ਸੁਖਮਨੀ ਸਾਹਿਬ

(ਅੰਗ: 32)


ਨਾਨਕ ਜਿਨ ਪ੍ਰਭੁ ਆਪਿ ਕਰੇਇ ॥੨॥

ਹੇ ਨਾਨਕ! ਜਿਨ੍ਹਾਂ ਨੂੰ ਪ੍ਰਭੂ ਆਪ ਬਣਾਉਂਦਾ ਹੈ ॥੨॥

ਬ੍ਰਹਮ ਗਿਆਨੀ ਸਗਲ ਕੀ ਰੀਨਾ ॥

ਬ੍ਰਹਮਗਿਆਨੀ ਸਾਰੇ (ਬੰਦਿਆਂ) ਦੇ ਪੈਰਾਂ ਦੀ ਖ਼ਾਕ (ਹੋ ਕੇ ਰਹਿੰਦਾ) ਹੈ;

ਆਤਮ ਰਸੁ ਬ੍ਰਹਮ ਗਿਆਨੀ ਚੀਨਾ ॥

ਬ੍ਰਹਮਗਿਆਨੀ ਨੇ ਆਤਮਕ ਆਨੰਦ ਨੂੰ ਪਛਾਣ ਲਿਆ ਹੈ।

ਬ੍ਰਹਮ ਗਿਆਨੀ ਕੀ ਸਭ ਊਪਰਿ ਮਇਆ ॥

ਬ੍ਰਹਮਗਿਆਨੀ ਦੀ ਸਭ ਉਤੇ ਖ਼ੁਸ਼ੀ ਹੁੰਦੀ ਹੈ (ਭਾਵ, ਬ੍ਰਹਮ-ਗਿਆਨੀ ਸਭ ਨਾਲ ਹੱਸਦੇ-ਮੱਥੇ ਰਹਿੰਦਾ ਹੈ)

ਬ੍ਰਹਮ ਗਿਆਨੀ ਤੇ ਕਛੁ ਬੁਰਾ ਨ ਭਇਆ ॥

ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ।

ਬ੍ਰਹਮ ਗਿਆਨੀ ਸਦਾ ਸਮਦਰਸੀ ॥

ਬ੍ਰਹਮਗਿਆਨੀ ਸਦਾ ਸਭ ਵਲ ਇਕੋ ਜਿਹੀ ਨਜ਼ਰ ਨਾਲ ਤੱਕਦਾ ਹੈ,

ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥

ਉਸ ਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ।

ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ॥

ਬ੍ਰਹਮਗਿਆਨੀ (ਮਾਇਆ ਦੇ) ਬੰਧਨਾਂ ਤੋਂ ਆਜ਼ਾਦ ਹੁੰਦਾ ਹੈ,

ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ॥

ਅਤੇ ਉਸ ਦੀ ਜੀਵਨ-ਜੁਗਤੀ ਵਿਕਾਰਾਂ ਤੋਂ ਰਹਿਤ ਹੈ।

ਬ੍ਰਹਮ ਗਿਆਨੀ ਕਾ ਭੋਜਨੁ ਗਿਆਨ ॥

(ਰੱਬੀ-) ਗਿਆਨ ਬ੍ਰਹਮਗਿਆਨੀ ਦੀ ਖ਼ੁਰਾਕ ਹੈ (ਭਾਵ, ਬ੍ਰਹਮਗਿਆਨੀ ਦੀ ਆਤਮਕ ਜ਼ਿੰਦਗੀ ਦਾ ਆਸਰਾ ਹੈ),

ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨੁ ॥੩॥

ਹੇ ਨਾਨਕ! ਬ੍ਰਹਮਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ॥੩॥

ਬ੍ਰਹਮ ਗਿਆਨੀ ਏਕ ਊਪਰਿ ਆਸ ॥

ਬ੍ਰਹਮਗਿਆਨੀ ਇਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ;

ਬ੍ਰਹਮ ਗਿਆਨੀ ਕਾ ਨਹੀ ਬਿਨਾਸ ॥

ਬ੍ਰਹਮਗਿਆਨੀ (ਦੀ ਉੱਚੀ ਆਤਮਕ ਅਵਸਥਾ) ਦਾ ਕਦੇ ਨਾਸ ਨਹੀਂ ਹੁੰਦਾ।

ਬ੍ਰਹਮ ਗਿਆਨੀ ਕੈ ਗਰੀਬੀ ਸਮਾਹਾ ॥

ਬ੍ਰਹਮਗਿਆਨੀ ਦੇ ਹਿਰਦੇ ਵਿਚ ਗਰੀਬੀ ਟਿਕੀ ਰਹਿੰਦੀ ਹੈ,

ਬ੍ਰਹਮ ਗਿਆਨੀ ਪਰਉਪਕਾਰ ਉਮਾਹਾ ॥

ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ (ਸਦਾ) ਚਾਉ (ਚੜ੍ਹਿਆ ਰਹਿੰਦਾ) ਹੈ।

ਬ੍ਰਹਮ ਗਿਆਨੀ ਕੈ ਨਾਹੀ ਧੰਧਾ ॥

ਬ੍ਰਹਮਗਿਆਨੀ ਦੇ ਮਨ ਵਿਚ (ਮਾਇਆ ਦਾ) ਜੰਜਾਲ ਨਹੀਂ ਵਿਆਪਦਾ,

ਬ੍ਰਹਮ ਗਿਆਨੀ ਲੇ ਧਾਵਤੁ ਬੰਧਾ ॥

(ਕਿਉਂਕਿ) ਉਹ ਭਟਕਦੇ ਮਨ ਨੂੰ ਕਾਬੂ ਕਰ ਕੇ (ਮਾਇਆ ਵਲੋਂ) ਰੋਕ ਸਕਦਾ ਹੈ।

ਬ੍ਰਹਮ ਗਿਆਨੀ ਕੈ ਹੋਇ ਸੁ ਭਲਾ ॥

ਜੋ ਕੁਝ (ਪ੍ਰਭੂ ਵਲੋਂ) ਹੁੰਦਾ ਹੈ, ਬ੍ਰਹਮਗਿਆਨੀ ਨੂੰ ਆਪਣੇ ਮਨ ਵਿਚ ਭਲਾ ਪ੍ਰਤੀਤ ਹੁੰਦਾ ਹੈ,

ਬ੍ਰਹਮ ਗਿਆਨੀ ਸੁਫਲ ਫਲਾ ॥

ਇਸ ਤਰ੍ਹਾਂ) ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ।

ਬ੍ਰਹਮ ਗਿਆਨੀ ਸੰਗਿ ਸਗਲ ਉਧਾਰੁ ॥

ਬ੍ਰਹਮਗਿਆਨੀ ਦੀ ਸੰਗਤਿ ਵਿਚ ਸਭ ਦਾ ਬੇੜਾ ਪਾਰ ਹੁੰਦਾ ਹੈ,