(ਉਹ) ਅਖੰਡ ਪ੍ਰਤਾਪ ਵਾਲਾ, ਆਦਿ ਸਰੂਪ ਅਤੇ ਨਾ ਨਸ਼ਟ ਹੋਣ ਵਾਲੀ ਸੰਪੱਤੀ (ਵਿਭੂਤੀ) ਵਾਲਾ ਹੈ।
(ਉਸ ਦਾ) ਨਾ ਜਨਮ ਹੁੰਦਾ ਹੈ, ਨਾ ਮਰਨ ਹੁੰਦਾ ਹੈ, ਨਾ ਕੋਈ ਰੰਗ (ਵਰਨ) ਹੈ ਅਤੇ ਨਾ ਹੀ ਰੋਗ ਹੈ।
(ਉਹ) ਅਖੰਡ, ਪ੍ਰਚੰਡ, ਅਦੰਡ (ਜਿਸ ਨੂੰ ਦੰਡ ਨਾ ਦਿੱਤਾ ਜਾ ਸਕੇ) ਅਤੇ ਅਸਾਧ ਹੈ ॥੭॥੯੭॥
(ਉਸ ਨੂੰ) ਨਾ (ਕੋਈ ਵਿਸ਼ੇਸ਼) ਨੇਹ ਹੈ, ਨਾ (ਉਸ ਦਾ) ਕੋਈ ਘਰ, ਨਾ ਕੋਈ ਸਨੇਹੀ ਹੈ ਅਤੇ ਨਾ ਹੀ ਸਾਥੀ;
(ਉਹ) ਨਿਡਰ, ਸਾਜ-ਸਜਾਵਟ ਤੋਂ ਪਰੇ, ਪ੍ਰਚੰਡ ਅਤੇ (ਵਿਰੋਧੀਆਂ ਦਾ) ਨਾਸ਼ ਕਰਨ ਵਾਲਾ ਹੈ।
(ਉਸ ਦੀ) ਨਾ ਜਾਤਿ ਹੈ, ਨਾ ਬਰਾਦਰੀ, (ਉਸ ਦਾ) ਨਾ ਕੋਈ ਵੈਰੀ ਹੈ ਅਤੇ ਨਾ ਹੀ ਮਿਤਰ।
(ਉਹ) ਭੂਤ, ਵਰਤਮਾਨ ਅਤੇ ਭਵਿਖ ਵਿਚ ਮੌਜੂਦ ਹੈ ਅਤੇ ਨਿਰਾਕਾਰ (ਅਚਿਤ੍ਰ) ਰੂਪ ਵਾਲਾ ਹੈ ॥੮॥੯੮॥
(ਉਹ) ਨਾ ਰਾਜਾ ਹੈ, ਨਾ ਭਿਖਾਰੀ ਹੈ, (ਉਸ ਦਾ) ਨਾ ਕੋਈ ਰੂਪ ਹੈ ਨਾ ਰੇਖਾ।
(ਉਸ ਨੂੰ) ਨਾ ਕੋਈ ਲੋਭ ਹੈ, ਨਾ ਦੁਖ ਹੈ, (ਉਹ) ਸ਼ਰੀਰ (ਭੂਤ) ਰਹਿਤ ਅਤੇ ਭੇਖ-ਰਹਿਤ ਹੈ।
(ਉਸਦਾ) ਨਾ ਕੋਈ ਵੈਰੀ ਹੈ, ਨਾ ਮਿੱਤਰ, ਨਾ ਸਨੇਹ ਹੈ ਅਤੇ ਨਾ ਹੀ ਕੋਈ ਘਰ ਹੈ।
(ਉਹ) ਸਦੀਵੀ, ਹਮੇਸ਼ਾ ਸਭ ਵਿਚ ਵਿਆਪਤ ਅਤੇ ਸਭ ਨਾਲ ਸਨੇਹ ਕਰਨ ਵਾਲਾ ਹੈ ॥੯॥੯੯॥
(ਉਸ ਨੂੰ) ਨਾ ਕੋਈ ਕਾਮਨਾ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ ਅਤੇ ਨਾ ਹੀ ਮੋਹ।
(ਉਹ) ਅਜੂਨੀ, ਨਸ਼ਟ ਨਾ ਕੀਤੇ ਜਾ ਸਕਣ ਵਾਲਾ, ਮੁੱਢ ਕਦੀਮੀ, ਅਦ੍ਵੈਤ ਅਤੇ ਅਦਿਖ ਸਰੂਪ ਵਾਲਾ ਹੈ।
(ਉਹ) ਨਾ ਜੰਮਦਾ ਹੈ ਨਾ ਮਰਦਾ ਹੈ, (ਉਸ ਦਾ) ਨਾ ਕੋਈ ਰੰਗ ਹੈ, ਨਾ ਹੀ ਕਲੰਕ ਹੈ,
(ਉਸ ਨੂੰ) ਨਾ ਕੋਈ ਰੋਗ ਹੈ ਅਤੇ ਨਾ ਹੀ ਸੋਗ ਹੈ। (ਉਹ) ਅਭੈ ਅਤੇ ਵਾਦ-ਵਿਵਾਦ ਤੋਂ ਰਹਿਤ ਹੈ ॥੧੦॥੧੦੦॥
(ਉਹ) ਅਛੇਦ, ਅਭੇਦ, ਨਿਸ਼ਕਰਮਾ ਅਤੇ ਕਾਲ-ਰਹਿਤ ਹੈ;
ਅਖੰਡ, ਅਭੰਡ (ਭੰਡੇ ਜਾਣ ਤੋਂ ਉੱਚਾ) ਪ੍ਰਚੰਡ ਅਤੇ ਅਪਾਲ (ਬਿਨਾ ਕਿਸੇ ਦੁਆਰਾ ਪਾਲੇ ਜਾਣ ਵਾਲਾ) ਹੈ।
(ਉਸ ਦਾ) ਨਾ ਕੋਈ ਪਿਤਾ ਹੈ, ਨਾ ਮਾਤਾ, ਨਾ ਜਨਮ ਹੈ ਅਤੇ ਨਾ ਹੀ ਦੇਹੀ।
(ਉਸ ਦਾ) ਨਾ ਕਿਸੇ ਨਾਲ (ਕੋਈ ਵਿਸ਼ੇਸ਼) ਸਨੇਹ ਹੈ, ਨਾ ਕੋਈ ਘਰ ਹੈ, ਨਾ ਕੋਈ ਭਰਮ ਹੈ ਅਤੇ ਨਾ ਹੀ ਭਾਵਨਾ ਹੈ ॥੧੧॥੧੦੧॥
(ਉਸ ਦਾ) ਨਾ ਕੋਈ ਰੂਪ ਹੈ, ਨਾ ਹੀ (ਉਸ ਉਪਰ ਕੋਈ) ਰਾਜਾ ਹੈ, ਨਾ ਕੋਈ ਕਾਇਆ ਹੈ ਅਤੇ ਨਾ ਹੀ ਕਰਮ।