ਕੀ ਹੋਇਆ ਜੇ ਵਿਸ਼ਣੂ (ਹਰਿ) ਨੇ ਜਗਤ ਵਿਚ ਆ ਕੇ ਦਸ ਕੁ ਦੈਂਤ ਮਾਰ ਦਿੱਤੇ ਹਨ।
ਸਾਰਿਆਂ ਨੂੰ ਬਹੁਤ ਪ੍ਰਪੰਚ (ਆਡੰਬਰ) ਵਿਖਾ ਕੇ ਆਪਣੇ ਆਪ ਨੂੰ ਬ੍ਰਹਮ ਅਖਵਾਉਣ ਲਗ ਪਿਆ ॥੧॥
(ਜੋ) ਪ੍ਰਭੂ ਸਦਾ ਭੰਨਣ ਅਤੇ ਘੜਨ ਦੀ ਸਮਰਥਾ ਰਖਦਾ ਹੈ, ਉਸ ਨੂੰ (ਵਿਸ਼ਣੂ) ਕਿਵੇਂ ਮੰਨਿਆ ਜਾ ਸਕਦਾ ਹੈ।
ਇਸ ਲਈ ਕਿ (ਉਹ) ਸਰਬ ਕਾਲ ਦੀ ਤਲਵਾਰ ਦੇ ਵਾਰ ਤੋਂ (ਆਪਣੇ ਆਪ ਨੂੰ) ਬਚਾ ਨਹੀਂ ਸਕਿਆ ॥੨॥
ਹੇ ਮੂਰਖ! ਸੁਣ। (ਉਹ) ਤੈਨੂੰ ਕਿਸ ਤਰ੍ਹਾਂ ਤਾਰੇਗਾ ਜੋ ਆਪ ਭਵਸਾਗਰ ਵਿਚ ਡੁਬਿਆ ਹੋਇਆ ਹੈ।
ਜਦੋਂ ਜਗਤ ਦੇ ਸੋਮੇਂ (ਜਗਤਾਗਰ) ਦੀ ਸ਼ਰਨ ਵਿਚ ਜਾਏਂਗਾ, ਤਦ ਹੀ ਕਾਲ ਦੀ ਫਾਹੀ ਤੋਂ ਮੁਕਤ ਹੋ ਸਕੇਂਗਾ ॥੩॥੧॥੫॥
ਖਿਆਲ ਪਾਤਿਸ਼ਾਹੀ ੧੦:
ਪਿਆਰੇ ਮਿਤਰ (ਪ੍ਰਭੂ) ਨੂੰ (ਅਸਾਂ) ਮੁਰੀਦਾਂ ਦਾ ਹਾਲ (ਜਾ ਕੇ) ਕਹਿਣਾ।
ਤੇਰੇ ਬਿਨਾ ਰਜ਼ਾਈਆਂ ਦਾ ਓੜਨਾ ਰੋਗ ਦੇ ਸਮਾਨ ਹੈ ਅਤੇ ਨਿਵਾਸ ਸਥਾਨਾਂ ਵਿਚ ਰਹਿਣਾ ਨਾਗਾਂ ਵਿਚ (ਰਹਿਣਾ ਹੈ)।
(ਤੁਹਾਡੇ ਬਿਨਾ) ਸੁਰਾਹੀ ਸੂਲ ਵਰਗੀ, ਪਿਆਲਾ ਖ਼ੰਜਰ ਦੇ ਸਮਾਨ ਅਤੇ (ਵਿਯੋਗ) ਕਸਾਈਆਂ ਦੇ ਵਿੰਗੇ ਛੁਰੇ (ਦੀ ਸਟ ਨੂੰ) ਸਹਿਨ ਕਰਨ ਦੇ ਸਮਾਨ ਹਨ।
ਯਾਰ (ਮਿਤਰ) ਦਾ ਦਿੱਤਾ ਹੋਇਆ ਸਥਰ (ਭੂਮੀ-ਆਸਨ) ਸਾਨੂੰ ਚੰਗਾ ਹੈ, (ਪਰ ਉਸ ਤੋਂ ਵਿਛੁੜ ਕੇ ਸੁਖ ਪੂਰਵਕ) ਪਿੰਡ ਵਿਚ ਸੌਣਾ ਭਠ ਵਿਚ ਰਹਿਣ ਵਰਗਾ ਹੈ ॥੧॥੧॥੬॥
ਰਾਗ ਤਿਲੰਗ ਕਾਫੀ ਪਾਤਿਸ਼ਾਹੀ ੧੦:
ਕੇਵਲ ਕਾਲ ਹੀ ਸਭ ਦਾ ਕਰਤਾ ਹੈ।
ਆਦਿ ਤੋਂ ਅੰਤ ਤਕ ਅਨੰਤ ਮੂਰਤਾਂ ਬਣਾਉਣ ਅਤੇ ਭੰਨਣ ਵਾਲਾ ਹੈ ॥੧॥ ਰਹਾਉ।
ਜਿਸ ਲਈ ਨਿੰਦਿਆ ਅਤੇ ਉਸਤਤ ਇਕ ਸਮਾਨ ਹੈ ਅਤੇ (ਜਿਸ ਦਾ) ਕੋਈ ਵੈਰੀ ਜਾਂ ਮਿਤਰ ਨਹੀਂ ਹੈ।
ਉਸ ਨੂੰ ਕਿਹੜੀ ਔਖ ਆ ਬਣੀ ਸੀ ਕਿ ਉਹ ਅਰਜਨ (ਪਥਪਾਰਥ) ਦਾ ਰਥਵਾਨ ਬਣਿਆ ਸੀ ॥੧॥
ਜਿਸ ਮੁਕੰਦ ਦਾ ਨਾ ਪਿਤਾ ਹੈ, ਨਾ ਮਾਤਾ, ਨਾ ਕੋਈ ਜਾਤਿ ਹੈ, ਨਾ ਕੋਈ ਪੁੱਤਰ ਪੋਤਰਾ ਹੈ।
(ਫਿਰ ਉਹ) ਆ ਕੇ ਕਿਸ ਵਾਸਤੇ ਦੇਵਕੀ ਦਾ ਪੁੱਤਰ ਅਖਵਾਇਆ ਹੈ ॥੨॥
ਜਿਸਨੇ ਦੇਵਤੇ, ਦੈਂਤ, ਦਿਸ਼ਾ-ਵਿਦਿਸ਼ਾ ਅਤੇ ਸਾਰਾ ਖੇਲ ਪਸਾਰਾ ਕੀਤਾ ਹੈ।
ਉਸ ਦੀ ਕਿਹੜੀ ਉਪਮਾ ਹੋਈ ਜੇ (ਉਸਨੂੰ) ਮੁਖ ਤੋਂ ਮੁਰਾਰੀ ਕਿਹਾ ਜਾਏ ॥੩॥੧॥੭॥