ਸੁਖਮਨੀ ਸਾਹਿਬ

(ਅੰਗ: 52)


ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰ ॥

ਜੋ ਮਨੁੱਖ ਸੰਤਾਂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਬਚ ਜਾਂਦਾ ਹੈ;

ਸੰਤ ਕੀ ਨਿੰਦਾ ਨਾਨਕਾ ਬਹੁਰਿ ਬਹੁਰਿ ਅਵਤਾਰ ॥੧॥

(ਪਰ) ਹੇ ਨਾਨਕ! ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮੀਦਾ ਹੈ (ਭਾਵ, ਜਨਮ ਮਰਨ ਦੇ ਚੱਕ੍ਰ ਵਿਚ ਪੈ ਜਾਈਦਾ ਹੈ) ॥੧॥

ਅਸਟਪਦੀ ॥

ਸੰਤ ਕੈ ਦੂਖਨਿ ਆਰਜਾ ਘਟੈ ॥

ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਉਮਰ (ਵਿਅਰਥ ਹੀ) ਗੁਜ਼ਰਦੀ ਜਾਂਦੀ ਹੈ,

ਸੰਤ ਕੈ ਦੂਖਨਿ ਜਮ ਤੇ ਨਹੀ ਛੁਟੈ ॥

(ਕਿਉਂਕਿ) ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਜਮਾਂ ਤੋਂ ਬਚ ਨਹੀਂ ਸਕਦਾ।

ਸੰਤ ਕੈ ਦੂਖਨਿ ਸੁਖੁ ਸਭੁ ਜਾਇ ॥

ਸੰਤ ਦੀ ਨਿੰਦਿਆ ਕੀਤਿਆਂ ਸਾਰਾ (ਹੀ) ਸੁਖ (ਨਾਸ ਹੋ) ਜਾਂਦਾ ਹੈ,

ਸੰਤ ਕੈ ਦੂਖਨਿ ਨਰਕ ਮਹਿ ਪਾਇ ॥

ਅਤੇ ਮਨੁੱਖ ਨਰਕ ਵਿਚ (ਭਾਵ, ਘੋਰ ਦੁਖਾਂ ਵਿਚ) ਪੈ ਜਾਂਦਾ ਹੈ।

ਸੰਤ ਕੈ ਦੂਖਨਿ ਮਤਿ ਹੋਇ ਮਲੀਨ ॥

ਸੰਤ ਦੀ ਨਿੰਦਿਆ ਕਰਨ ਨਾਲ (ਮਨੁੱਖ ਦੀ) ਮਤਿ ਮੈਲੀ ਹੋ ਜਾਂਦੀ ਹੈ,

ਸੰਤ ਕੈ ਦੂਖਨਿ ਸੋਭਾ ਤੇ ਹੀਨ ॥

ਤੇ (ਜਗਤ ਵਿਚ) ਮਨੁੱਖ ਸੋਭਾ ਤੋਂ ਸੱਖਣਾ ਰਹਿ ਜਾਂਦਾ ਹੈ।

ਸੰਤ ਕੇ ਹਤੇ ਕਉ ਰਖੈ ਨ ਕੋਇ ॥

ਸੰਤ ਦੇ ਫਿਟਕਾਰੇ ਹੋਏ ਬੰਦੇ ਦੀ ਕੋਈ ਮਨੁੱਖ ਸਹੈਤਾ ਨਹੀਂ ਕਰ ਸਕਦਾ,

ਸੰਤ ਕੈ ਦੂਖਨਿ ਥਾਨ ਭ੍ਰਸਟੁ ਹੋਇ ॥

(ਕਿਉਂਕਿ) ਸੰਤ ਦੀ ਨਿੰਦਾ ਕੀਤਿਆਂ (ਨਿੰਦਕ ਦਾ) ਹਿਰਦਾ ਗੰਦਾ ਹੋ ਜਾਂਦਾ ਹੈ।

ਸੰਤ ਕ੍ਰਿਪਾਲ ਕ੍ਰਿਪਾ ਜੇ ਕਰੈ ॥

(ਪਰ) ਜੇ ਕ੍ਰਿਪਾਲ ਸੰਤ ਆਪ ਕਿਰਪਾ ਕਰੇ,

ਨਾਨਕ ਸੰਤਸੰਗਿ ਨਿੰਦਕੁ ਭੀ ਤਰੈ ॥੧॥

ਤਾਂ ਹੇ ਨਾਨਕ! ਸੰਤ ਦੀ ਸੰਗਤਿ ਵਿਚ ਨਿੰਦਕ ਭੀ (ਪਾਪਾਂ ਤੋਂ) ਬਚ ਜਾਂਦਾ ਹੈ ॥੧॥

ਸੰਤ ਕੇ ਦੂਖਨ ਤੇ ਮੁਖੁ ਭਵੈ ॥

ਸੰਤ ਦੀ ਨਿੰਦਾ ਕਰਨ ਨਾਲ (ਨਿੰਦਕ ਦਾ) ਚੇਹਰਾ ਹੀ ਭ੍ਰਸ਼ਟਿਆ ਜਾਂਦਾ ਹੈ,

ਸੰਤਨ ਕੈ ਦੂਖਨਿ ਕਾਗ ਜਿਉ ਲਵੈ ॥

(ਤੇ ਨਿੰਦਕ) (ਥਾਂ ਥਾਂ) ਕਾਂ ਵਾਂਗ ਲਉਂ ਲਉਂ ਕਰਦਾ ਹੈ (ਨਿੰਦਾ ਦੇ ਬਚਨ ਬੋਲਦਾ ਫਿਰਦਾ ਹੈ)।

ਸੰਤਨ ਕੈ ਦੂਖਨਿ ਸਰਪ ਜੋਨਿ ਪਾਇ ॥

ਸੰਤ ਦੀ ਨਿੰਦਾ ਕੀਤਿਆਂ (ਖੋਟਾ ਸੁਭਾਉ ਬਣ ਜਾਣ ਤੇ) ਮਨੁੱਖ ਸੱਪ ਦੀ ਜੂਨੇ ਜਾ ਪੈਂਦਾ ਹੈ,

ਸੰਤ ਕੈ ਦੂਖਨਿ ਤ੍ਰਿਗਦ ਜੋਨਿ ਕਿਰਮਾਇ ॥

ਤੇ, ਕਿਰਮ ਆਦਿਕ ਨਿੱਕੀਆਂ ਜੂਨਾਂ ਵਿਚ (ਭਟਕਦਾ ਹੈ)।

ਸੰਤਨ ਕੈ ਦੂਖਨਿ ਤ੍ਰਿਸਨਾ ਮਹਿ ਜਲੈ ॥

ਸੰਤ ਦੀ ਨਿੰਦਿਆ ਦੇ ਕਾਰਨ (ਨਿੰਦਕ) ਤ੍ਰਿਸਨਾ (ਦੀ ਅੱਗ) ਵਿਚ ਸੜਦਾ ਭੁੱਜਦਾ ਹੈ,

ਸੰਤ ਕੈ ਦੂਖਨਿ ਸਭੁ ਕੋ ਛਲੈ ॥

ਤੇ, ਹਰੇਕ ਮਨੁੱਖ ਨੂੰ ਧੋਖਾ ਦੇਂਦਾ ਫਿਰਦਾ ਹੈ।

ਸੰਤ ਕੈ ਦੂਖਨਿ ਤੇਜੁ ਸਭੁ ਜਾਇ ॥

ਸੰਤ ਦੀ ਨਿੰਦਿਆ ਕੀਤਿਆਂ ਮਨੁੱਖ ਦਾ ਸਾਰਾ ਤੇਜ ਪ੍ਰਤਾਪ ਹੀ ਨਸ਼ਟ ਹੋ ਜਾਂਦਾ ਹੈ,