥

(ਹੁਣ ਜਦੋਂ 'ਹਉਮੈ' ਮੁਈ) ਪ੍ਰੀਤਮ-ਪ੍ਰਭੂ ਨੂੰ ਮਿਲ ਕੇ ਸੁਖ ਲੱਭਾ ਹੈ (ਉਸ ਦੇ ਗੁਣ ਮੇਰੇ ਹਿਰਦੇ ਵਿਚ ਆ ਵੱਸੇ ਹਨ, ਇਹੀ ਉਸ ਦੇ) ਸਾਰੇ ਗੁਣਾਂ ਦਾ ਮੇਰੇ ਗਲ ਵਿਚ ਹਾਰ ਹੈ (ਕਿਸੇ ਹੋਰ ਹਾਰ ਸਿੰਗਾਰ ਦੀ ਲੋੜ ਨਹੀਂ ਰਹੀ)।

ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥

ਹੇ ਨਾਨਕ! ਪ੍ਰਭੂ ਨਾਲ ਪ੍ਰੀਤ, ਪ੍ਰਭੂ ਨਾਲ ਪਿਆਰ, ਸਤਿਗੁਰੂ ਦੀ ਰਾਹੀਂ ਹੀ ਪੈ ਸਕਦਾ ਹੈ;