ਕਿਉਂਕਿ ਪ੍ਰਭੂ ਆਪ ਹੀ ਸਭ ਜੀਵਾਂ ਦੇ ਨਾਲ ਮਿਲਿਆ ਹੋਇਆ ਹੈ।
ਆਪਣਾ ਖਿਲਾਰਾ ਉਸ ਨੇ ਆਪ ਹੀ ਬਣਾਇਆ ਹੈ,
(ਜਗਤ ਦੀ) ਹਰੇਕ ਸ਼ੈ ਉਸ ਦੀ ਬਣਾਈ ਹੋਈ ਹੈ, ਉਹ ਬਨਾਉਣ ਜੋਗਾ ਹੈ।
ਦੱਸੋ, ਉਸ ਤੋਂ ਵੱਖਰਾ ਕੁਝ ਹੋ ਸਕਦਾ ਹੈ?
ਹਰ ਥਾਂ ਉਹ ਪ੍ਰਭੂ ਆਪ ਹੀ (ਮੌਜੂਦ) ਹੈ।
ਆਪਣੇ ਖੇਲ ਆਪ ਹੀ ਕਰਨ ਜੋਗਾ ਹੈ,
ਬੇਅੰਤ ਰੰਗਾਂ ਦੇ ਤਮਾਸ਼ੇ ਕਰਦਾ ਹੈ।
(ਜੀਵਾਂ ਦੇ) ਮਨ ਵਿਚ ਆਪ ਵੱਸ ਰਿਹਾ ਹੈ, (ਜੀਵਾਂ ਨੂੰ) ਆਪਣੇ ਮਨ ਵਿਚ ਟਿਕਾਈ ਬੈਠਾ ਹੈ;
ਹੇ ਨਾਨਕ! ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ ॥੭॥
(ਸਭ ਦਾ) ਮਾਲਕ ਪ੍ਰਭੂ ਸਦਾ ਹੀ ਕਾਇਮ ਰਹਿਣ ਵਾਲਾ ਹੈ-
ਗੁਰੂ ਦੀ ਮੇਹਰ ਨਾਲ ਕਿਸੇ ਵਿਰਲੇ ਨੇ (ਇਹ ਗੱਲ) ਦੱਸੀ ਹੈ।
ਜੋ ਕੁਝ ਉਸ ਨੇ ਬਣਾਇਆ ਹੈ ਉਹ ਭੀ ਮੁਕੰਮਲ ਹੈ (ਭਾਵ, ਅਧੂਰਾ ਨਹੀਂ)
ਇਹ ਗੱਲ ਕ੍ਰੋੜਾਂ ਵਿਚੋਂ ਕਿਸੇ ਵਿਰਲੇ ਨੇ ਪਛਾਣੀ ਹੈ।
ਤੇਰਾ ਰੂਪ ਕਿਆ ਪਿਆਰਾ ਪਿਆਰਾ ਹੈ!
ਹੇ ਅੱਤ ਸੋਹਣੇ, ਬੇਅੰਤ ਤੇ ਬੇ-ਮਿਸਾਲ ਪ੍ਰਭੂ!
ਤੇਰੀ ਬੋਲੀ ਭੀ ਮਿੱਠੀ ਮਿੱਠੀ ਹੈ,
ਹਰੇਕ ਸਰੀਰ ਵਿਚ ਕੰਨਾਂ ਦੀ ਰਾਹੀਂ ਸੁਣੀ ਜਾ ਰਹੀ ਹੈ, ਤੇ ਜੀਭ ਨਾਲ ਉੱਚਾਰੀ ਜਾ ਰਹੀ ਹੈ (ਭਾਵ, ਹਰੇਕ ਸਰੀਰ ਵਿਚ ਤੂੰ ਆਪ ਹੀ ਬੋਲ ਰਿਹਾ ਹੈਂ)।
ਉਹ ਪਵਿਤ੍ਰ ਹੀ ਪਵਿਤ੍ਰ ਹੋ ਜਾਂਦਾ ਹੈ,
ਹੇ ਨਾਨਕ! (ਜੋ ਅਜੇਹੇ ਪ੍ਰਭੂ ਦਾ) ਨਾਮ ਪ੍ਰੀਤ ਨਾਲ ਮਨ ਵਿਚ ਜਪਦਾ ਹੈ ॥੮॥੧੨॥