ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਰਾਮਕਲੀ ਪਾਤਿਸ਼ਾਹੀ ੧੦:
ਹੇ ਮਨ! (ਤੂੰ) ਇਸ ਪ੍ਰਕਾਰ ਦਾ ਸੰਨਿਆਸ ਧਾਰਨ ਕਰ।
ਸਾਰੇ ਘਰਾਂ ਨੂੰ ਬਨ ਦੇ ਸਮਾਨ ਸਮਝੋ ਅਤੇ ਮਨ ਵਿਚ (ਸਦਾ) ਉਦਾਸ ਰਹੋ ॥੧॥ ਰਹਾਉ।
ਜਤ ਦੀਆਂ ਜਟਾਵਾਂ, ਯੋਗ ਦਾ ਇਸ਼ਨਾਨ ਅਤੇ ਨੇਮ ਦੇ ਨੌਂਹ ਵਧਾ ਲਵੋ।
ਗਿਆਨ ਨੂੰ ਗੁਰੂ ਧਾਰਨ ਕਰ ਕੇ ਆਪਣੇ ਆਪ ਨੂੰ ਉਪਦੇਸ਼ ਦਿਓ ਅਤੇ ਨਾਮ (ਦੇ ਸਿਮਰਨ) ਦੀ ਬਿਭੂਤ (ਸੁਆਹ) ਲਗਾਓ ॥੧॥
ਥੋੜਾ ਆਹਾਰ, ਬਹੁਤ ਥੋੜੀ ਜਿਹੀ ਨੀਂਦਰ ਅਤੇ ਦਇਆ ਤੇ ਖਿਮਾ ਨਾਲ ਪ੍ਰੀਤ ਕਰੋ।
ਸ਼ੀਲ ਅਤੇ ਸੰਤੋਖ ਨੂੰ ਸਦਾ ਨਿਭਾਂ ਅਤੇ ਤਿੰਨ ਗੁਣਾਂ ਤੋਂ ਨਿਰਲਿਪਤ ਰਹਿ ॥੨॥
ਕਾਮ, ਕ੍ਰੋਧ, ਹੰਕਾਰ, ਲੋਭ, ਹਠ, ਮੋਹ, ਨੂੰ ਮਨ ਵਿਚ ਕਦੇ ਨਾ ਲਿਆ।
ਤਦ ਹੀ ਆਤਮ ਤੱਤ ਨੂੰ ਵੇਖ ਸਕੇਂਗਾ ਅਤੇ ਪਰਮ ਪੁਰਖ (ਪਰਮਾਤਮਾ) ਨੂੰ ਪ੍ਰਾਪਤ ਕਰੇਂਗਾ ॥੩॥੧॥
ਰਾਮਕਾਲੀ ਪਾਤਸ਼ਾਹੀ ੧੦:
ਹੇ ਮਨ! ਇਸ ਤਰ੍ਹਾਂ ਦਾ ਯੋਗ ਕਮਾਓ।
ਸਚ ਦੀ ਸਿੰਗੀ, ਅਕਪਟ ਦਾ ਕੈਂਠਾ, ਧਿਆਨ ਦੀ ਵਿਭੂਤੀ ਚੜ੍ਹਾ ॥੧॥ ਰਹਾਉ।
ਆਤਮ (ਮਨ) ਨੂੰ ਵਸ ਕਰਨ ਦੀ ਹੱਥ ਵਿਚ ਕਿੰਗਰੀ ਪਕੜ ਅਤੇ ਨਾਮ ਨੂੰ ਭਿਛਿਆ (ਲੈਣ ਲਈ) ਝੋਲੀ (ਆਧਾਰ) ਬਣਾ।
ਪਰਮ ਤੱਤ (ਪਰਮਾਤਮਾ) ਨੂੰ ਪ੍ਰਾਪਤ ਕਰਨਾ ਹੀ (ਇਸ ਦੀ) ਤਾਰ ਦਾ ਵਜਣਾ ਹੋਵੇਗਾ ਅਤੇ (ਇਸ ਤੋਂ) ਪ੍ਰੇਮ ਦਾ ਰਸੀਲਾ ਰਾਗ ਨਿਕਲੇ ॥੧॥
ਪ੍ਰੇਮ ਦੀ ਲਹਿਰ (ਇਸ ਵਿਚੋਂ) ਰਾਗ ਦੀ ਤਾਨ ਵਜੋਂ ਪ੍ਰਗਟ ਹੋਵੇ ਅਤੇ ਗਿਆਨ ਗੀਤਾਂ ਦੀ ਮਰਯਾਦਾ ਹੋਵੇ।
(ਅਜਿਹੀ ਸਥਿਤੀ ਨੂੰ) ਵੇਖ ਕੇ ਦੇਵਤੇ, ਦੈਂਤ ਅਤੇ ਮੁਨੀ ਹੈਰਾਨ ਹੋ ਰਹੇ ਹੋਣ ਅਤੇ ਬਿਮਾਨਾਂ ਵਿਚ ਚੜ੍ਹ ਕੇ ਸ਼ੋਭਾ ਪ੍ਰਾਪਤ ਕਰਨ ॥੨॥
ਮਨ ਅਥਵਾ ਆਤਮਾ (ਨੂੰ ਕਾਬੂ ਕਰਨਾ) ਉਪਦੇਸ ਹੋਵੇ, ਸੰਜਮ ਨੂੰ ਧਾਰਨਾ ਭੇਸ ਹੋਵੇ ਅਤੇ ਅਜਪਾ ਜਾਪ ਕਰਨਾ ਹੀ ਜਾਪ ਹੋਵੇ।
(ਅਜਿਹੇ ਯੋਗ ਦੇ ਕਮਾਉਣ ਨਾਲ) ਕਾਇਆ ਸਦਾ ਸੋਨੇ ਵਾਂਗ ਬਣੀ ਰਹੇਗੀ ਅਤੇ ਕਦੇ ਵੀ ਕਾਲ ਨਹੀਂ ਵਿਆਪੇਗਾ ॥੩॥੨॥
ਰਾਮਕਲੀ ਪਾਤਸ਼ਾਹੀ ੧੦: