ਹੇ ਪ੍ਰਾਣੀ! ਪਰਮ ਪੁਰਖ ਦੇ ਚਰਨੀ ਲਗ ਜਾਓ।
ਮੋਹ ਦੀ ਨੀਂਦ ਵਿਚ ਕਿਸ ਲਈ ਸੌਂ ਰਹੇ ਹੋ? ਕਦੇ ਤਾਂ ਸੁਚੇਤ ਹੋ ਕੇ ਜਾਗੋ ॥੧॥ ਰਹਾਉ।
ਹੇ ਮੂਰਖ! ਹੋਰਾਂ ਨੂੰ ਕੀ ਉਪਦੇਸ਼ ਕਰਦਾ ਹੈਂ? ਤੈਨੂੰ (ਆਪ ਨੂੰ) ਉਪਦੇਸ਼ ਨਹੀਂ ਲਗਦਾ।
ਵਿਸ਼ਿਆਂ ਨੂੰ ਕਿਉਂ ਸਿੰਜ ਰਿਹਾ ਹੈਂ, ਕਦੇ ਤਾਂ ਵਿਸ਼ਿਆਂ ਦੇ ਰਸ ਨੂੰ ਤਿਆਗ ਦਿਓ ॥੧॥
ਕੇਵਲ ਕਰਮ ਕਰਨਾ ਭਰਮ ਵਰਗਾ ਹੀ ਸਮਝੋ ਅਤੇ ਧਰਮ-ਕਰਮ ਨਾਲ ਪ੍ਰੇਮ ਕਰੋ।
ਸਦਾ ਸਿਮਰਨ ਨੂੰ ਇਕਤਰ ਕਰੋ ਅਤੇ ਮਹਾਂ ਪਾਪਾਂ ਨੂੰ ਛਡ ਕੇ (ਇਨ੍ਹਾਂ ਤੋਂ) ਦੂਰ ਹੋ ਜਾਓ ॥੨॥
(ਅਜਿਹਾ ਕੰਮ ਕਰੋ) ਜਿਸ ਕਰ ਕੇ ਦੁਖ ਅਤੇ ਪਾਪ ਨਾ ਛੋਹਣ; ਅਤੇ ਕਾਲ ਜਾਲ ਨੂੰ ਸਮਝ ਸਕੋ।
ਜੇ ਸਦਾ ਸਭ ਤਰ੍ਹਾਂ ਦਾ ਸੁਖ ਚਾਹੁੰਦੇ ਹੋ, ਤਾਂ ਹਰਿ ਦੇ ਪ੍ਰੇਮ ਵਿਚ ਮਗਨ ਹੋ ਜਾਓ ॥੩॥੩॥
ਰਾਗ ਸੋਰਠ ਪਾਤਸ਼ਾਹੀ ੧੦:
ਸਹੇ ਪ੍ਰਭੂ ਜੀ! ਤੁਹਾਨੂੰ ਮੇਰੀ ਲਾਜ ਹੈ।
(ਤੁਸੀਂ) ਨੀਲ ਕੰਠ, ਨਰ ਹਰਿ, ਨਾਰਾਇਣ, ਨੀਲੇ ਬਸਤ੍ਰਾਂ ਵਾਲੇ ਅਤੇ ਬਨਵਾਰੀ ਹੋ ॥੧॥ ਰਹਾਉ।
ਹੇ ਪਰਮ ਪੁਰਖ, ਪਰਮੇਸਰ, ਸੁਆਮੀ, ਪਾਵਨ ਅਤੇ ਪੌਣ ਆਹਾਰੀ,
ਮਾਧਵ, ਮਹਾ ਜੋਤਿ ਵਾਲੇ, ਮਧੁ ਦੇ ਮਾਨ ਦਾ ਮਰਦਨ ਕਰਨ ਵਾਲੇ, ਮੁਕੰਦ, ਮੁਰਾਰੀ ॥੧॥
ਨਿਰਵਿਕਾਰ, ਨਿਰਜੁਰ (ਬੁਢਾਪੇ ਤੋਂ ਪਰੇ) ਨੀਂਦਰ-ਰਹਿਤ, ਵਿਸ਼ੇ ਵਾਸਨਾਵਾਂ ਤੋਂ ਪਰੇ, ਨਰਕ ਤੋਂ ਬਚਾਉਣ ਵਾਲੇ।
ਕ੍ਰਿਪਾ ਦੇ ਸਮੁੰਦਰ, ਤ੍ਰੈਕਾਲ ਦਰਸੀ, ਮਾੜੇ ਕਰਮਾਂ ਨੂੰ ਨਸ਼ਟ ਕਰਨ ਵਾਲੇ ॥੨॥
ਹੱਥ ਵਿਚ ਧਨੁਸ਼ ਧਾਰਨ ਕਰਨ ਵਾਲੇ, ਧੀਰਜਵਾਨ, ਧਰਤੀ ਨੂੰ ਧਾਰਨ ਕਰਨ ਵਾਲੇ, ਵਿਕਾਰਾਂ ਤੋਂ ਰਹਿਤ, ਤਲਵਾਰ ਧਾਰਨ ਕਰਨ ਵਾਲੇ!
ਮੈਂ ਮੰਦ ਬੁੱਧੀਵਾਲਾ (ਤੇਰੇ) ਚਰਨਾਂ ਦੀ ਓਟ ਵਿਚ ਆਇਆ ਹਾਂ; ਮੇਰਾ ਹੱਥ ਪਕੜ ਕੇ (ਸੰਸਾਰ ਸਾਗਰ ਤੋਂ) ਬਾਹਰ ਕਢ ਲਵੋ ॥੩॥੧॥੪॥
ਰਾਗ ਕਲਿਆਣ ਪਾਤਿਸਾਹੀ ੧੦:
ਬਿਨਾ ਕਰਤਾਰ ਦੇ (ਹੋਰ) ਕਿਸੇ ਕੀਤੇ ਹੋਏ (ਜਾਂ ਸਿਰਜੇ ਹੋਏ) ਨੂੰ ਨਾ ਮਨੋ।
(ਜੋ) ਆਦਿ, ਅਜੂਨ, ਅਜੈ, ਅਬਿਨਾਸੀ ਹੈ, ਉਸ ਨੂੰ ਪਰਮੇਸਰ ਜਾਣੋ ॥੧॥ ਰਹਾਉ।