ਅਤੇ (ਨਿੰਦਕ) ਮਹਾ ਨੀਚ ਬਣ ਜਾਂਦਾ ਹੈ।
ਸੰਤਾਂ ਦੀ ਨਿੰਦਾ ਕਰਨ ਵਾਲਿਆਂ ਦਾ ਕੋਈ ਆਸਰਾ ਨਹੀਂ ਰਹਿੰਦਾ;
(ਹਾਂ) ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਹ ਨਿੰਦਕ ਭੀ ਚੰਗੀ ਅਵਸਥਾ ਤੇ ਅੱਪੜ ਜਾਂਦੇ ਹਨ ॥੨॥
ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅੱਤ ਚੁੱਕੀ ਰੱਖਦਾ ਹੈ,
ਤੇ ਇਕ ਪਲਕ ਭਰ ਭੀ (ਅੱਤ ਚੁੱਕਣ ਵਲੋਂ) ਆਰਾਮ ਨਹੀਂ ਲੈਂਦਾ।
ਸੰਤ ਦਾ ਨਿੰਦਕ ਵੱਡਾ ਜ਼ਾਲਮ ਬਣ ਜਾਂਦਾ ਹੈ,
ਤੇ ਰੱਬ ਵਲੋਂ ਫਿਟਕਾਰਿਆ ਜਾਂਦਾ ਹੈ।
ਸੰਤ ਦਾ ਨਿੰਦਕ ਰਾਜ (ਭਾਵ, ਦੁਨੀਆ ਦੇ ਸੁਖਾਂ) ਤੋਂ ਵਾਂਜਿਆਂ ਰਹਿੰਦਾ ਹੈ,
(ਸਦਾ) ਦੁਖੀ ਤੇ ਆਤੁਰ ਰਹਿੰਦਾ ਹੈ।
ਸੰਤਾਂ ਦੀ ਨਿੰਦਿਆ ਕਰਨ ਵਾਲੇ ਨੂੰ ਸਾਰੇ ਰੋਗ ਵਿਆਪਦੇ ਹਨ,
(ਕਿਉਂਕਿ) ਉਸ ਨੂੰ (ਸੁਖਾਂ ਦੇ ਸੋਮੇ ਪ੍ਰਭੂ ਤੋਂ) ਸਦਾ ਵਿਛੋੜਾ ਰਹਿੰਦਾ ਹੈ।
ਸੰਤਾਂ ਦੀ ਨਿੰਦਿਆ ਕਰਨੀ ਬਹੁਤ ਹੀ ਮਾੜਾ ਕੰਮ ਹੈ।
ਹੇ ਨਾਨਕ! ਜੇ ਸੰਤਾਂ ਨੂੰ ਭਾਵੇ ਤਾਂ ਉਸ (ਨਿੰਦਕ) ਦਾ ਭੀ (ਨਿੰਦਿਆ ਤੋਂ) ਛੁਟਕਾਰਾ ਹੋ ਜਾਂਦਾ ਹੈ ॥੩॥
ਸੰਤ ਦਾ ਨਿੰਦਕ ਸਦਾ ਮੈਲੇ ਮਨ ਵਾਲਾ ਹੈ,
(ਤਾਹੀਏਂ) ਉਹ (ਕਦੇ) ਕਿਸੇ ਦਾ ਸੱਜਣ ਨਹੀਂ ਬਣਦਾ।
(ਅੰਤ ਵੇਲੇ) ਸੰਤ ਦੇ ਨਿੰਦਕ ਨੂੰ (ਧਰਮਰਾਜ ਤੋਂ) ਸਜ਼ਾ ਮਿਲਦੀ ਹੈ,
ਤੇ ਸਾਰੇ ਉਸ ਦਾ ਸਾਥ ਛੱਡ ਜਾਂਦੇ ਹਨ।
ਸੰਤ ਦੀ ਨਿੰਦਿਆ ਕਰਨ ਵਾਲਾ ਬੜਾ ਆਕੜ-ਖਾਨ ਬਣ ਜਾਂਦਾ ਹੈ,
ਤੇ ਸਦਾ ਮੰਦੇ ਕੰਮ ਕਰਦਾ ਹੈ।
(ਇਹਨੀਂ ਔਗੁਣੀਂ) ਸੰਤ ਦਾ ਨਿੰਦਕ ਜੰਮਦਾ ਮਰਦਾ ਰਹਿੰਦਾ ਹੈ,