ਹੱਥ ਨਾਲ ਡੁਗਡੁਗੀ ਵਜਾਉਣ ਵਾਲੀ, ਸ਼ੇਰ ਨੂੰ ਬੁਕਾਉਣ ਵਾਲੀ, ਫੜਕਦੀਆਂ ਬਾਂਹਵਾਂ ਵਾਲੀ ਅਤੇ ਸ਼ੁੱਧ ਚਾਲ ਵਾਲੀ,
ਮਹਿਖਾਸੁਰ ਦਾ ਮਰਦਨ ਕਰਨ ਵਾਲੀ ਅਤੇ ਆਦਿ ਅਨਾਦਿ ਜੁਗਾਦਿ (ਇਕ-ਸਮਾਨ) ਮਤ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੮॥੨੨੮॥
(ਹੇ) ਚਿੱਛਰ ਦੈਂਤ ਨੂੰ ਮਾਰਨ ਵਾਲੀ, ਨਰਕਾਂ ਤੋਂ ਬਚਾਉਣ ਵਾਲੀ, ਪਤਿਤਾਂ ਦਾ ਉੱਧਾਰ ਕਰਨ ਵਾਲੀ, ਸੁਭਟ ਸ਼ਕਤੀ ਵਾਲੀ,
ਪਾਪਾਂ ਨੂੰ ਨਸ਼ਟ ਕਰਨ ਵਾਲੀ, ਦੁਸ਼ਟਾਂ ਨੂੰ ਚੰਡਣ ਵਾਲੀ, ਨਾ ਖੰਡਿਤ ਹੋ ਸਕਣ ਵਾਲਿਆਂ ਦਾ ਖੰਡਨ ਕਰਨ ਵਾਲੀ ਅਤੇ ਮ੍ਰਿਤੂ ਨੂੰ ਵੀ ਕਟਣ ਵਾਲੀ,
ਚੰਦ੍ਰਮਾ ਨਾਲੋਂ ਵੀ ਸੁੰਦਰ ਮੁਖ ਵਾਲੀ, ਨਰਕਾਂ ਤੋਂ ਛੁਟਕਾਰਾ ਦਿਵਾਉਣ ਵਾਲੀ, ਪਾਪੀਆਂ ਨੂੰ ਤਾਰਨ ਵਾਲੀ, ਮੁੰਡ ਦੈਂਤ ਦਾ ਵਿਨਾਸ਼ ਕਰਨ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ, ਧੂਮ੍ਰਲੋਚਨ ਦਾ ਵਿਨਾਸ਼ ਕਰਨ ਵਾਲੀ, ਆਦਿ ਕਾਲ ਤੋਂ ਇਸੇ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੧੯॥੨੨੯॥
(ਹੇ) ਰਕਤ ਬੀਜ ਰਾਖਸ਼ ਨੂੰ ਮਾਰਨ ਵਾਲੀ, ਚੰਡ ਦੈਂਤ ਨੂੰ ਚੀਰਨ ਵਾਲੀ, ਦਾਨਵਾਂ ਨੂੰ ਦਲਣ ਵਾਲੀ, ਬਿੜਾਲ ਦੈਂਤ ਦਾ ਬੱਧ ਕਰਨ ਵਾਲੀ,
ਤੇਜ਼ ਤੀਰਾਂ ਦੀ ਝੜੀ ਲਗਾਉਣ ਵਾਲੀ, ਦੁਰਜਨਾਂ ਨੂੰ ਧਮਕਾਉਣ ਵਾਲੀ, ਅਤੁਲ ਕ੍ਰੋਧ ਵਾਲੀ ਅਤੇ ਧਰਮ ਦੀ ਧੁਜਾ ਮੰਨੀ ਜਾਣ ਵਾਲੀ,
ਧੂਮ੍ਰ-ਨੈਨ ਦਾ ਨਾਸ਼ ਕਰਨ ਵਾਲੀ (ਰਕਤ ਬੀਜ ਦਾ) ਲਹੂ ਪੀਣ ਵਾਲੀ, ਸੁੰਭ ਨੂੰ ਮਾਰਨ ਵਾਲੀ, ਨਿਸੁੰਭ ਨੂੰ ਮੱਥਣ ਵਾਲੀ,
ਮਹਿਖਾਸੁਰ ਨੂੰ ਮਾਰਨ ਵਾਲੀ ਅਤੇ ਆਦਿਕਾਲ ਤੋਂ ਅਣਗਿਣਤ ਅਤੇ ਅਗਾਧ ਪ੍ਰਸੰਗ ਵਾਲੀ! (ਤੇਰੀ) ਜੈ ਜੈਕਾਰ ਹੋਵੇ ॥੨੦॥੨੩੦॥
ਤੇਰੀ ਕ੍ਰਿਪਾ ਨਾਲ: ਪਾਧੜੀ ਛੰਦ:
ਹੇ ਦੇਵ! ਤੁਸੀਂ ਇਹ ਸਭ ਵਿਚਾਰ ਪੂਰਵਕ ਦਸੋ
ਕਿ ਕਰਤੇ ਨੇ (ਸਾਰੀ ਸ੍ਰਿਸ਼ਟੀ ਦਾ) ਪਸਾਰ ਕਿਵੇਂ ਕੀਤਾ ਹੈ?
ਭਾਵੇਂ (ਉਹ) ਭੌਤਿਕ ਤੱਤ੍ਵਾਂ ਤੋਂ ਪਰੇ, ਭੈ-ਰਹਿਤ ਅਤੇ ਬੇਅੰਤ ਹੈ
ਤਾਂ ਵੀ ਆਪਣੀ ਜਿਹੋ ਜਿਹੀ ਬੁੱਧੀ ਹੈ, ਉਸ ਦੀ ਵਿਵਸਥਾ ਦਸਦਾ ਹਾਂ ॥੧॥੨੩੧॥
(ਉਹ ਪਰਮਾਤਮਾ ਸਭ ਦਾ) ਕਰਤਾ ਹੈ, ਬਖਸ਼ਿਸ਼ ਕਰਨ ਵਾਲਾ ਹੈ, ਸ਼ਕਤੀ ਵਾਲਾ ਹੈ, ਕ੍ਰਿਪਾਲੂ ਹੈ,
ਅਦ੍ਵੈਤ ਰੂਪ ਹੈ, ਤੱਤ੍ਵਾਂ ਦੀ ਰਚਨਾ ਤੋਂ ਪਰੇ ਹੈ, ਡਰ ਤੋਂ ਰਹਿਤ ਹੈ, ਦਇਆ ਕਰਨ ਵਾਲਾ ਹੈ,
ਬੇਅੰਤ ਦਾਤਾ ਹੈ, ਦੁਖਾਂ-ਦੋਖਾਂ ਤੋਂ ਰਹਿਤ ਹੈ,
ਜਿਸ ਨੂੰ ਸਾਰੇ ਵੇਦ ਬੇਅੰਤ ਬੇਅੰਤ ਕਹਿੰਦੇ ਹਨ ॥੨॥੨੩੨॥
(ਉਸ ਨੇ) ਕਈ ਉਚੇ ਤੇ ਨੀਵੇਂ ਬਣਾਉ ਬਣਾਏ ਹਨ,