(ਕਿਉਂਕਿ) ਹੇ ਨਾਨਕ! ਬ੍ਰਹਮਗਿਆਨੀ ਦੀ ਰਾਹੀਂ ਸਾਰਾ ਜਗਤ (ਹੀ) (ਪ੍ਰਭੂ ਦਾ ਨਾਮ) ਜਪਣ ਲੱਗ ਪੈਂਦਾ ਹੈ ॥੪॥
ਬ੍ਰਹਮਗਿਆਨੀ ਦੇ ਹਿਰਦੇ ਵਿਚ (ਸਦਾ) ਇਕ ਅਕਾਲ ਪੁਰਖ ਦਾ ਪਿਆਰ (ਵੱਸਦਾ ਹੈ),
(ਤਾਹੀਏਂ) ਪ੍ਰਭੂ ਬ੍ਰਹਮਗਿਆਨੀ ਦੇ ਅੰਗ-ਸੰਗ ਰਹਿੰਦਾ ਹੈ।
ਬ੍ਰਹਮਗਿਆਨੀ ਦੇ ਮਨ ਵਿਚ (ਪ੍ਰਭੂ ਦਾ) ਨਾਮ (ਹੀ) ਟੇਕ ਹੈ,
ਅਤੇ ਨਾਮ ਹੀ ਉਸ ਦਾ ਪਰਵਾਰ ਹੈ।
ਬ੍ਰਹਮਗਿਆਨੀ ਸਦਾ (ਵਿਕਾਰਾਂ ਦੇ ਹਮਲੇ ਵਲੋਂ) ਸੁਚੇਤ ਰਹਿੰਦਾ ਹੈ,
ਅਤੇ 'ਮੈਂ ਮੈਂ' ਕਰਨ ਵਾਲੀ ਮੱਤ ਛੱਡ ਦੇਂਦਾ ਹੈ।
ਬ੍ਰਹਮਗਿਆਨੀ ਦੇ ਮਨ ਵਿਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ,
(ਤਾਹੀਏਂ) ਉਸ ਦੇ ਹਿਰਦੇ-ਰੂਪ ਘਰ ਵਿਚ ਸਦਾ ਖ਼ੁਸ਼ੀ ਖਿੜਾਓ ਹੈ।
ਬ੍ਰਹਮਗਿਆਨੀ (ਮਨੁੱਖ) ਸੁਖ ਤੇ ਸ਼ਾਂਤੀ ਵਿਚ ਟਿਕਿਆ ਰਹਿੰਦਾ ਹੈ;
(ਤੇ) ਹੇ ਨਾਨਕ! ਬ੍ਰਹਮਗਿਆਨੀ (ਦੀ ਇਸ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ ॥੫॥
ਬ੍ਰਹਮਗਿਆਨੀ (ਮਨੁੱਖ) ਅਕਾਲ ਪੁਰਖ ਦਾ ਮਹਰਮ ਬਣ ਜਾਂਦਾ ਹੈ,
ਅਤੇ ਉਹ ਇਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ।
ਬ੍ਰਹਮਗਿਆਨੀ ਦੇ ਮਨ ਵਿਚ (ਸਦਾ) ਬੇਫ਼ਿਕਰੀ ਰਹਿੰਦੀ ਹੈ,
ਉਸ ਦਾ ਉਪਦੇਸ਼ (ਭੀ ਹੋਰਨਾਂ ਨੂੰ) ਪਵਿਤ੍ਰ ਕਰਨ ਵਾਲਾ ਹੁੰਦਾ ਹੈ।
(ਉਹੀ ਮਨੁੱਖ ਬ੍ਰਹਮਗਿਆਨੀ ਬਣਦਾ ਹੈ) ਜਿਸ ਨੂੰ ਪ੍ਰਭੂ ਆਪ ਬਣਾਉਂਦਾ ਹੈ,
ਬ੍ਰਹਮਗਿਆਨੀ ਦਾ ਬੜਾ ਨਾਮਣਾ ਹੋ ਜਾਂਦਾ ਹੈ।
ਬ੍ਰਹਮਗਿਆਨੀ ਦਾ ਦੀਦਾਰ ਵੱਡੇ ਭਾਗਾਂ ਨਾਲ ਪਾਈਦਾ ਹੈ;
ਬ੍ਰਹਮਗਿਆਨੀ ਤੋਂ ਸਦਾ ਸਦਕੇ ਜਾਈਏ।
ਸ਼ਿਵ (ਆਦਿਕ ਦੇਵਤੇ ਭੀ) ਬ੍ਰਹਮਗਿਆਨੀ ਨੂੰ ਭਾਲਦੇ ਫਿਰਦੇ ਹਨ;