ਸੁਖਮਨੀ ਸਾਹਿਬ

(ਅੰਗ: 92)


ਗੁਨ ਗਾਵਹੁ ਪ੍ਰਭ ਪਰਮਾਨੰਦ ॥

ਪਰਮ ਖ਼ੁਸ਼ੀਆਂ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰੋ।

ਰਾਮ ਨਾਮ ਤਤੁ ਕਰਹੁ ਬੀਚਾਰੁ ॥

ਪ੍ਰਭੂ ਦੇ ਨਾਮ ਦੇ ਭੇਤ ਨੂੰ ਵਿਚਾਰਹੁ,

ਦ੍ਰੁਲਭ ਦੇਹ ਕਾ ਕਰਹੁ ਉਧਾਰੁ ॥

ਤੇ ਇਸ (ਮਨੁੱਖਾ-) ਸਰੀਰ ਦਾ ਬਚਾਉ ਕਰੋ ਜੋ ਬੜੀ ਮੁਸ਼ਕਿਲ ਨਾਲ ਮਿਲਦਾ ਹੈ।

ਅੰਮ੍ਰਿਤ ਬਚਨ ਹਰਿ ਕੇ ਗੁਨ ਗਾਉ ॥

ਅਕਾਲ ਪੁਰਖ ਦੇ ਗੁਣ ਗਾਉ ਜੋ ਅਮਰ ਕਰਨ ਵਾਲੇ ਬਚਨ ਹਨ,

ਪ੍ਰਾਨ ਤਰਨ ਕਾ ਇਹੈ ਸੁਆਉ ॥

ਜ਼ਿੰਦਗੀ ਨੂੰ (ਵਿਕਾਰਾਂ ਤੋਂ) ਬਚਾਉਣ ਦਾ ਇਹੀ ਵਸੀਲਾ ਹੈ।

ਆਠ ਪਹਰ ਪ੍ਰਭ ਪੇਖਹੁ ਨੇਰਾ ॥

ਅੱਠੇ ਪਹਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੇਖਹੁ,

ਮਿਟੈ ਅਗਿਆਨੁ ਬਿਨਸੈ ਅੰਧੇਰਾ ॥

(ਇਸ ਤਰ੍ਹਾਂ) ਅਗਿਆਨਤਾ ਮਿਟ ਜਾਏਗੀ ਤੇ (ਮਾਇਆ ਵਾਲਾ) ਹਨੇਰਾ ਨਾਸ ਹੋ ਜਾਏਗਾ।

ਸੁਨਿ ਉਪਦੇਸੁ ਹਿਰਦੈ ਬਸਾਵਹੁ ॥

(ਸਤਿਗੁਰੂ ਦਾ) ਉਪਦੇਸ਼ ਸੁਣ ਕੇ ਹਿਰਦੇ ਵਿਚ ਵਸਾਉ,

ਮਨ ਇਛੇ ਨਾਨਕ ਫਲ ਪਾਵਹੁ ॥੫॥

ਹੇ ਨਾਨਕ! (ਇਸ ਤਰ੍ਹਾਂ) ਮਨ-ਮੰਗੀਆਂ ਮੁਰਾਦਾਂ ਮਿਲਣਗੀਆਂ ॥੫॥

ਹਲਤੁ ਪਲਤੁ ਦੁਇ ਲੇਹੁ ਸਵਾਰਿ ॥

ਲੋਕ ਤੇ ਪਰਲੋਕ ਦੋਵੇਂ ਸੁਧਾਰ ਲਵੋ,

ਰਾਮ ਨਾਮੁ ਅੰਤਰਿ ਉਰਿ ਧਾਰਿ ॥

ਪ੍ਰਭੂ ਦਾ ਨਾਮ ਅੰਦਰ ਹਿਰਦੇ ਵਿਚ ਟਿਕਾਓ।

ਪੂਰੇ ਗੁਰ ਕੀ ਪੂਰੀ ਦੀਖਿਆ ॥

ਪੂਰੇ ਸਤਿਗੁਰੂ ਦੀ ਸਿੱਖਿਆ ਭੀ ਪੂਰਨ (ਭਾਵ, ਮੁਕੰਮਲ) ਹੁੰਦੀ ਹੈ,

ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ ॥

ਜਿਸ ਮਨੁੱਖ ਦੇ ਮਨ ਵਿਚ (ਇਹ ਸਿੱਖਿਆ) ਵੱਸਦੀ ਹੈ ਉਸ ਨੂੰ ਸਦਾ-ਥਿਰ ਰਹਿਣ ਵਾਲਾ ਪ੍ਰਭੂ ਸਮਝ ਆ ਜਾਂਦਾ ਹੈ।

ਮਨਿ ਤਨਿ ਨਾਮੁ ਜਪਹੁ ਲਿਵ ਲਾਇ ॥

ਮਨ ਤੇ ਸਰੀਰ ਦੀ ਰਾਹੀਂ ਲਿਵ ਜੋੜ ਕੇ ਨਾਮ ਜਪਹੁ,

ਦੂਖੁ ਦਰਦੁ ਮਨ ਤੇ ਭਉ ਜਾਇ ॥

ਦੁਖ ਦਰਦ ਅਤੇ ਮਨ ਤੋਂ ਡਰ ਦੂਰ ਹੋ ਜਾਏਗਾ।

ਸਚੁ ਵਾਪਾਰੁ ਕਰਹੁ ਵਾਪਾਰੀ ॥

ਹੇ ਵਣਜਾਰੇ ਜੀਵ! ਸੱਚਾ ਵਣਜ ਕਰਹੁ,

ਦਰਗਹ ਨਿਬਹੈ ਖੇਪ ਤੁਮਾਰੀ ॥

(ਨਾਮ ਰੂਪ ਸੱਚੇ ਵਣਜ ਨਾਲ) ਤੁਹਾਡਾ ਸੌਦਾ ਪ੍ਰਭੂ ਦੀ ਦਰਗਾਹ ਵਿਚ ਮੁੱਲ ਪਾਏਗਾ।

ਏਕਾ ਟੇਕ ਰਖਹੁ ਮਨ ਮਾਹਿ ॥

ਮਨ ਵਿਚ ਇਕ ਅਕਾਲ ਪੁਰਖ ਦਾ ਆਸਰਾ ਰੱਖੋ,

ਨਾਨਕ ਬਹੁਰਿ ਨ ਆਵਹਿ ਜਾਹਿ ॥੬॥

ਹੇ ਨਾਨਕ! ਮੁੜ ਜੰਮਣ ਮਰਨ ਦਾ ਗੇੜ ਨਹੀਂ ਹੋਵੇਗਾ ॥੬॥

ਤਿਸ ਤੇ ਦੂਰਿ ਕਹਾ ਕੋ ਜਾਇ ॥

ਉਸ ਪ੍ਰਭੂ ਤੋਂ ਪਰੇ ਕਿੱਥੇ ਕੋਈ ਜੀਵ ਜਾ ਸਕਦਾ ਹੈ?