ਗੁਰੂ (ਅਮਰਦਾਸ ਜੀ) ਨੇ ਬੈਠ ਕੇ ਆਪਣੀ ਮਰਜ਼ੀ ਨਾਲ (ਸਾਰੇ) ਪਰਵਾਰ ਨੂੰ ਸੱਦ ਘੱਲਿਆ; (ਤੇ ਆਖਿਆ-)
ਮਤਾਂ ਮੇਰੇ ਪਿਛੋਂ ਕੋਈ ਰੋਵੇ, ਮੈਨੂੰ ਉਹ (ਰੋਣ ਵਾਲਾ) ਉੱਕਾ ਹੀ ਚੰਗਾ ਨਹੀਂ ਲੱਗਣਾ।
ਜਿਸ ਮਨੁੱਖ ਨੂੰ ਆਪਣੇ ਮਿਤ੍ਰ ਦੀ ਵਡਿਆਈ (ਹੁੰਦੀ) ਚੰਗੀ ਲੱਗਦੀ ਹੈ, ਉਹ ਖ਼ੁਸ਼ ਹੁੰਦਾ ਹੈ (ਜਦੋਂ) ਉਸ ਦੇ ਮਿਤ੍ਰ ਨੂੰ ਆਦਰ ਮਿਲਦਾ ਹੈ।
ਤੁਸੀ ਭੀ, ਹੇ ਮੇਰੇ ਪੁਤਰੋ ਤੇ ਭਰਾਵੋ! (ਹੁਣ) ਵਿਚਾਰ ਕੇ ਵੇਖ ਲਵੋ ਕਿ ਅਕਾਲ ਪੁਰਖ ਗੁਰੂ ਨੂੰ ਆਦਰ ਦੇ ਰਿਹਾ ਹੈ (ਇਸ ਵਾਸਤੇ ਤੁਸੀ ਭੀ ਖ਼ੁਸ਼ ਹੋਵੋ)।
(ਇਹ ਉਪਦੇਸ਼ ਦੇ ਕੇ, ਫਿਰ) ਗੁਰੂ (ਅਮਰਦਾਸ ਜੀ) ਨੇ ਸਰੀਰਕ ਜਾਮੇ ਵਿਚ ਹੁੰਦਿਆਂ ਹੀ ਬੈਠ ਕੇ ਆਪ ਗੁਰਿਆਈ ਦੀ ਗੱਦੀ (ਭੀ) ਥਾਪ ਦਿੱਤੀ,
(ਅਤੇ) ਸਾਰੇ ਸਿੱਖਾਂ ਨੂੰ, ਸਾਕਾਂ-ਅੰਗਾਂ ਨੂੰ, ਪੁਤ੍ਰਾਂ ਨੂੰ, ਅਤੇ ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ ॥੪॥
ਜੋਤੀ ਜੋਤਿ ਸਮਾਣ ਵੇਲੇ ਗੁਰੂ ਅਮਰਦਾਸ ਜੀ ਨੇ ਆਖਿਆ, ਮੇਰੇ ਪਿੱਛੋਂ ਨਿਰੋਲ ਕੀਰਤਨ ਕਰਿਓ,
ਕੇਸੋ ਗੋਪਾਲ (ਅਕਾਲ ਪੁਰਖ) ਦੇ ਪੰਡਿਤਾਂ ਨੂੰ ਸੱਦ ਘੱਲਿਓ, ਜੋ (ਆ ਕੇ) ਅਕਾਲ ਪੁਰਖ ਦੀ ਕਥਾ ਵਾਰਤਾ-ਰੂਪ ਪੁਰਾਣ ਪੜ੍ਹਨ।
(ਚੇਤਾ ਰੱਖਿਓ, ਮੇਰੇ ਪਿੱਛੋਂ) ਅਕਾਲ ਪੁਰਖ ਦੀ ਕਥਾ (ਹੀ) ਪੜ੍ਹਨੀ ਚਾਹੀਦੀ ਹੈ, ਅਕਾਲ ਪੁਰਖ ਦਾ ਨਾਮ ਹੀ ਸੁਣਨਾ ਚਾਹੀਦਾ ਹੈ, ਬੇਬਾਣ ਭੀ ਗੁਰੂ ਨੂੰ (ਕੇਵਲ) ਅਕਾਲ ਪੁਰਖ ਦਾ ਪਿਆਰ ਹੀ ਚੰਗਾ ਲੱਗਦਾ ਹੈ।
ਗੁਰੂ (ਤਾਂ) ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ-ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦਾ ਹੈ।
ਅਕਾਲ ਪੁਰਖ ਨੂੰ ਪਿਆਰੇ ਲੱਗੇ ਹੋਏ ਗੁਰੂ ਨੇ (ਉਸ ਵੇਲੇ) ਇਉਂ ਆਖਿਆ। ਸਤਿਗੁਰੂ ਨੂੰ ਸੁਜਾਣ ਅਕਾਲ ਪੁਰਖ ਮਿਲ ਪਿਆ।
ਗੁਰੂ ਅਮਰਦਾਸ ਜੀ ਨੇ ਸੋਢੀ (ਗੁਰੂ) ਰਾਮਦਾਸ ਜੀ ਨੂੰ (ਗੁਰਿਆਈ ਦਾ) ਤਿਲਕ (ਅਤੇ) ਗੁਰੂ ਦਾ ਸ਼ਬਦ-ਰੂਪ ਸੱਚੀ ਰਾਹਦਾਰੀ ਬਖ਼ਸ਼ੀ ॥੫॥
ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ (ਕਿ ਸਾਰੇ ਗੁਰੂ ਰਾਮਦਾਸ ਜੀ ਦੇ ਚਰਨੀਂ ਲੱਗਣ, ਤਾਂ) ਗੁਰਸਿੱਖਾਂ ਨੇ (ਗੁਰੂ ਅਮਰਦਾਸ ਜੀ ਦਾ) ਹੁਕਮ ਮੰਨ ਲਿਆ।
(ਸਭ ਤੋਂ ਪਹਿਲਾਂ) (ਗੁਰੂ ਅਮਰਦਾਸ ਜੀ ਦੇ) ਪੁੱਤ੍ਰ (ਬਾਬਾ) ਮੋਹਰੀ ਜੀ ਗੁਰੂ ਰਾਮਦਾਸ ਜੀ ਦੇ ਪੈਰਾਂ ਤੇ ਪੈ ਕੇ (ਪਿਤਾ ਦੇ) ਸਾਮ੍ਹਣੇ ਸੁਰਖ਼ਰੂ ਹੋ ਕੇ ਆ ਖਲੋਤੇ।
ਗੁਰੂ ਰਾਮਦਾਸ ਜੀ ਵਿਚ ਗੁਰੂ (ਅਮਰਦਾਸ ਜੀ) ਨੇ ਆਪਣੀ ਆਤਮਾ ਟਿਕਾ ਦਿੱਤੀ, (ਇਸ ਵਾਸਤੇ) ਸਾਰੀ ਲੋਕਾਈ ਗੁਰੂ (ਰਾਮਦਾਸ ਜੀ) ਦੀ ਪੈਰੀਂ ਆ ਪਈ।
ਜੇ ਕੋਈ ਨਿੰਦਾ ਕਰ ਕੇ (ਪਹਿਲਾਂ) ਨਹੀਂ ਸੀ ਭੀ ਨਿਂਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਲਿਆ ਕੇ ਆ ਪੈਰੀਂ ਪਾਇਆ।
ਅਕਾਲ ਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ (ਇਹੀ) ਚੰਗਾ ਲੱਗਾ, (ਉਹਨਾਂ ਗੁਰੂ ਰਾਮਦਾਸ ਜੀ ਨੂੰ) ਵਡਿਆਈ ਬਖ਼ਸ਼ੀ; ਧੁਰੋਂ ਅਕਾਲ ਪੁਰਖ ਦਾ ਇਹੀ ਹੁਕਮ ਲਿਖਿਆ ਆਇਆ ਸੀ;
ਸੁੰਦਰ ਆਖਦਾ ਹੈ ਕਿ ਹੇ ਸੰਤਹੁ! ਸੁਣੋ, (ਇਸ ਵਾਸਤੇ) ਸਾਰਾ ਜਗਤ (ਗੁਰੂ ਰਾਮਦਾਸ ਜੀ ਦੀ) ਪੈਰੀਂ ਪਿਆ ॥੬॥੧॥