ਆਸਾ ਮਹਲਾ ੧ ॥

ਗੁਰਮਤਿ ਸਾਚੀ ਹੁਜਤਿ ਦੂਰਿ ॥

ਜੋ ਮਨੁੱਖ ਗੁਰੂ ਦੀ (ਇਸ) ਮਤਿ ਨੂੰ ਦ੍ਰਿੜ ਕਰ ਕੇ ਧਾਰਦਾ ਹੈ, (ਪਰਮਾਤਮਾ ਦੀ ਅੰਗ-ਸੰਗਤਾ ਬਾਰੇ) ਉਸ ਮਨੁੱਖ ਦੀ ਅਸਰਧਾ ਦੂਰ ਹੋ ਜਾਂਦੀ ਹੈ।

ਬਹੁਤੁ ਸਿਆਣਪ ਲਾਗੈ ਧੂਰਿ ॥

(ਗੁਰੂ ਦੀ ਮਤਿ ਉਤੇ ਸਰਧਾ ਦੇ ਥਾਂ) ਮਨੁੱਖ ਦੀਆਂ ਆਪਣੀਆਂ ਬਹੁਤੀਆਂ ਚਤੁਰਾਈਆਂ ਨਾਲ ਮਨ ਵਿਚ (ਵਿਕਾਰਾਂ ਦੀ) ਮੈਲ ਇਕੱਠੀ ਹੁੰਦੀ ਹੈ।

ਲਾਗੀ ਮੈਲੁ ਮਿਟੈ ਸਚ ਨਾਇ ॥

ਇਹ ਇਕੱਠੀ ਹੋਈ ਮੈਲ ਸਦਾ-ਥਿਰ ਪ੍ਰਭੂ ਦੇ ਨਾਮ ਦੀ ਰਾਹੀਂ ਹੀ ਮਿਟ ਸਕਦੀ ਹੈ,

ਗੁਰਪਰਸਾਦਿ ਰਹੈ ਲਿਵ ਲਾਇ ॥੧॥

ਤੇ, ਗੁਰੂ ਦੀ ਕਿਰਪਾ ਨਾਲ ਹੀ ਮਨੁੱਖ (ਪਰਮਾਤਮਾ ਦੇ ਚਰਨਾਂ ਵਿਚ) ਸੁਰਤਿ ਟਿਕਾ ਕੇ ਰੱਖ ਸਕਦਾ ਹੈ ॥੧॥

ਹੈ ਹਜੂਰਿ ਹਾਜਰੁ ਅਰਦਾਸਿ ॥

(ਹੇ ਭਾਈ!) ਪਰਮਾਤਮਾ ਹਰ ਵੇਲੇ ਸਾਡੇ ਅੰਗ-ਸੰਗ ਹੈ, ਇਕ-ਮਨ ਹੋ ਕੇ ਉਸ ਦੇ ਅੱਗੇ ਅਰਦਾਸ ਕਰੋ।

ਦੁਖੁ ਸੁਖੁ ਸਾਚੁ ਕਰਤੇ ਪ੍ਰਭ ਪਾਸਿ ॥੧॥ ਰਹਾਉ ॥

ਇਹ ਯਕੀਨ ਜਾਣੋ ਕਿ ਹਰੇਕ ਜੀਵ ਦਾ ਦੁੱਖ-ਸੁਖ ਉਹ ਕਰਤਾਰ ਪ੍ਰਭੂ ਜਾਣਦਾ ਹੈ ॥੧॥ ਰਹਾਉ ॥

ਕੂੜੁ ਕਮਾਵੈ ਆਵੈ ਜਾਵੈ ॥

ਜੋ ਮਨੁੱਖ (ਅਸਰਧਾ-ਭਰੀਆਂ ਚਤੁਰਾਈਆਂ ਦੀ) ਵਿਅਰਥ ਕਮਾਈ ਕਰਦਾ ਹੈ ਉਹ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ,

ਕਹਣਿ ਕਥਨਿ ਵਾਰਾ ਨਹੀ ਆਵੈ ॥

ਉਸ ਦੀਆਂ ਇਹ ਵਿਅਰਥ ਗੱਲਾਂ ਕਦੇ ਮੁੱਕਦੀਆਂ ਹੀ ਨਹੀਂ।

ਕਿਆ ਦੇਖਾ ਸੂਝ ਬੂਝ ਨ ਪਾਵੈ ॥

(ਅਗਿਆਨੀ ਅੰਨ੍ਹੇ ਨੇ ਹੁੱਦਤਾਂ ਵਿਚ ਹੀ ਰਹਿ ਕੇ) ਅਸਲੀਅਤ ਵੇਖੀ ਨਹੀਂ, ਇਸ ਵਾਸਤੇ ਉਸ ਨੂੰ ਕੋਈ ਸਮਝ ਨਹੀਂ ਆਉਂਦੀ,

ਬਿਨੁ ਨਾਵੈ ਮਨਿ ਤ੍ਰਿਪਤਿ ਨ ਆਵੈ ॥੨॥

ਤੇ, ਪਰਮਾਤਮਾ ਦੇ ਨਾਮ ਤੋਂ ਬਿਨਾ ਉਸ ਦੇ ਮਨ ਵਿਚ ਸ਼ਾਂਤੀ ਨਹੀਂ ਆਉਂਦੀ ॥੨॥

ਜੋ ਜਨਮੇ ਸੇ ਰੋਗਿ ਵਿਆਪੇ ॥

ਜੋ ਭੀ ਜੀਵ ਜਗਤ ਵਿਚ ਜਨਮ ਲੈਂਦੇ ਹਨ (ਪਰਮਾਤਮਾ ਦੀ ਹਸਤੀ ਵਲੋਂ ਅਸਰਧਾ ਦੇ ਕਾਰਨ) ਆਤਮਕ ਰੋਗ ਵਿਚ ਦਬੇ ਰਹਿੰਦੇ ਹਨ,

ਹਉਮੈ ਮਾਇਆ ਦੂਖਿ ਸੰਤਾਪੇ ॥

ਤੇ, ਹਉਮੈ ਦੇ ਦੁੱਖ ਵਿਚ, ਮਾਇਆ ਦੇ ਮੋਹ ਦੇ ਦੁੱਖ ਵਿਚ ਉਹ ਕਲੇਸ਼ ਪਾਂਦੇ ਰਹਿੰਦੇ ਹਨ।

ਸੇ ਜਨ ਬਾਚੇ ਜੋ ਪ੍ਰਭਿ ਰਾਖੇ ॥

ਇਸ ਰੋਗ ਤੋਂ ਇਸ ਦੁੱਖ ਤੋਂ ਉਹੀ ਮਨੁੱਖ ਬਚਦੇ ਹਨ, ਜਿਨ੍ਹਾਂ ਦੀ ਪ੍ਰਭੂ ਨੇ ਆਪ ਰਾਖੀ ਕੀਤੀ;

ਸਤਿਗੁਰੁ ਸੇਵਿ ਅੰਮ੍ਰਿਤ ਰਸੁ ਚਾਖੇ ॥੩॥

ਜਿਨ੍ਹਾਂ ਨੇ ਗੁਰੂ ਦੇ ਦੱਸੇ ਰਸਤੇ ਉਤੇ ਤੁਰ ਕੇ ਪ੍ਰਭੂ ਦਾ ਅੰਮ੍ਰਿਤ-ਨਾਮ ਚੱਖਿਆ ॥੩॥

ਚਲਤਉ ਮਨੁ ਰਾਖੈ ਅੰਮ੍ਰਿਤੁ ਚਾਖੈ ॥

ਜੋ ਮਨੁੱਖ ਪਰਮਾਤਮਾ ਦਾ ਸਦਾ-ਥਿਰ ਰਹਿਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਚੰਚਲ ਮਨ ਨੂੰ ਕਾਬੂ ਵਿਚ ਰੱਖਦਾ ਹੈ,

ਸਤਿਗੁਰ ਸੇਵਿ ਅੰਮ੍ਰਿਤ ਸਬਦੁ ਭਾਖੈ ॥

ਜੋ ਮਨੁੱਖ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਅਟੱਲ ਆਤਮਕ ਜੀਵਨ ਦੇਣ ਵਾਲੀ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਹੈ,

ਸਾਚੈ ਸਬਦਿ ਮੁਕਤਿ ਗਤਿ ਪਾਏ ॥

ਉਹ ਮਨੁੱਖ ਇਸ ਸੱਚੀ ਬਾਣੀ ਦੀ ਰਾਹੀਂ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰ ਲੈਂਦਾ ਹੈ, ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ,

ਨਾਨਕ ਵਿਚਹੁ ਆਪੁ ਗਵਾਏ ॥੪॥੧੩॥

ਤੇ, ਹੇ ਨਾਨਕ! ਉਹ ਆਪਣੇ ਅੰਦਰੋਂ (ਆਪਣੀ ਸਿਆਣਪ ਦਾ) ਅਹੰਕਾਰ ਦੂਰ ਕਰ ਲੈਂਦਾ ਹੈ ॥੪॥੧੩॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਆਸਾ
ਲਿਖਾਰੀ: ਗੁਰੂ ਨਾਨਕ ਦੇਵ ਜੀ
ਅੰਗ: 352
ਲੜੀ ਸੰਃ: 11 - 17

ਰਾਗੁ ਆਸਾ

ਰਾਗ ਆਸਾ ਸੰਪੂਰਨ ਸੁਰਾਂ ਵਾਲਾ ਪੰਜਾਬ ਦਾ ਪ੍ਰਸਿੱਧ ਲੋਕ ਰਾਗ ਹੈ। ਇਹ ਬਿਲਾਵਲ ਥਾਟ ਦਾ ਰਾਗ ਹੈ ਜਿਸ ਵਿੱਚ ਮੱਧਮ (ਮਾ) ਵਾਦੀ ਅਤੇ ਸ਼ੜਜ (ਸਾ) ਸੰਵਾਦੀ ਹੈ। ਆਰੋਹੀ ਵਿੱਚ ਗੰਧਾਰ ਅਤੇ ਨਿਸ਼ਾਧ ਸਵਰ ਵਰਜਿਤ ਹਨ। ਇਸ ਕਰਕੇ ਇਸ ਦੀ ਜਾਤੀ ਔੜਵ-ਸੰਪੂਰਨ ਹੀ ਮੰਨੀ ਜਾਂਦੀ ਹੈ ਭਾਵ ਆਰੋਹੀ ਕ੍ਰਮ ਵਿਚ ਸਪਤਕ ਦੇ ਪੰਜ ਸਵਰ ਤੇ ਅਵਰੋਹੀ ਕ੍ਰਮ ਵਿਚ ਸੱਤ ਸਵਰ ਪ੍ਰਯੋਗ ਕੀਤੇ ਜਾਂਦੇ ਹਨ। ਇਸ ਰਾਗ ਦੇ ਗਾਇਨ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਸੰਧੀ ਪ੍ਰਕਾਸ਼ ਦਾ ਸਮਾਂ ਹੈ।