ਜਿਵੇਂ ਇਕ ਸਮੁੰਦਰ ਤੋਂ ਕਰੋੜਾਂ ਤਰੰਗਾਂ ਪੈਦਾ ਹੁੰਦੀਆਂ ਹਨ, ਪਰ ਪਾਣੀ ਦੀਆਂ ਸਾਰੀਆਂ ਲਹਿਰਾਂ ਪਾਣੀ ਹੀ ਅਖਵਾਉਂਦੀਆਂ ਹਨ;
ਤਿਵੇਂ ਉਸ ਵਿਰਾਟ ਪਰਮਾਤਮਾ ਤੋਂ ਸੂਖਮ ਅਤੇ ਸਥੂਲ (ਜੜ-ਚੇਤਨ) ਪੈਦਾ ਹੋ ਕੇ, ਉਸ ਤੋਂ ਉਪਜ ਕੇ ਫਿਰ ਉਸੇ ਵਿਚ ਸਮਾ ਜਾਂਦੇ ਹਨ ॥੧੭॥੮੭॥
ਕਿਤਨੇ ਹੀ ਕੱਛੂ ਅਤੇ ਮੱਛ ਹਨ, ਕਿਤਨੇ ਹੀ ਉਨ੍ਹਾਂ ਨੂੰ ਖਾਣ ਵਾਲੇ ਹਨ, ਕਿਤਨੇ ਹੀ ਗਰੁੜ, ਅਨਲ ਆਦਿ ਪੰਛੀ, ਖੰਭਾਂ ਵਾਲੇ ਹੋ ਕੇ ਉਡ ਜਾਣਗੇ।
ਕਿਤਨੇ ਹੀ ਆਕਾਸ਼ ਵਿਚ ਗਰੁੜ, ਅਨਲ ਆਦਿ ਪੰਛੀਆਂ ਦਾ ਭੱਛਣ ਕਰਨਗੇ ਅਤੇ ਕਿਨੇ ਹੀ ਪ੍ਰਗਟ ਹੋ ਕੇ (ਉਨ੍ਹਾਂ ਨੂੰ) ਖਾ ਕੇ ਪਚਾ ਜਾਣਗੇ।
ਕੀ ਜਲ (ਵਾਸੀ) ਕੀ ਥਲ ਵਾਸੀ ਅਤੇ ਕੀ ਆਕਾਸ਼ ਵਿਚ ਵਿਚਰਨ ਵਾਲੇ ਸਭ ਕਾਲ ਦੇ ਬਣਾਏ ਹੋਏ ਹਨ ਅਤੇ ਕਾਲ ਦੁਆਰਾ ਹੀ ਨਸ਼ਟ ਕੀਤੇ ਜਾਣਗੇ।
ਜਿਵੇਂ ਪ੍ਰਕਾਸ਼ ਅੰਧਕਾਰ ਵਿਚ ਅਤੇ ਅੰਧਕਾਰ ਪ੍ਰਕਾਸ਼ ਵਿਚ ਲੀਨ ਹੈ, ਉਸੇ ਤਰ੍ਹਾਂ ਉਸ ਤੋਂ ਪੈਦਾ ਹੋ ਕੇ ਸਭ ਉਸੇ (ਪਰਮ ਸੱਤਾ) ਵਿਚ ਸਮਾ ਜਾਣਗੇ ॥੧੮॥੮੮॥
ਕਿਤਨੇ ਹੀ ਕੂਕਦੇ ਫਿਰਦੇ ਹਨ, ਕਿਤਨੇ ਹੀ ਰੋਂਦੇ ਮਰ ਜਾਂਦੇ ਹਨ, ਕਿਤਨੇ ਹੀ ਜਲ ਵਿਚ ਡੁਬਦੇ ਹਨ ਅਤੇ ਕਿਤਨੇ ਹੀ ਅੱਗ ਵਿਚ ਸੜ ਜਾਂਦੇ ਹਨ,
ਕਿਤਨੇ ਹੀ ਗੰਗਾ-ਵਾਸੀ ਹਨ ਅਤੇ ਕਿਤਨੇ ਹੀ ਮੱਕੇ-ਮਦੀਨੇ ਦੇ ਨਿਵਾਸੀ ਹਨ ਅਤੇ ਕਿਤਨੇ ਹੀ ਉਦਾਸੀਨ ਹੋ ਕੇ ਭੌਂਦੇ ਫਿਰਦੇ ਹਨ,
ਕਿਤਨੇ ਹੀ (ਕਾਸ਼ੀ ਵਿਚ) ਆਰੇ (ਦੀ ਧਾਰ) ਸਹਿੰਦੇ ਹਨ ਅਤੇ ਕਿਤਨੇ ਹੀ ਧਰਤੀ ਵਿਚ (ਆਪਣੇ ਆਪ ਨੂੰ) ਗਡਵਾ ਲੈਂਦੇ ਹਨ ਅਤੇ ਕਿਤਨੇ ਹੀ ਸੂਲਾਂ ਦੀ ਸੇਜ (ਸੂਆ) ਉਤੇ ਚੜ੍ਹ ਕੇ ਦੁਖ ਨੂੰ ਸਹਿਨ ਕਰਦੇ ਹਨ,
ਕਿਤਨੇ ਹੀ ਆਕਾਸ਼ ਵਿਚ (ਰਿੱਧੀਆਂ ਸਿੱਧੀਆਂ ਦੀ ਸ਼ਕਤੀ ਨਾਲ) ਉਡਦੇ ਹਨ ਅਤੇ ਕਿਤਨੇ ਹੀ ਜਲ ਵਿਚ ਰਹਿੰਦੇ ਹਨ, ਕਿਤਨੇ ਹੀ ਗਿਆਨ ਤੋਂ ਸਖਣੇ ਲੋਕ ਮਚਦੀ (ਜਕ) ਅਗਨੀ ਵਿਚ ਸੜ ਮਰਦੇ ਹਨ ॥੧੯॥੮੯॥
(ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ) ਦੇਵਤੇ ਖੋਜ ਕਰ ਕਰ ਕੇ ਹਾਰ ਗਏ, ਵਿਰੋਧੀ ਭਾਵ ਨੂੰ ਪਸਾਰਨ ਵਾਲੇ ਵੱਡੇ ਵੱਡੇ ਦੈਂਤ ਹਾਰ ਗਏ, ਬੁੱਧੀਮਾਨ ਬੁੱਧੀ ਦੀਆਂ ਅਟਕਲਾਂ ਲਗਾ ਲਗਾ ਕੇ ਹਾਰ ਗਏ ਅਤੇ ਜਪ ਕਰਨ ਵਾਲੇ ਸੂਝਵਾਨ ਵੀ ਹਾਰ ਗਏ,
ਚੰਦਨ ਘਿਸਾਣ ਵਾਲੇ (ਪੁਜਾਰੀ) ਹਾਰ ਗਏ, ਉਤਮ ਸੁਗੰਧਿਤ ਪਦਾਰਥ ਲਗਾਉਣ ਵਾਲੇ ਹਾਰ ਗਏ, ਮੂਰਤੀਆਂ ('ਪਾਹਨ') ਨੂੰ ਪੂਜਣ ਵਾਲੇ ਹਾਰ ਗਏ, ਅਤੇ ਮਿੱਠੀ ਲੇਟੀ (ਦਾ ਪ੍ਰਸਾਦ) ਚੜ੍ਹਾਉਣ ਵਾਲੇ ਵੀ ਹਾਰ ਗਏ,
ਕਬਰਾਂ ਵਿਚ ਫਿਰ ਫਿਰ ਕੇ ਥਕ ਗਏ, ਮੜ੍ਹੀਆਂ ਅਤੇ ਮਠਾਂ ਨੂੰ ਮਨਾਉਣ ਵਾਲੇ ਵੀ ਹਾਰ ਗਏ, ਕੰਧਾਂ (ਵਿਚ ਲਗੀਆਂ ਹਨੂਮਾਨ ਆਦਿ ਦੀਆਂ ਮੂਰਤੀਆਂ ਨੂੰ) ਲਿੰਬਦੇ ਲਿੰਬਦੇ ਵੀ ਹਾਰ ਗਏ ਅਤੇ ਧਾਰਮਿਕ ਜਾਂ ਸੰਪ੍ਰਦਾਇਕ ਠੱਪੇ (ਛਾਪੇ) ਵੀ ਲਗਵਾ ਲਗਵਾ ਕੇ ਹਾਰ ਗਏ,
ਗੰਧਰਬ ਗਾ ਗਾ ਕੇ ਹਾਰ ਗਏ, ਸਾਰੇ ਕਿੰਨਰ (ਇਕ ਦੇਵ-ਜੂਨੀ) ਵੀ ਸਾਜ਼ ਵਜਾ ਵਜਾ ਕੇ ਹਾਰ ਗਏ, ਪੰਡਿਤ ਅਤੇ ਤਪਸਵੀ ਤਪ ਕਰ ਕਰ ਕੇ ਹਾਰ ਗਏ (ਪਰ ਪਰਮਾਤਮਾ ਨੂੰ ਪ੍ਰਾਪਤ ਨਹੀਂ ਕਰ ਸਕੇ) ॥੨੦॥੯੦॥
ਤੇਰੀ ਕ੍ਰਿਪਾ ਨਾਲ: ਭੁਜੰਗ ਪ੍ਰਯਾਤ ਛੰਦ:
(ਹੇ ਪ੍ਰਭੂ! ਤੇਰਾ ਕਿਸੇ ਨਾਲ ਨਾ ਤਾਂ ਵਿਸ਼ੇਸ਼) ਪ੍ਰੇਮ ਹੈ, ਨਾ ਤੇਰਾ ਕੋਈ ਰੰਗ ਹੈ, ਨਾ ਰੂਪ ਹੈ, ਨਾ ਰੇਖ ਹੈ,
ਨਾ (ਕਿਸੇ ਨਾਲ ਕੋਈ ਵਿਸ਼ੇਸ਼) ਮੋਹ ਹੈ, ਨਾ ਕ੍ਰੋਧ ਹੈ, ਨਾ ਧ੍ਰੋਹ ਹੈ, ਨਾ ਦ੍ਵੈਸ਼ ਹੈ,
ਨਾ (ਕੋਈ ਵਿਸ਼ੇਸ਼) ਕਰਮ ਹੈ, ਨਾ ਭਰਮ ਹੈ, ਨਾ ਜਨਮ ਹੈ, ਨਾ ਜਾਤਿ ਹੈ,
ਨਾ (ਕੋਈ ਵਿਸ਼ੇਸ਼) ਮਿਤਰ ਹੈ, ਨਾ ਵੈਰੀ ਹੈ, ਨਾ ਪਿਉ ਹੈ ਅਤੇ ਨਾ ਮਾਤਾ ਹੈ ॥੧॥੯੧॥
(ਤੇਰਾ ਕਿਸੇ ਨਾਲ ਕੋਈ ਵਿਸ਼ੇਸ਼) ਸਨੇਹ ਨਹੀਂ ਹੈ, ਨਾ ਘਰ ਹੈ, ਨਾ ਕਾਮਨਾ ਹੈ, ਨਾ ਠਿਕਾਣਾ ਹੈ,