ਨਾ ਪੁੱਤਰ ਹੈ, ਨਾ ਮਿਤਰ ਹੈ, ਨਾ ਵੈਰੀ ਹੈ, ਨਾ ਇਸਤਰੀ।
(ਤੁਸੀਂ) ਅਲੇਖ, ਅਭੇਖ, ਅਜੂਨੀ ਸਰੂਪ ਵਾਲੇ ਹੋ।
ਸਦਾ ਸਿੱਧੀ ਦੇਣ ਵਾਲੇ, ਬੁੱਧੀ ਦੇਣ ਵਾਲੇ ਅਤੇ ਮਹਾਨ ਰੂਪ ਵਾਲੇ ਹੋ ॥੨॥੯੨॥
(ਉਸ ਪ੍ਰਭੂ ਦੀ) ਕੁਝ ਕੁ ਵੀ ਰੂਪ-ਰੇਖਾ ਨਹੀਂ ਜਾਣੀ ਜਾਂਦੀ,
ਉਸ ਦਾ ਵਾਸਾ ਕਿਥੇ ਹੈ ਅਤੇ ਕਿਸ ਭੇਖ ਵਿਚ ਫਿਰਦਾ ਹੈ,
ਉਸ ਦਾ ਕੀ ਨਾਂ ਹੈ ਅਤੇ ਕਿਥੋਂ ਦਾ ਕਿਹਾ ਜਾਂਦਾ ਹੈ,
(ਉਸ ਬਾਰੇ) ਕੀ ਕਹਿ ਕੇ ਦਸਾਂ (ਕਿਉਂਕਿ ਉਹ) ਕਹਿਣੇ ਵਿਚ ਨਹੀਂ ਆਉਂਦਾ ॥੩॥੯੩॥
(ਉਸ ਨੂੰ) ਨਾ ਰੋਗ ਹੈ, ਨਾ ਸੋਗ ਹੈ, ਨਾ ਮੋਹ ਹੈ, ਨਾ ਖ਼ੁਮਾਰ ('ਮਾਤੰ') ਹੈ,
ਨਾ ਕਰਮ ਹੈ, ਨਾ ਭਰਮ ਹੈ, ਨਾ ਜਨਮ ਹੈ, ਨਾ ਜਾਤਿ ਹੈ,
(ਉਹ) ਦ੍ਵੈਸ਼-ਰਹਿਤ, ਭੇਖ ਰਹਿਤ, ਅਤੇ ਅਜੂਨੀ ਸਰੂਪ ਵਾਲਾ ਹੈ,
(ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ, ਇਕ ਰੂਪ ਵਾਲੇ ਨੂੰ ਨਮਸਕਾਰ ਹੈ ॥੪॥੯੪॥
(ਉਹ ਪਰਮ ਸੱਤਾ) ਪਰੇ ਤੋਂ ਪਰੇ ਹੈ, ਸ੍ਰੇਸ਼ਠ ਬੁੱਧੀ ('ਪ੍ਰਗਿਆ') ਨੂੰ ਪ੍ਰਕਾਸ਼ਿਤ ਕਰਨ ਵਾਲੀ ਹੈ,
ਛੇਦਨ ਤੋਂ ਰਹਿਤ, ਨਾਸ਼ ਤੋਂ ਰਹਿਤ, ਮੁੱਢ ਕਦੀਮੀ, ਦ੍ਵੈਤ ਤੋਂ ਰਹਿਤ ਅਤੇ ਅਵਿਨਾਸ਼ੀ ਹੈ।
(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ ਹੈ, ਨਾ ਰੂਪ ਹੈ ਅਤੇ ਨਾ ਹੀ ਰੰਗ,
(ਉਸ) ਮੁੱਢ ਕਦੀਮੀ ਅਤੇ ਨਾਸ਼ ਤੋਂ ਰਹਿਤ ਨੂੰ ਨਮਸਕਾਰ ਹੈ ॥੫॥੯੫॥
(ਉਸ ਨੇ) ਕ੍ਰਿਸ਼ਨ ਵਰਗੇ ਕਿਤਨੇ ਹੀ ਕਰੋੜਾਂ ਕੀੜੇ ਪੈਦਾ ਕੀਤੇ ਹਨ।
(ਪਹਿਲਾਂ) ਉਸਾਰੇ, (ਫਿਰ ਧਰਤੀ ਵਿਚ) ਗਡ ਦਿੱਤੇ, ਫਿਰ ਬਣਾਏ ਅਤੇ ਮਿਟਾ ਦਿੱਤੇ।
(ਉਹ ਪਰਮਾਤਮਾ) ਅਤਿ ਗੰਭੀਰ, ਭੈ-ਰਹਿਤ, ਆਦਿ, ਦ੍ਵੈਤ-ਰਹਿਤ ਅਵਿਨਾਸ਼ੀ ਹੈ।
(ਉਹ) ਪਰੇ ਤੋਂ ਪਰੇ, ਪਰਮ ਸ੍ਰੇਸ਼ਠ ਅਤੇ ਪੂਰਨ ਪ੍ਰਕਾਸ਼ਮਈ ਹੈ ॥੬॥੯੬॥
(ਉਸ ਪਰਮਾਤਮਾ ਨੂੰ) ਨਾ ਆਧਿ (ਮਾਨਸਿਕ ਬੀਮਾਰੀ) ਹੈ, ਨਾ ਬਿਆਧਿ (ਸ਼ਰੀਰਕ ਰੋਗ ਹੈ) (ਉਹ) ਅਤਿ ਗੰਭੀਰ (ਅਗਾਧ) ਰੂਪ ਵਾਲਾ ਹੈ,