ਸੁਖਮਨੀ ਸਾਹਿਬ

(ਅੰਗ: 93)


ਉਬਰੈ ਰਾਖਨਹਾਰੁ ਧਿਆਇ ॥

ਜੀਵ ਬਚਦਾ ਹੀ ਰੱਖਣਹਾਰ ਪ੍ਰਭੂ ਨੂੰ ਸਿਮਰ ਕੇ ਹੈ।

ਨਿਰਭਉ ਜਪੈ ਸਗਲ ਭਉ ਮਿਟੈ ॥

ਜੋ ਮੁਨੱਖ ਨਿਰਭਉ ਅਕਾਲ ਪੁਰਖ ਨੂੰ ਜਪਦਾ ਹੈ, ਉਸ ਦਾ ਸਾਰਾ ਡਰ ਮਿਟ ਜਾਂਦਾ ਹੈ,

ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥

(ਕਿਉਂਕਿ) ਪ੍ਰਭੂ ਦੀ ਮੇਹਰ ਨਾਲ ਹੀ ਬੰਦਾ (ਡਰ ਤੋਂ) ਖ਼ਲਾਸੀ ਪਾਂਦਾ ਹੈ।

ਜਿਸੁ ਪ੍ਰਭੁ ਰਾਖੈ ਤਿਸੁ ਨਾਹੀ ਦੂਖ ॥

ਜਿਸ ਬੰਦੇ ਨੂੰ ਪ੍ਰਭੂ ਰੱਖਦਾ ਹੈ ਉਸ ਨੂੰ ਕੋਈ ਦੁੱਖ ਨਹੀਂ ਪੋਂਹਦਾ,

ਨਾਮੁ ਜਪਤ ਮਨਿ ਹੋਵਤ ਸੂਖ ॥

ਨਾਮ ਜਪਿਆਂ ਮਨ ਵਿਚ ਸੁਖ ਪੈਦਾ ਹੁੰਦਾ ਹੈ।

ਚਿੰਤਾ ਜਾਇ ਮਿਟੈ ਅਹੰਕਾਰੁ ॥

(ਨਾਮ ਸਿਮਰਿਆਂ) ਚਿੰਤਾ ਦੂਰ ਹੋ ਜਾਂਦੀ ਹੈ, ਅਹੰਕਾਰ ਮਿਟ ਜਾਂਦਾ ਹੈ,

ਤਿਸੁ ਜਨ ਕਉ ਕੋਇ ਨ ਪਹੁਚਨਹਾਰੁ ॥

ਉਸ ਮਨੁੱਖ ਦੀ ਕੋਈ ਬਰਾਬਰੀ ਹੀ ਨਹੀਂ ਕਰ ਸਕਦਾ।

ਸਿਰ ਊਪਰਿ ਠਾਢਾ ਗੁਰੁ ਸੂਰਾ ॥

ਜਿਸ ਬੰਦੇ ਦੇ ਸਿਰ ਉਤੇ ਸੂਰਮਾ ਸਤਿਗੁਰੂ (ਰਾਖਾ) ਖਲੋਤਾ ਹੋਇਆ ਹੈ,

ਨਾਨਕ ਤਾ ਕੇ ਕਾਰਜ ਪੂਰਾ ॥੭॥

ਹੇ ਨਾਨਕ! ਉਸ ਦੇ ਸਾਰੇ ਕੰਮ ਰਾਸ ਆ ਜਾਂਦੇ ਹਨ ॥੭॥

ਮਤਿ ਪੂਰੀ ਅੰਮ੍ਰਿਤੁ ਜਾ ਕੀ ਦ੍ਰਿਸਟਿ ॥

ਜਿਸ ਪ੍ਰਭੂ ਦੀ ਸਮਝ ਪੂਰਨ (infallible, ਅਭੁੱਲ) ਹੈ, ਜਿਸ ਦੀ ਨਜ਼ਰ ਵਿਚੋਂ ਅੰਮ੍ਰਿਤ ਵਰਸਦਾ ਹੈ,

ਦਰਸਨੁ ਪੇਖਤ ਉਧਰਤ ਸ੍ਰਿਸਟਿ ॥

ਉਸ ਦਾ ਦੀਦਾਰ ਕੀਤਿਆਂ ਜਗਤ ਦਾ ਉੱਧਾਰ ਹੁੰਦਾ ਹੈ।

ਚਰਨ ਕਮਲ ਜਾ ਕੇ ਅਨੂਪ ॥

ਜਿਸ ਪ੍ਰਭੂ ਦੇ ਕਮਲਾਂ (ਵਰਗੇ) ਅੱਤ ਸੋਹਣੇ ਚਰਨ ਹਨ,

ਸਫਲ ਦਰਸਨੁ ਸੁੰਦਰ ਹਰਿ ਰੂਪ ॥

ਉਸ ਦਾ ਰੂਪ ਸੁੰਦਰ ਹੈ, ਤੇ, ਉਸ ਦਾ ਦੀਦਾਰ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ।

ਧੰਨੁ ਸੇਵਾ ਸੇਵਕੁ ਪਰਵਾਨੁ ॥

ਉਸ ਦਾ ਸੇਵਕ (ਦਰਗਾਹ ਵਿਚ) ਕਬੂਲ ਹੋ ਜਾਂਦਾ ਹੈ (ਤਾਹੀਏਂ) ਉਸ ਦੀ ਸੇਵਾ ਮੁਬਾਰਿਕ ਹੈ,

ਅੰਤਰਜਾਮੀ ਪੁਰਖੁ ਪ੍ਰਧਾਨੁ ॥

ਉਹ ਅਕਾਲ ਪੁਰਖ ਘਟ ਘਟ ਦੀ ਜਾਣਨ ਵਾਲਾ ਤੇ ਸਭ ਤੋਂ ਵੱਡਾ ਹੈ।

ਜਿਸੁ ਮਨਿ ਬਸੈ ਸੁ ਹੋਤ ਨਿਹਾਲੁ ॥

ਜਿਸ ਮਨੁੱਖ ਦੇ ਹਿਰਦੇ ਵਿਚ (ਐਸਾ ਪ੍ਰਭੂ) ਵੱਸਦਾ ਹੈ ਉਹ (ਫੁੱਲ ਵਾਂਗ) ਖਿੜ ਆਉਂਦਾ ਹੈ,

ਤਾ ਕੈ ਨਿਕਟਿ ਨ ਆਵਤ ਕਾਲੁ ॥

ਉਸ ਦੇ ਨੇੜੇ ਕਾਲ (ਭੀ) ਨਹੀਂ ਆਉਂਦਾ (ਭਾਵ, ਮੌਤ ਦਾ ਡਰ ਉਸ ਨੂੰ ਪੋਂਹਦਾ ਨਹੀਂ)।

ਅਮਰ ਭਏ ਅਮਰਾ ਪਦੁ ਪਾਇਆ ॥

ਉਹ ਮਨੁੱਖ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ, ਤੇ ਸਦਾ ਕਾਇਮ ਰਹਿਣ ਵਾਲਾ ਦਰਜਾ ਹਾਸਲ ਕਰ ਲੈਂਦੇ ਹਨ,

ਸਾਧਸੰਗਿ ਨਾਨਕ ਹਰਿ ਧਿਆਇਆ ॥੮॥੨੨॥

ਹੇ ਨਾਨਕ! ਜਿਨ੍ਹਾਂ ਨੇ ਸਤਸੰਗ ਵਿਚ ਪ੍ਰਭੂ ਨੂੰ ਸਿਮਰਿਆ ਹੈ ॥੮॥

ਸਲੋਕੁ ॥