ਸੁਖਮਨੀ ਸਾਹਿਬ

(ਅੰਗ: 50)


ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥

ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ।

ਅਨਿਕ ਭੋਗ ਬਿਖਿਆ ਕੇ ਕਰੈ ॥

ਮਾਇਆ ਦੀਆਂ ਅਨੇਕਾਂ ਮੌਜਾਂ ਮਾਣਦਾ ਹੈ,

ਨਹ ਤ੍ਰਿਪਤਾਵੈ ਖਪਿ ਖਪਿ ਮਰੈ ॥

ਤਸੱਲੀ ਨਹੀਂ ਸੁ ਹੁੰਦੀ, (ਭੋਗਾਂ ਦੇ ਮਗਰ ਹੋਰ ਭੱਜਦਾ ਹੈ ਤੇ) ਬੜਾ ਦੁੱਖੀ ਹੁੰਦਾ ਹੈ।

ਬਿਨਾ ਸੰਤੋਖ ਨਹੀ ਕੋਊ ਰਾਜੈ ॥

ਜੇ ਅੰਦਰ ਸੰਤੋਖ ਨਾਹ ਹੋਵੇ, ਤਾਂ ਕੋਈ (ਮਨੁੱਖ) ਰੱਜਦਾ ਨਹੀਂ,

ਸੁਪਨ ਮਨੋਰਥ ਬ੍ਰਿਥੇ ਸਭ ਕਾਜੈ ॥

ਜਿਵੇਂ ਸੁਫ਼ਨਿਆਂ ਤੋਂ ਕੋਈ ਲਾਭ ਨਹੀਂ ਹੁੰਦਾ, ਤਿਵੇਂ (ਸੰਤੋਖ-ਹੀਣ ਮਨੁੱਖ ਦੇ) ਸਾਰੇ ਕੰਮ ਤੇ ਖ਼ਾਹਸ਼ਾਂ ਵਿਅਰਥ ਹਨ।

ਨਾਮ ਰੰਗਿ ਸਰਬ ਸੁਖੁ ਹੋਇ ॥

ਪ੍ਰਭੂ ਦੇ ਨਾਮ ਦੀ ਮੌਜ ਵਿਚ (ਹੀ) ਸਾਰਾ ਸੁਖ ਹੈ,

ਬਡਭਾਗੀ ਕਿਸੈ ਪਰਾਪਤਿ ਹੋਇ ॥

(ਅਤੇ ਇਹ ਸੁਖ) ਕਿਸੇ ਵੱਡੇ ਭਾਗਾਂ ਵਾਲੇ ਨੂੰ ਮਿਲਦਾ ਹੈ।

ਕਰਨ ਕਰਾਵਨ ਆਪੇ ਆਪਿ ॥

(ਜੋ) ਪ੍ਰਭੂ ਆਪ ਹੀ ਸਭ ਕੁਝ ਕਰਨ ਦੇ ਤੇ (ਜੀਵਾਂ ਪਾਸੋਂ) ਕਰਾਉਣ ਦੇ ਸਮਰੱਥ ਹੈ,

ਸਦਾ ਸਦਾ ਨਾਨਕ ਹਰਿ ਜਾਪਿ ॥੫॥

ਹੇ ਨਾਨਕ! ਉਸ ਪ੍ਰਭੂ ਨੂੰ ਸਦਾ ਸਿਮਰ ॥੫॥

ਕਰਨ ਕਰਾਵਨ ਕਰਨੈਹਾਰੁ ॥

ਪ੍ਰਭੂ ਆਪ ਹੀ ਸਭ ਕੁਝ ਕਰਨ ਜੋਗਾ ਹੈ ਤੇ (ਜੀਵਾਂ ਪਾਸੋਂ) ਕਰਾਉਣ ਜੋਗਾ ਹੈ।

ਇਸ ਕੈ ਹਾਥਿ ਕਹਾ ਬੀਚਾਰੁ ॥

ਵਿਚਾਰ ਕੇ ਵੇਖ ਲੈ, ਇਸ ਜੀਵ ਦੇ ਹੱਥ ਕੁਝ ਭੀ ਨਹੀਂ ਹੈ।

ਜੈਸੀ ਦ੍ਰਿਸਟਿ ਕਰੇ ਤੈਸਾ ਹੋਇ ॥

ਪ੍ਰਭੂ ਜਿਹੋ ਜਿਹੀ ਨਜ਼ਰ (ਬੰਦੇ ਵਲ) ਕਰਦਾ ਹੈ (ਬੰਦਾ) ਉਹੋ ਜਿਹਾ ਬਣ ਜਾਂਦਾ ਹੈ,

ਆਪੇ ਆਪਿ ਆਪਿ ਪ੍ਰਭੁ ਸੋਇ ॥

ਉਹ ਪ੍ਰਭੂ ਆਪ ਹੀ ਆਪ ਹੈ।

ਜੋ ਕਿਛੁ ਕੀਨੋ ਸੁ ਅਪਨੈ ਰੰਗਿ ॥

ਜੋ ਕੁਝ ਉਸ ਬਣਾਇਆ ਹੈ ਆਪਣੀ ਮੌਜ ਵਿਚ ਬਣਾਇਆ ਹੈ;

ਸਭ ਤੇ ਦੂਰਿ ਸਭਹੂ ਕੈ ਸੰਗਿ ॥

ਸਭ ਜੀਵਾਂ ਦੇ ਅੰਗ-ਸੰਗ ਭੀ ਹੈ ਤੇ ਸਭ ਤੋਂ ਵੱਖਰਾ ਭੀ ਹੈ।

ਬੂਝੈ ਦੇਖੈ ਕਰੈ ਬਿਬੇਕ ॥

ਪ੍ਰਭੂ ਸਭ ਕੁਝ ਸਮਝਦਾ ਹੈ, ਵੇਖਦਾ ਹੈ ਤੇ ਪਛਾਣਦਾ ਹੈ,

ਆਪਹਿ ਏਕ ਆਪਹਿ ਅਨੇਕ ॥

ਉਹ ਆਪ ਹੀ ਇੱਕ ਹੈ ਤੇ ਆਪ ਹੀ ਅਨੇਕ (ਰੂਪ) ਧਾਰ ਰਿਹਾ ਹੈ।

ਮਰੈ ਨ ਬਿਨਸੈ ਆਵੈ ਨ ਜਾਇ ॥

ਉਹ ਨਾਹ ਕਦੇ ਮਰਦਾ ਹੈ ਨ ਬਿਨਸਦਾ ਹੈ; ਨਾਹ ਜੰਮਦਾ ਹੈ ਨ ਮਰਦਾ ਹੈ;

ਨਾਨਕ ਸਦ ਹੀ ਰਹਿਆ ਸਮਾਇ ॥੬॥

ਹੇ ਨਾਨਕ! ਪ੍ਰਭੂ ਸਦਾ ਹੀ ਆਪਣੇ ਆਪ ਵਿਚ ਟਿਕਿਆ ਰਹਿੰਦਾ ਹੈ ॥੬॥

ਆਪਿ ਉਪਦੇਸੈ ਸਮਝੈ ਆਪਿ ॥

ਆਪ ਹੀ ਸਿੱਖਿਆ ਦੇਂਦਾ ਹੈ ਤੇ ਆਪ ਹੀ (ਉਸ ਸਿੱਖਿਆ ਨੂੰ) ਸਮਝਦਾ ਹੈ,