ਆਸਾ ਕੀ ਵਾਰ

(ਅੰਗ: 36)


ਤਿਨੑ ਕੀ ਨਿੰਦਾ ਕੋਈ ਕਿਆ ਕਰੇ ਜਿਨੑ ਹਰਿ ਨਾਮੁ ਪਿਆਰਾ ॥

ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪੈਂਦਾ ਹੈ, ਕੋਈ ਮਨੁੱਖ ਉਹਨਾਂ ਦੀ ਨਿੰਦਾ ਨਹੀਂ ਕਰ ਸਕਦਾ ਕਿਉਂਕਿ ਕੋਈ ਨਿੰਦਣ-ਜੋਗ ਭੈੜ ਉਹਨਾਂ ਦੇ ਜੀਵਨ ਵਿਚ ਰਹਿ ਹੀ ਨਹੀਂ ਜਾਂਦਾ।

ਜਿਨ ਹਰਿ ਸੇਤੀ ਮਨੁ ਮਾਨਿਆ ਸਭ ਦੁਸਟ ਝਖ ਮਾਰਾ ॥

ਸੋ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਗਿੱਝ ਜਾਂਦਾ ਹੈ, ਭੈੜੇ ਮਨੁੱਖ (ਉਹਨਾਂ ਨੂੰ ਬਦਨਾਮ ਕਰਨ ਲਈ ਐਵੇਂ) ਵਿਅਰਥ ਟੱਕਰਾਂ ਮਾਰਦੇ ਹਨ।

ਜਨ ਨਾਨਕ ਨਾਮੁ ਧਿਆਇਆ ਹਰਿ ਰਖਣਹਾਰਾ ॥੩॥

ਹੇ ਦਾਸ ਨਾਨਕ! (ਆਖ-) ਜੇਹੜੇ ਮਨੁੱਖ ਹਰਿ-ਨਾਮ ਸਿਮਰਦੇ ਹਨ, ਬਚਾਣ ਦੀ ਸਮਰਥਾ ਵਾਲਾ ਹਰੀ (ਉਹਨਾਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ) ॥੩॥

ਸਲੋਕੁ ਮਹਲਾ ੨ ॥

ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥

ਜੇ ਆਖੀਏ ਕਿ ਮੈਂ ਆਪਣੇ ਉੱਦਮ ਨਾਲ ਇਹ ਚੀਜ਼ ਲਈ ਹੈ, ਤਾਂ ਇਹ (ਮਾਲਕ ਵਲੋਂ) ਬਖ਼ਸ਼ਸ਼ ਨਹੀਂ ਅਖਵਾ ਸਕਦੀ।

ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤ੍ਰੁੱਠਿਆਂ ਮਿਲੇ ॥੧॥

ਮਹਲਾ ੨ ॥

ਏਹ ਕਿਨੇਹੀ ਚਾਕਰੀ ਜਿਤੁ ਭਉ ਖਸਮ ਨ ਜਾਇ ॥

ਜਿਸ ਸੇਵਾ ਦੇ ਕਰਨ ਨਾਲ (ਸੇਵਕ ਦੇ ਦਿਲ ਵਿਚੋਂ) ਆਪਣੇ ਮਾਲਕ ਦਾ ਡਰ ਦੂਰ ਨਾ ਹੋਵੇ, ਉਹ ਸੇਵਾ ਅਸਲੀ ਸੇਵਾ ਨਹੀਂ।

ਨਾਨਕ ਸੇਵਕੁ ਕਾਢੀਐ ਜਿ ਸੇਤੀ ਖਸਮ ਸਮਾਇ ॥੨॥

ਹੇ ਨਾਨਕ! (ਸੱਚਾ) ਸੇਵਕ ਉਹੀ ਅਖਵਾਂਦਾ ਹੈ ਜੋ ਆਪਣੇ ਮਾਲਕ ਦੇ ਨਾਲ ਇਕ-ਰੂਪ ਹੋ ਜਾਂਦਾ ਹੈ ॥੨॥

ਪਉੜੀ ॥

ਨਾਨਕ ਅੰਤ ਨ ਜਾਪਨੑੀ ਹਰਿ ਤਾ ਕੇ ਪਾਰਾਵਾਰ ॥

ਹੇ ਨਾਨਕ! ਉਸ ਪ੍ਰਭੂ ਦੇ ਪਾਰਲੇ ਉਰਾਰਲੇ ਬੰਨਿਆਂ ਦੇ ਅੰਤ ਨਹੀਂ ਪੈ ਸਕਦੇ।

ਆਪਿ ਕਰਾਏ ਸਾਖਤੀ ਫਿਰਿ ਆਪਿ ਕਰਾਏ ਮਾਰ ॥

ਉਹ ਆਪ ਹੀ ਜੀਵਾਂ ਦੀ ਪੈਦਾਇਸ਼ ਕਰਦਾ ਹੈ ਤੇ ਆਪ ਹੀ ਉਨ੍ਹਾਂ ਨੂੰ ਮਾਰ ਦੇਂਦਾ ਹੈ।

ਇਕਨੑਾ ਗਲੀ ਜੰਜੀਰੀਆ ਇਕਿ ਤੁਰੀ ਚੜਹਿ ਬਿਸੀਆਰ ॥

ਕਈ ਜੀਵਾਂ ਦੇ ਗਲ ਵਿਚ ਜ਼ੰਜੀਰ ਪਏ ਹੋਏ ਹਨ (ਭਾਵ, ਕਈ ਕੈਦ ਗ਼ੁਲਾਮੀ ਆਦਿਕ ਦੇ ਕਸ਼ਟ ਸਹਿ ਰਹੇ ਹਨ), ਅਤੇ ਬੇਸ਼ੁਮਾਰ ਜੀਵ ਘੋੜਿਆਂ ਤੇ ਚੜ੍ਹ ਰਹੇ ਹਨ (ਭਾਵ, ਮਾਇਆ ਦੀਆਂ ਮੌਜਾਂ ਲੈ ਰਹੇ ਹਨ)।

ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥

(ਇਹ ਸਾਰੇ ਖੇਡ ਤਮਾਸ਼ੇ) ਉਹ ਪ੍ਰਭੂ ਆਪ ਹੀ ਕਰ ਰਿਹਾ ਹੈ, (ਉਸ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ) ਮੈਂ ਕਿਸ ਦੇ ਅੱਗੇ (ਇਸ ਦੀ) ਫ਼ਰਿਆਦ ਕਰ ਸਕਦਾ ਹਾਂ?

ਨਾਨਕ ਕਰਣਾ ਜਿਨਿ ਕੀਆ ਫਿਰਿ ਤਿਸ ਹੀ ਕਰਣੀ ਸਾਰ ॥੨੩॥

ਹੇ ਨਾਨਕ! ਜਿਸ ਕਰਤਾਰ ਨੇ ਸ੍ਰਿਸ਼ਟੀ ਰਚੀ ਹੈ, ਫਿਰ ਉਹੀ ਉਸ ਦੀ ਸੰਭਾਲਣਾ ਕਰ ਰਿਹਾ ਹੈ ॥੨੩॥

ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥

ਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ।

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥

(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥

(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥

ਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ॥੪॥੧੩॥੨੦॥

ਸਲੋਕੁ ਮਃ ੧ ॥