ਸ਼ਬਦ ਹਜ਼ਾਰੇ ਪਾਤਿਸ਼ਾਹੀ ੧੦

(ਅੰਗ: 4)


ਰਾਗ ਬਿਲਾਵਲ ਪਾਤਿਸਾਹੀ ੧੦ ॥

ਰਾਗ ਬਿਲਾਵਲ ਪਾਤਸ਼ਾਹੀ ੧੦:

ਸੋ ਕਿਮ ਮਾਨਸ ਰੂਪ ਕਹਾਏ ॥

ਉਸਨੂੰ ਕਿਸ ਤਰ੍ਹਾਂ ਮਨੁੱਖ ਰੂਪ ਵਾਲਾ ਕਿਹਾ ਜਾ ਸਕਦਾ ਹੈ।

ਸਿਧ ਸਮਾਧ ਸਾਧ ਕਰ ਹਾਰੇ ਕ੍ਯੋਹੂੰ ਨ ਦੇਖਨ ਪਾਏ ॥੧॥ ਰਹਾਉ ॥

(ਜਿਸ ਦੇ ਦਰਸ਼ਨ ਕਰਨ ਲਈ) ਸਿੱਧ ਲੋਗ ਸਮਾਧੀ ਲਗਾ ਲਗਾ ਕੇ ਹਾਰ ਗਏ ਹਨ (ਪਰ) ਕਿਵੇਂ ਵੀ ਵੇਖ ਨਹੀਂ ਸਕੇ ॥੧॥ ਰਹਾਉ।

ਨਾਰਦ ਬਿਆਸ ਪਰਾਸਰ ਧ੍ਰੂਅ ਸੇ ਧਿਆਵਤ ਧਿਆਨ ਲਗਾਏ ॥

ਨਾਰਦ, ਬਿਆਸ, ਪਰਾਸ਼ਰ ਅਤੇ ਧਰੂ ਵਰਗੇ (ਜਿਸਦਾ) ਧਿਆਨ ਲਗਾ ਕੇ ਧਿਆਉਂਦੇ ਰਹੇ ਹਨ।

ਬੇਦ ਪੁਰਾਨ ਹਾਰ ਹਠ ਛਾਡਿਓ ਤਦਪਿ ਧਿਆਨ ਨ ਆਏ ॥੧॥

ਵੇਦਾਂ ਅਤੇ ਪੁਰਾਨਾਂ ਨੇ ਹਾਰ ਕੇ ਹਠ ਛਡ ਦਿੱਤਾ ਹੈ, ਪਰ ਫਿਰ ਵੀ (ਉਨ੍ਹਾਂ ਦੇ) ਧਿਆਨ ਵਿਚ ਨਹੀਂ ਆਇਆ ॥੧॥

ਦਾਨਵ ਦੇਵ ਪਿਸਾਚ ਪ੍ਰੇਤ ਤੇ ਨੇਤਹ ਨੇਤ ਕਹਾਏ ॥

ਦਾਨਵ, ਦੇਵਤੇ, ਪਿਸ਼ਾਚ, ਪ੍ਰੇਤ ਵੀ ਉਸ ਨੂੰ ਨੇਤਿ ਨੇਤਿ (ਬੇਅੰਤ ਬੇਅੰਤ) ਕਹਿੰਦੇ ਹਨ।

ਸੂਛਮ ਤੇ ਸੂਛਮ ਕਰ ਚੀਨੇ ਬ੍ਰਿਧਨ ਬ੍ਰਿਧ ਬਤਾਏ ॥੨॥

ਸੂਖਮ ਤੋਂ ਸੂਖਮ (ਉਹੀ) ਜਾਣਿਆ ਜਾਂਦਾ ਹੈ ਅਤੇ ਵੱਡੇ ਤੋਂ ਵੱਡਾ ਵੀ ਉਹੀ ਦਸਿਆ ਜਾਂਦਾ ਹੈ ॥੨॥

ਭੂਮ ਅਕਾਸ ਪਤਾਲ ਸਭੈ ਸਜਿ ਏਕ ਅਨੇਕ ਸਦਾਏ ॥

ਧਰਤੀ, ਆਕਾਸ਼, ਪਾਤਾਲ ਆਦਿ ਸਭ ਨੂੰ ਬਣਾ ਕੇ ਉਹ ਇਕ ਤੋਂ ਅਨੇਕ ਰੂਪਾਂ ਵਾਲਾ ਸਦਵਾਇਆ ਹੈ।

ਸੋ ਨਰ ਕਾਲ ਫਾਸ ਤੇ ਬਾਚੇ ਜੋ ਹਰਿ ਸਰਣਿ ਸਿਧਾਏ ॥੩॥੧॥੮॥

ਓਹੀ ਪੁਰਸ਼ ਕਾਲ ਦੀ ਫਾਹੀ ਤੋਂ ਬਚ ਸਕਦਾ ਹੈ ਜੋ ਹਰਿ ਦੀ ਸ਼ਰਨ ਵਿਚ ਜਾਂਦਾ ਹੈ ॥੩॥੧॥੮॥

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥

ਰਾਗ ਦੇਵ ਗੰਧਾਰੀ ਪਾਤਿਸ਼ਾਹੀ ੧੦:

ਇਕ ਬਿਨ ਦੂਸਰ ਸੋ ਨ ਚਿਨਾਰ ॥

ਇਕ ਪਰਮਾਤਮਾ ਤੋਂ ਬਿਨਾ (ਕਿਸੇ) ਦੂਜੇ ਨੂੰ ਨਾ ਪਛਾਣੋ।

ਭੰਜਨ ਗੜਨ ਸਮਰਥ ਸਦਾ ਪ੍ਰਭ ਜਾਨਤ ਹੈ ਕਰਤਾਰ ॥੧॥ ਰਹਾਉ ॥

(ਜੋ) ਪ੍ਰਭੂ ਸਦਾ ਘੜਨ ਅਤੇ ਭੰਨਣ ਦੇ ਸਮਰਥ ਹੈ, ਉਹ ਕਰਤਾਰ ਸਭ ਕੁਝ ਜਾਣਦਾ ਹੈ ॥੧॥ ਰਹਾਉ।

ਕਹਾ ਭਇਓ ਜੋ ਅਤ ਹਿਤ ਚਿਤ ਕਰ ਬਹੁ ਬਿਧ ਸਿਲਾ ਪੁਜਾਈ ॥

ਕੀ ਹੋਇਆ ਜੇ ਬਹੁਤ ਹਿਤ ਚਿਤ ਨਾਲ ਬਹੁਤ ਤਰ੍ਹਾਂ ਪਥਰਾਂ ਦੀ ਪੂਜਾ ਕੀਤੀ ਹੈ।

ਪ੍ਰਾਨ ਥਕਿਓ ਪਾਹਿਨ ਕਹ ਪਰਸਤ ਕਛੁ ਕਰਿ ਸਿਧ ਨ ਆਈ ॥੧॥

ਪੱਥਰਾਂ ਨੂੰ ਪੂਜਦਿਆਂ ਪੂਜਦਿਆਂ ਪ੍ਰਾਣ ਥਕ ਗਏ ਹਨ (ਅਰਥਾਤ ਜੀਵਨ ਦਾ ਅੰਤ ਹੋ ਗਿਆ ਹੈ) ਪਰ (ਅਜੇ ਤਕ) ਕੋਈ ਸਿੱਧੀ ਹੱਥ ਨਹੀਂ ਲਗੀ ॥੧॥

ਅਛਤ ਧੂਪ ਦੀਪ ਅਰਪਤ ਹੈ ਪਾਹਨ ਕਛੂ ਨ ਖੈਹੈ ॥

ਚਾਵਲ, ਧੂਪ ਅਤੇ ਦੀਪਕ ਆਦਿ ਅਰਪਿਤ ਕੀਤੇ ਹਨ, (ਪਰ) ਪੱਥਰ ਕੁਝ ਨਹੀਂ ਖਾਂਦਾ।

ਤਾ ਮੈਂ ਕਹਾਂ ਸਿਧ ਹੈ ਰੇ ਜੜ ਤੋਹਿ ਕਛੂ ਬਰ ਦੈਹੈ ॥੨॥

ਹੇ ਮੂਰਖ! ਉਸ ਵਿਚ ਕੀ ਸਿੱਧੀ ਹੈ ਜੋ ਤੈਨੂੰ ਕੁਝ ਵਰ ਦੇਵੇਗਾ ॥੨॥

ਜੌ ਜੀਯ ਹੋਤ ਤੌ ਦੇਤ ਕਛੂ ਤੁਹਿ ਕਰ ਮਨ ਬਚ ਕਰਮ ਬਿਚਾਰ ॥

ਤੂੰ ਮਨ, ਬਾਣੀ ਅਤੇ ਕਰਮ ਕਰਕੇ ਵਿਚਾਰ ਲੈ ਕਿ ਜੇ ਉਸ ਵਿਚ ਜੀਵਨ ਹੁੰਦਾ ਤਾਂ ਤੈਨੂੰ ਕੁਝ ਜ਼ਰੂਰ ਦਿੰਦਾ।

ਕੇਵਲ ਏਕ ਸਰਣਿ ਸੁਆਮੀ ਬਿਨ ਯੌ ਨਹਿ ਕਤਹਿ ਉਧਾਰ ॥੩॥੧॥੯॥

ਕੇਵਲ ਇਕ ਸੁਆਮੀ ਦੀ ਸ਼ਰਨ ਵਿਚ ਜਾਣ ਤੋਂ ਬਿਨਾ (ਹੋਰ) ਕਿਸੇ ਤਰ੍ਹਾਂ ਵੀ (ਤੇਰਾ) ਉਧਾਰ ਨਹੀਂ ਹੋਵੇਗਾ ॥੩॥੧॥੯॥

ਰਾਗ ਦੇਵਗੰਧਾਰੀ ਪਾਤਿਸਾਹੀ ੧੦ ॥

ਰਾਗ ਦੇਵਗੰਧਾਰੀ ਪਾਤਿਸ਼ਾਹੀ ੧੦:

ਬਿਨ ਹਰਿ ਨਾਮ ਨ ਬਾਚਨ ਪੈਹੈ ॥

(ਕੋਈ ਵੀ) ਹਰਿ ਨਾਮ ਤੋਂ ਬਿਨਾ (ਕਾਲ ਤੋਂ) ਬਚ ਨਹੀਂ ਸਕੇਗਾ।