ਜਦ ਤਾਈਂ ਆਪਣੇ ਕਾਦਰ ਨਾਲੋਂ ਵੱਖਰੀ ਹੋਂਦ ਦੇ ਭਰਮ ਵਿਚ ਹੈ, ਤਦ ਤਾਈਂ ਆਪਣੇ ਕੀਤੇ ਪਾਪਾਂ ਤੇ ਪੁੰਨਾਂ ਦੀ ਗਿਣਤੀ ਗਿਣਦਾ ਰਹਿੰਦਾ ਹੈ (ਭਾਵ, ਇਹ ਸੋਚਦਾ ਹੈ ਕਿ 'ਮੈ' ਇਹ ਭਲੇ ਕੰਮ ਕੀਤੇ ਹਨ, 'ਮੈ' ਇਹ ਮਾੜੇ ਕੰਮ ਕੀਤੇ ਹਨ),
ਤੇ ਇਸੇ ਵਖੇਵੇਂ ਵਿਚ ਰਹਿਣ ਕਰਕੇ (ਭਾਵ, ਰੱਬ ਵਿਚ ਆਪਣਾ ਆਪ ਇਕ-ਰੂਪ ਨਾ ਕਰਨ ਕਰਕੇ) ਕਦੇ ਨਰਕ ਵਿਚ ਪੈਂਦਾ ਹੈ ਕਦੇ ਸੁਰਗ ਵਿਚ।
ਜਦ ਤਾਈਂ ਆਪਣੇ ਕਰਤਾਰ ਨਾਲੋਂ ਵੱਖਰੀ ਹੋਂਦ ਵਿਚ ਜੀਵ ਬੱਝਾ ਪਿਆ ਹੈ, ਤਦ ਤਕ ਕਦੇ ਹੱਸਦਾ ਹੈ ਕਦੇ ਰੋਂਦਾ ਹੈ (ਭਾਵ, ਆਪਣੇ ਆਪ ਨੂੰ ਕਦੇ ਸੁਖੀ ਸਮਝਦਾ ਹੈ ਕਦੇ ਦੁੱਖੀ।)
ਰੱਬ ਨਾਲੋਂ ਆਪਣੀ ਹਸਤੀ ਵੱਖਰੀ ਰੱਖਣ ਕਰ ਕੇ ਕਦੇ ਉਸ ਦਾ ਮਨ ਪਾਪਾਂ ਦੀ ਮੈਲ ਵਿਚ ਲਿਬੜ ਜਾਂਦਾ ਹੈ, ਕਦੇ ਉਹ (ਆਪਣੇ ਹੀ ਉੱਦਮ ਦੇ ਆਸਰੇ) ਉਸ ਮੈਲ ਨੂੰ ਧੋਂਦਾ ਹੈ।
ਇਸ ਵਖਰੀ ਹੋਂਦ ਵਿਚ ਗ੍ਰਸਿਆ ਹੋਇਆ ਜੀਵ ਕਦੇ ਜ਼ਾਤਪਾਤ ਦੇ ਖ਼ਿਆਲ ਵਿਚ ਪੈ ਕੇ (ਭਾਵ ਇਹ ਖ਼ਿਆਲ ਕਰ ਕੇ ਕਿ ਮੈਂ ਉੱਚੀ ਜਾਤੀ ਦਾ ਹਾਂ ਆਪਣਾ ਆਪ) ਗਵਾ ਲੈਂਦਾ ਹੈ।
ਜਿਤਨਾ ਚਿਰ ਜੀਵ ਆਪਣੀ ਵੱਖਰੀ ਹੋਂਦ ਦੀ ਚਾਰ-ਦੀਵਾਰੀ ਦੇ ਅੰਦਰ ਹੈ, ਇਹ (ਲੋਕਾਂ ਦੀ ਨਜ਼ਰ ਵਿਚ) ਕਦੇ ਮੂਰਖ (ਗਿਣਿਆ ਜਾਂਦਾ) ਹੈ ਕਦੇ ਸਿਆਣਾ।
(ਪਰ ਭਾਵੇਂ ਇਹ ਮੂਰਖ ਸਮਝਿਆ ਜਾਏ ਤੇ ਭਾਵੇਂ ਸਿਆਣਾ, ਜਦ ਤਕ ਇਸ ਹੱਦ-ਬੰਦੀ ਦੇ ਵਿਚ ਬੱਝਾ ਹੋਇਆ ਹੈ, ਇਸ ਹੱਦਬੰਦੀ ਤੋਂ ਬਾਹਰ ਹੋਣ ਦੀ, ਭਾਵ) ਮੋਖ ਮੁਕਤੀ ਦੀ ਸਮਝ ਇਸ ਨੂੰ ਨਹੀਂ ਆ ਸਕਦੀ।
ਜਦ ਤਾਈਂ ਰੱਬ ਤੋਂ ਵਿਛੋੜੇ ਦੀ ਹਾਲਤ ਵਿਚ ਹੈ, ਤਦ ਤਾਈਂ ਜੀਵ 'ਮਾਇਆ ਮਾਇਆ' (ਕੂਕਦਾ ਫਿਰਦਾ ਹੈ), ਤਦ ਤਾਈਂ ਇਸ ਉਤੇ ਮਾਇਆ ਦਾ ਪਰਭਾਵ ਪਿਆ ਹੋਇਆ ਹੈ;
ਰੱਬ ਤੋਂ ਵਿਛੜਿਆ ਰਹਿ ਕੇ ਜੀਵ ਮੁੜ ਮੁੜ ਪੈਦਾ ਹੁੰਦਾ ਹੈ।
ਜਦੋਂ ਰੱਬ ਤੋਂ ਵਿਛੋੜੇ ਵਾਲੀ ਹਾਲਤ ਨੂੰ ਸਮਝ ਲੈਂਦਾ ਹੈ, ਭਾਵ, ਜਦੋਂ ਇਸ ਨੂੰ ਸੂਝ ਪੈਂਦੀ ਹੈ ਕਿ ਮੈਂ ਆਪਣੀ ਵਖੇਵੇਂ ਵਾਲੀ ਹੱਦਬੰਦੀ ਵਿਚ ਕੈਦ ਹਾਂ, (ਰੱਬ ਨਾਲੋਂ ਟੁਟਿਆ ਪਿਆ ਹਾਂ) ਤਦੋਂ ਇਸ ਨੂੰ ਰੱਬ ਦਾ ਦਰਵਾਜ਼ਾ ਲੱਭ ਪੈਂਦਾ ਹੈ,
(ਨਹੀਂ ਤਾਂ) ਜਦ ਤਕ ਇਸ ਗਿਆਨ ਤੋਂ ਸੱਖਣਾ ਹੈ, ਤਦ ਤਾਈਂ (ਜ਼ਬਾਨੀ) ਗਿਆਨ ਦੀਆਂ ਗੱਲਾਂ ਆਖ ਆਖ ਕੇ (ਆਪਣੇ ਆਪ ਨੂੰ ਗਿਆਨਵਾਨ ਜਾਣ ਕੇ ਸਗੋਂ ਆਪਣਾ ਅੰਦਰ) ਲੂੰਹਦਾ ਹੈ।
ਹੇ ਨਾਨਕ! ਇਹ ਲੇਖ (ਭੀ) ਰੱਬ ਦੇ ਹੁਕਮ ਵਿਚ ਹੀ ਲਿਖਿਆ ਜਾਂਦਾ ਹੈ।
ਜੀਵ ਜਿਵੇਂ ਜਿਵੇਂ ਵੇਖਦੇ ਹਨ, ਤਿਹੋ ਜਿਹਾ ਉਹਨਾਂ ਦਾ ਸਰੂਪ ਬਣ ਜਾਂਦਾ ਹੈ (ਭਾਵ, ਜਿਸ ਜਿਸ ਨੀਯਤ ਨਾਲ ਦੂਜੇ ਮਨੁੱਖਾਂ ਨਾਲ ਵਰਤਦੇ ਹਨ, ਉਸੇ ਤਰ੍ਹਾਂ ਦੇ ਅੰਦਰ ਸੰਸਕਾਰ ਇਕੱਠੇ ਹੋ ਕੇ ਉਹੋ ਜਿਹਾ ਉਨ੍ਹਾਂ ਦਾ ਆਪਣਾ ਵੱਖਰਾ ਮਾਨਸਕ-ਸਰੂਪ ਬਣ ਜਾਂਦਾ ਹੈ, ਉਹੋ ਜਿਹੀ ਉਹਨਾਂ ਦੀ ਵਖਰੀ ਹਸਤੀ ਬਣ ਜਾਂਦੀ ਹੈ; ਉਹੋ ਜਿਹੀ ਉਹਨਾਂ ਦੀ 'ਹਉ' ਬਣ ਜਾਂਦੀ ਹੈ। ਹਰੇਕ ਜੀਵ ਦੀ ਇਹ ਵਖੋ ਵਖਰੀ ਹਸਤੀ, ਵਖੋ ਵਖਰੀ 'ਹਉ' ਰੱਬ ਦੇ ਹੁਕਮ ਦੇ ਅਨੁਸਾਰ ਹੀ ਬਣਦੀ ਹੈ, ਰੱਬ ਦਾ ਇਕ ਅਜਿਹਾ ਨਿਯਮ ਬੱਝਾ ਹੋਇਆ ਹੈ ਕਿ ਹਰੇਕ ਮਨੁੱਖ ਦੇ ਆਪਣੇ ਕੀਤੇ ਕਰਮਾਂ ਦੇ ਸੰਸਕਾਰ ਅਨੁਸਾਰ, ਉਸ ਦੇ ਆਲੇ ਦੁਆਲੇ ਆਪਣੇ ਹੀ ਇਹਨਾਂ ਸੰਸਕਾਰਾਂ ਦਾ ਜਾਲ ਤਣਿਆ ਜਾ ਕੇ, ਉਸ ਰੱਬੀ ਨਿਯਮ ਅਨੁਸਾਰ ਮਨੁੱਖ ਦੀ ਆਪਣੀ ਇਕ ਵਖਰੀ ਸੁਆਰਥੀ ਹਸਤੀ ਬਣ ਜਾਂਦੀ ਹੈ) ॥੧॥
'ਹਉਮੈ' ਦਾ ਸੁਭਾਉ ਇਹੀ ਹੈ (ਭਾਵ, ਜੇ ਰੱਬ ਨਾਲੋਂ ਵਖਰੀ ਅਪਣੱਤ ਬਣੀ ਰਹੇ ਤਾਂ ਉਸ ਦਾ ਸਿੱਟਾ ਇਹੀ ਨਿਲਕਦਾ ਹੈ ਕਿ ਜੀਵ) ਉਹੀ ਕੰਮ ਕਰਦੇ ਹਨ, ਜਿਨ੍ਹਾਂ ਨਾਲ ਇਹ ਵਖਰੀ ਹੋਂਦ ਟਿਕੀ ਰਹੇ।
ਇਸ ਵਖਰੀ ਹੋਂਦ ਦੇ ਬੰਧਨ ਭੀ ਇਹੀ ਹਨ (ਭਾਵ, ਵਖਰੀ ਹੋਂਦ ਦੇ ਆਸਰੇ ਕੀਤੇ ਹੋਏ ਕੰਮਾਂ ਦੇ ਸੰਸਕਾਰ ਰੂਪ ਜ਼ੰਜੀਰ ਭੀ ਇਹੀ ਹਨ, ਜਿਨ੍ਹਾਂ ਦੇ ਅੰਦਰ ਘੇਰੇ ਹੋਏ ਜੀਵ) ਮੁੜ ਮੁੜ ਜੂਨਾਂ ਵਿਚ ਪੈਂਦੇ ਹਨ।
(ਸੁਤੇ ਹੀ ਮਨ ਵਿਚ ਪ੍ਰਸ਼ਨ ਉਠਦਾ ਹੈ ਕਿ ਜੀਵ ਦਾ) ਇਹ ਅੱਡਰੀ ਹਸਤੀ ਵਾਲਾ ਭਰਮ ਕਿੱਥੋਂ ਪੈਦਾ ਹੁੰਦਾ ਹੈ ਅਤੇ ਕਿਸ ਤਰੀਕੇ ਨਾਲ ਇਹ ਦੂਰ ਹੋ ਸਕਦਾ ਹੈ।
(ਇਸ ਦਾ ਉੱਤਰ ਇਹ ਹੈ ਕਿ) ਇਹ ਵਖਰੀ ਸ਼ਖ਼ਸੀਅਤ-ਬਣਾਨ ਵਾਲਾ ਰੱਬ ਦਾ ਹੁਕਮ ਹੈ ਅਤੇ ਜੀਵ ਪਿਛਲੇ ਕੀਤੇ ਹੋਏ ਕੰਮਾਂ ਦੇ ਸੰਸਕਾਰਾਂ ਅਨੁਸਾਰ ਮੁੜ ਉਹਨਾਂ ਹੀ ਕੰਮਾਂ ਨੂੰ ਕਰਨ ਵਲ ਦੌੜਦੇ ਹਨ (ਭਾਵ, ਪਹਿਲੀ ਹੀ ਸ਼ਖ਼ਸੀਅਤ ਨੂੰ ਕਾਇਮ ਰੱਖਣ ਵਾਲੇ ਕੰਮ ਕਰਨਾ ਲੋਚਦੇ ਹਨ)।
ਇਹ ਹਉਮੈ ਇਕ ਲੰਮਾ ਰੋਗ ਹੈ, ਪਰ ਇਹ ਲਾ-ਇਲਾਜ ਨਹੀਂ ਹੈ।
ਜੇ ਪ੍ਰਭੂ ਆਪਣੀ ਮਿਹਰ ਕਰੇ, ਤਾਂ ਜੀਵ ਗੁਰੂ ਦਾ ਸ਼ਬਦ ਕਮਾਂਦੇ ਹਨ।