ਅਕਾਲ ਉਸਤਤ

(ਅੰਗ: 22)


ਨ ਤ੍ਰਾਸੰ ਨ ਪ੍ਰਾਸੰ ਨ ਭੇਦੰ ਨ ਭਰਮੰ ॥

(ਉਸ ਨੂੰ) ਨਾ ਕੋਈ ਡਰ ਹੈ, ਨਾ ਝਗੜਾ ਜਾਂ ਬਖੇੜਾ ਹੈ, ਨਾ ਕੋਈ ਭੇਦ ਹੈ ਅਤੇ ਨਾ ਹੀ ਭਰਮ।

ਸਦੈਵੰ ਸਦਾ ਸਿਧ ਬ੍ਰਿਧੰ ਸਰੂਪੇ ॥

(ਉਹ) ਨਿੱਤ ਹੈ, ਸਦਾ-ਸਿੱਧ ਹੈ ਅਤੇ ਬਿਰਧ ਰੂਪ ਵਾਲਾ ਹੈ।

ਨਮੋ ਏਕ ਰੂਪੇ ਨਮੋ ਏਕ ਰੂਪੇ ॥੧੨॥੧੦੨॥

(ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ, (ਉਸ) ਇਕ ਰੂਪ ਵਾਲੇ ਨੂੰ ਨਮਸਕਾਰ ਹੈ ॥੧੨॥੧੦੨॥

ਨਿਰੁਕਤੰ ਪ੍ਰਭਾ ਆਦਿ ਅਨੁਕਤੰ ਪ੍ਰਤਾਪੇ ॥

(ਹੇ ਪ੍ਰਭੂ! ਤੂੰ) ਨਾ ਕਹੀ ਜਾ ਸਕਣ ਵਾਲੀ ਪ੍ਰਭਾ ਦਾ ਸੁਆਮੀ ਹੈ, ਆਦਿ ਕਾਲ ਤੋਂ ਹੀ ਨਾ ਕਥਨ ਕੀਤੇ ਜਾ ਸਕਣ ਵਾਲੇ ਪ੍ਰਤਾਪ ਵਾਲਾ ਹੈਂ,

ਅਜੁਗਤੰ ਅਛੈ ਆਦਿ ਅਵਿਕਤੰ ਅਥਾਪੇ ॥

(ਤੂੰ ਕਿਸੇ ਹੋਰ ਦੇ ਧਿਆਨ ਨਾਲ) ਸੰਯੁਕਤ ਨਹੀਂ, (ਤੂੰ) ਨਾ ਛੇਦੇ ਜਾ ਸਕਣ ਵਾਲਾ, ਮੁੱਢ ਕਦੀਮੀ, ਵਿਕਾਰ-ਰਹਿਤ ਅਤੇ ਥਾਪਿਆ ਨਾ ਜਾ ਸਕਣ ਵਾਲਾ ਹੈਂ।

ਬਿਭੁਗਤੰ ਅਛੈ ਆਦਿ ਅਛੈ ਸਰੂਪੇ ॥

ਨਾ ਭੋਗੇ ਜਾ ਸਕਣ ਵਾਲੇ, ਨਾਸ਼ ਨਾ ਹੋ ਸਕਣ ਵਾਲੇ, ਮੁੱਢ ਕਦੀਮੀ, ਵਿਨਾਸ਼ ਤੋਂ ਉਪਰ ਸਰੂਪ ਵਾਲੇ,

ਨਮੋ ਏਕ ਰੂਪੇ ਨਮੋ ਏਕ ਰੂਪੇ ॥੧੩॥੧੦੩॥

ਇਕ ਰੂਪ ਵਾਲੇ (ਤੈਨੂੰ) ਨਮਸਕਾਰ ਹੈ, ਇਕ ਰੂਪ ਵਾਲੇ (ਤੈਨੂੰ) ਨਮਸਕਾਰ ਹੈ ॥੧੩॥੧੦੩॥

ਨ ਨੇਹੰ ਨ ਗੇਹੰ ਨ ਸੋਕੰ ਨ ਸਾਕੰ ॥

(ਹੇ ਪ੍ਰਭੂ! ਤੇਰਾ) ਨਾ ਕਿਸੇ ਨਾਲ ਸਨੇਹ ਹੈ, ਨਾ ਘਰ ਹੈ, ਨਾ ਸੋਗ ਹੈ ਅਤੇ ਨਾ ਹੀ ਸਾਕ,

ਪਰੇਅੰ ਪਵਿਤ੍ਰੰ ਪੁਨੀਤੰ ਅਤਾਕੰ ॥

(ਤੂੰ) ਪਰੇ ਤੋਂ ਪਰੇ, ਪਵਿਤਰ, ਪਾਵਨ ਅਤੇ ਸੁਤੰਤਰ (ਅਤਾਕ) ਹੈਂ।

ਨ ਜਾਤੰ ਨ ਪਾਤੰ ਨ ਮਿਤ੍ਰੰ ਨ ਮੰਤ੍ਰੇ ॥

(ਤੇਰੀ) ਨਾ ਕੋਈ ਜਾਤਿ ਹੈ, ਨਾ ਬਰਾਦਰੀ ਹੈ, ਨਾ ਮਿਤਰ ਹੈ ਅਤੇ ਨਾ ਹੀ ਸਲਾਹਕਾਰ (ਮੰਤ੍ਰੀ) ਹੈ।

ਨਮੋ ਏਕ ਤੰਤ੍ਰੇ ਨਮੋ ਏਕ ਤੰਤ੍ਰੇ ॥੧੪॥੧੦੪॥

(ਹੇ) ਇਕ-ਤੰਤ੍ਰ ਰਾਜ ਵਾਲੇ! (ਤੈਨੂੰ) ਨਮਸਕਾਰ ਹੈ, ਨਮਸਕਾਰ ਹੈ ॥੧੪॥੧੦੪॥

ਨ ਧਰਮੰ ਨ ਭਰਮੰ ਨ ਸਰਮੰ ਨ ਸਾਕੇ ॥

(ਹੇ ਪ੍ਰਭੂ! ਤੇਰਾ) ਨਾ ਧਰਮ ਹੈ, ਨਾ ਭਰਮ ਹੈ, ਨਾ ਸਾਧਨਾ ਹੈ ਅਤੇ ਨਾ ਹੀ ਸਾਕ ਸੰਬੰਧ ਹੈ।

ਨ ਬਰਮੰ ਨ ਚਰਮੰ ਨ ਕਰਮੰ ਨ ਬਾਕੇ ॥

(ਤੇਰਾ) ਨਾ ਕੋਈ ਕਵਚ ('ਬਰਮੰ') ਹੈ, ਨਾ ਢਾਲ ('ਚਰਮੰ') ਹੈ, ਨਾ ਕਰਮ ਹੈ ਅਤੇ ਨਾ ਹੀ ਡਰ (ਬਾਕ-ਫ਼ਾਰਸੀ ਸ਼ਬਦ) ਹੈ।

ਨ ਸਤ੍ਰੰ ਨ ਮਿਤ੍ਰੰ ਨ ਪੁਤ੍ਰੰ ਸਰੂਪੇ ॥

(ਤੇਰਾ) ਨਾ ਕੋਈ ਵੈਰੀ, ਹੈ, ਨਾ ਮਿਤਰ ਹੈ, ਨਾ ਪੁੱਤਰ ਹੈ, (ਤੂੰ ਅਜਿਹੇ) ਸਰੂਪ ਵਾਲਾ ਹੈਂ।

ਨਮੋ ਆਦਿ ਰੂਪੇ ਨਮੋ ਆਦਿ ਰੂਪੇ ॥੧੫॥੧੦੫॥

ਹੇ ਆਦਿ ਸਰੂਪ! (ਤੈਨੂੰ) ਨਮਸਕਾਰ ਹੈ, ਨਮਸਕਾਰ ਹੈ ॥੧੫॥੧੦੫॥

ਕਹੂੰ ਕੰਜ ਕੇ ਮੰਜ ਕੇ ਭਰਮ ਭੂਲੇ ॥

(ਹੇ ਪ੍ਰਭੂ! ਤੂੰ) ਕਿਤੇ ਕਮਲ ('ਕੰਜ') ਦੀ ਸੁਗੰਧੀ ('ਮੰਜ') ਦੇ ਭਰਮ ਵਿਚ ਭੁਲੇ (ਭੌਰੇ ਵਾਂਗ ਮੁੰਡਰਾ ਰਿਹਾ ਹੈਂ)

ਕਹੂੰ ਰੰਕ ਕੇ ਰਾਜ ਕੇ ਧਰਮ ਅਲੂਲੇ ॥

ਕਿਤੇ (ਤੂੰ) ਭਿਖਾਰੀ ਦੇ ਸੁਭਾ ਵਿਚ ਅਤੇ ਕਿਤੇ (ਤੂੰ) ਰਾਜੇ ਦੇ ਸੁਭਾ ਵਿਚ ਸਥਿਰ ਹੈਂ।

ਕਹੂੰ ਦੇਸ ਕੇ ਭੇਸ ਕੇ ਧਰਮ ਧਾਮੇ ॥

(ਤੂੰ) ਕਿਸੇ ਦੇਸ ਦੇ ਭੇਸ ਅਤੇ ਧਰਮ ਦਾ ਠਿਕਾਣਾ (ਅਰਥਾਤ ਘਰ) ਹੈਂ।

ਕਹੂੰ ਰਾਜ ਕੇ ਸਾਜ ਕੇ ਬਾਜ ਤਾਮੇ ॥੧੬॥੧੦੬॥

ਕਿਤੇ (ਤੂੰ) ਰਾਜ ਦੀ ਸਾਜ-ਸਜਾਵਟ ਹੈਂ ਅਤੇ ਕਿਤੇ (ਉਸ ਰਾਜ ਦੇ) ਬਾਜ਼ ਦਾ ਖਾਧ-ਪਦਾਰਥ (ਮਾਸ ਦਾ ਟੁਕੜਾ) ਹੈਂ ॥੧੬॥੧੦੬॥

ਕਹੂੰ ਅਛ੍ਰ ਕੇ ਪਛ੍ਰ ਕੇ ਸਿਧ ਸਾਧੇ ॥

ਕਿਤੇ (ਤੂੰ) ਅੱਖਰਾਂ ਦੇ ਉਪਸਰਗਾਂ (ਪ੍ਰਤ੍ਯਯਾਂ) ਦੁਆਰਾ ਸਿੱਧ ਕੀਤਾ ਹੋਇਆ ਹੈਂ