ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ (ਰਾਗਮਾਲਾ)

(ਅੰਗ: 4)


ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ ॥

(ਜਿਸ ਮਨੁੱਖ ਦਾ) ਮਨ (ਹਰ ਵੇਲੇ) ਮਾਇਆ (ਦੇ ਮੋਹ) ਵਿਚ ਫਸਿਆ ਰਹਿੰਦਾ ਹੈ (ਜਿਸ ਨੂੰ) ਪਰਮਾਤਮਾ ਦਾ ਨਾਮ (ਸਦਾ) ਭੁੱਲਾ ਰਹਿੰਦਾ ਹੈ,

ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ ॥੩੦॥

ਨਾਨਕ ਆਖਦਾ ਹੈ (ਦੱਸੋ) ਪਰਮਾਤਮਾ ਦੇ ਭਜਨ ਤੋਂ ਬਿਨਾ (ਉਸ ਦਾ) ਜੀਊਣਾ ਕਿਸ ਕੰਮ? ॥੩੦॥

ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ ॥

ਮਾਇਆ ਦੇ ਮੋਹ ਵਿਚ (ਫਸ ਕੇ ਆਤਮਕ ਜੀਵਨ ਵਲੋਂ) ਅੰਨ੍ਹਾ ਹੋਇਆ (ਜਿਹੜਾ) ਮਨੁੱਖ ਪਰਮਾਤਮਾ ਦਾ ਨਾਮ ਯਾਦ ਨਹੀਂ ਕਰਦਾ,

ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ ॥੩੧॥

ਨਾਨਕ ਆਖਦਾ ਹੈ ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਉਸ ਨੂੰ (ਉਸ ਦੇ ਗਲ ਵਿਚ) ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ ॥੩੧॥

ਸੁਖ ਮੈ ਬਹੁ ਸੰਗੀ ਭਏ ਦੁਖ ਮੈ ਸੰਗਿ ਨ ਕੋਇ ॥

(ਦੁਨੀਆ ਵਿਚ ਤਾਂ) ਸੁਖ ਵੇਲੇ ਅਨੇਕਾਂ ਮੇਲੀ-ਗੇਲੀ ਬਣ ਜਾਂਦੇ ਹਨ, ਪਰ ਦੁੱਖ ਵਿਚ ਕੋਈ ਭੀ ਨਾਲ ਨਹੀਂ ਹੁੰਦਾ।

ਕਹੁ ਨਾਨਕ ਹਰਿ ਭਜੁ ਮਨਾ ਅੰਤਿ ਸਹਾਈ ਹੋਇ ॥੩੨॥

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਪਰਮਾਤਮਾ) ਅੰਤ ਸਮੇ (ਭੀ) ਮਦਦਗਾਰ ਬਣਦਾ ਹੈ ॥੩੨॥

ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤ੍ਰਾਸੁ ॥

(ਪਰਮਾਤਮਾ ਦਾ ਸਿਮਰਨ ਭੁਲਾ ਕੇ ਜੀਵ) ਅਨੇਕਾਂ ਜਨਮਾਂ ਵਿਚ ਭਟਕਦਾ ਫਿਰਦਾ ਹੈ, ਜਮਾਂ ਦਾ ਡਰ (ਇਸ ਦੇ ਅੰਦਰੋਂ) ਮੁੱਕਦਾ ਨਹੀਂ।

ਕਹੁ ਨਾਨਕ ਹਰਿ ਭਜੁ ਮਨਾ ਨਿਰਭੈ ਪਾਵਹਿ ਬਾਸੁ ॥੩੩॥

ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਦਾ ਰਿਹਾ ਕਰ, (ਭਜਨ ਦੀ ਬਰਕਤਿ ਨਾਲ) ਤੂੰ ਉਸ ਪ੍ਰਭੂ ਵਿਚ ਨਿਵਾਸ ਪ੍ਰਾਪਤ ਕਰ ਲਏਂਗਾ ਜਿਸ ਨੂੰ ਕੋਈ ਡਰ ਪੋਹ ਨਹੀਂ ਸਕਦਾ ॥੩੩॥

ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥

ਹੇ ਭਗਵਾਨ! ਮੈਂ ਅਨੇਕਾਂ (ਹੋਰ ਹੋਰ) ਜਤਨ ਕਰ ਚੁੱਕਾ ਹਾਂ (ਉਹਨਾਂ ਜਤਨਾਂ ਨਾਲ) ਮਨ ਦਾ ਅਹੰਕਾਰ ਦੂਰ ਨਹੀਂ ਹੁੰਦਾ,

ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥

ਨਾਨਕ ਦਾ (ਇਹ ਮਨ) ਖੋਟੀ ਮੱਤ ਨਾਲ ਚੰਬੜਿਆ ਹੀ ਰਹਿੰਦਾ ਹੈ। ਹੇ ਭਗਵਾਨ! (ਤੂੰ ਆਪ ਹੀ) ਰੱਖਿਆ ਕਰ ॥੩੪॥

ਬਾਲ ਜੁਆਨੀ ਅਰੁ ਬਿਰਧਿ ਫੁਨਿ ਤੀਨਿ ਅਵਸਥਾ ਜਾਨਿ ॥

ਬਾਲ-ਅਵਸਥਾ, ਜੁਆਨੀ ਦੀ ਅਵਸਥਾ, ਅਤੇ ਫਿਰ ਬੁਢੇਪੇ ਦੀ ਅਵਸਥਾ-(ਉਮਰ ਦੀਆਂ ਇਹ) ਤਿੰਨ ਅਵਸਥਾ ਸਮਝ ਲੈ (ਜੋ ਮਨੁੱਖ ਤੇ ਆਉਂਦੀਆਂ ਹਨ)।

ਕਹੁ ਨਾਨਕ ਹਰਿ ਭਜਨ ਬਿਨੁ ਬਿਰਥਾ ਸਭ ਹੀ ਮਾਨੁ ॥੩੫॥

ਨਾਨਕ ਆਖਦਾ ਹੈ ਕਿ (ਪਰ ਇਹ) ਚੇਤੇ ਰੱਖ (ਕਿ) ਪਰਮਾਤਮਾ ਦੇ ਭਜਨ ਤੋਂ ਬਿਨਾ ਇਹ ਸਾਰੀਆਂ ਹੀ ਵਿਅਰਥ ਜਾਂਦੀਆਂ ਹਨ ॥੩੫॥

ਕਰਣੋ ਹੁਤੋ ਸੁ ਨਾ ਕੀਓ ਪਰਿਓ ਲੋਭ ਕੈ ਫੰਧ ॥

(ਮਾਇਆ ਦੇ ਮੋਹ ਵਿਚ) ਅੰਨ੍ਹੇ ਹੋ ਰਹੇ ਹੇ ਮਨੁੱਖ! ਜੋ ਕੁਝ ਤੂੰ ਕਰਨਾ ਸੀ, ਉਹ ਤੂੰ ਨਾਹ ਕੀਤਾ (ਸਾਰੀ ਉਮਰ) ਤੂੰ ਲੋਭ ਦੀ ਫਾਹੀ ਵਿਚ (ਹੀ) ਫਸਿਆ ਰਿਹਾ।

ਨਾਨਕ ਸਮਿਓ ਰਮਿ ਗਇਓ ਅਬ ਕਿਉ ਰੋਵਤ ਅੰਧ ॥੩੬॥

ਹੇ ਨਾਨਕ! (ਜ਼ਿੰਦਗੀ ਦਾ ਸਾਰਾ) ਸਮਾ (ਇਸੇ ਤਰ੍ਹਾਂ ਹੀ) ਗੁਜ਼ਰ ਗਿਆ। ਹੁਣ ਕਿਉਂ ਰੋਂਦਾ ਹੈਂ? (ਹੁਣ ਪਛੁਤਾਣ ਦਾ ਕੀ ਲਾਭ?) ॥੩੬॥

ਮਨੁ ਮਾਇਆ ਮੈ ਰਮਿ ਰਹਿਓ ਨਿਕਸਤ ਨਾਹਿਨ ਮੀਤ ॥

ਹੇ ਮਿੱਤਰ! ਜਿਹੜਾ ਮਨ ਮਾਇਆ (ਦੇ ਮੋਹ) ਵਿਚ ਫਸ ਜਾਂਦਾ ਹੈ, (ਉਹ ਇਸ ਮੋਹ ਵਿਚੋਂ ਆਪਣੇ ਆਪ) ਨਹੀਂ ਨਿਕਲ ਸਕਦਾ,

ਨਾਨਕ ਮੂਰਤਿ ਚਿਤ੍ਰ ਜਿਉ ਛਾਡਿਤ ਨਾਹਿਨ ਭੀਤਿ ॥੩੭॥

ਹੇ ਨਾਨਕ! ਜਿਵੇਂ (ਕੰਧ ਉਤੇ ਕਿਸੇ) ਮੂਰਤੀ ਦਾ ਲੀਕਿਆ ਹੋਇਆ ਰੂਪ ਕੰਧ ਨੂੰ ਨਹੀਂ ਛੱਡਦਾ ਕੰਧ ਨਾਲ ਚੰਬੜਿਆ ਰਹਿੰਦਾ ਹੈ ॥੩੭॥

ਨਰ ਚਾਹਤ ਕਛੁ ਅਉਰ ਅਉਰੈ ਕੀ ਅਉਰੈ ਭਈ ॥

(ਮਾਇਆ ਦੇ ਮੋਹ ਵਿਚ ਫਸ ਕੇ) ਮਨੁੱਖ (ਪ੍ਰਭੂ-ਸਿਮਰਨ ਦੇ ਥਾਂ) ਕੁਝ ਹੋਰ ਹੀ (ਭਾਵ, ਮਾਇਆ ਹੀ ਮਾਇਆ) ਮੰਗਦਾ ਰਹਿੰਦਾ ਹੈ। (ਪਰ ਕਰਤਾਰ ਦੀ ਰਜ਼ਾ ਵਿਚ) ਹੋਰ ਦੀ ਹੋਰ ਹੋ ਜਾਂਦੀ ਹੈ।

ਚਿਤਵਤ ਰਹਿਓ ਠਗਉਰ ਨਾਨਕ ਫਾਸੀ ਗਲਿ ਪਰੀ ॥੩੮॥

ਹੇ ਨਾਨਕ! (ਮਨੁੱਖ ਹੋਰਨਾਂ ਨੂੰ) ਠੱਗਣ ਦੀਆਂ ਸੋਚਾਂ ਸੋਚਦਾ ਹੈ (ਉਤੋਂ ਮੌਤ ਦੀ) ਫਾਹੀ ਗਲ ਵਿਚ ਆ ਪੈਂਦੀ ਹੈ ॥੩੮॥

ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ ॥

(ਜੀਵ ਭਾਵੇਂ) ਸੁਖਾਂ (ਦੀ ਪ੍ਰਾਪਤੀ) ਵਾਸਤੇ ਅਨੇਕਾਂ ਜਤਨ ਕਰਦਾ ਰਹਿੰਦਾ ਹੈ, ਅਤੇ ਦੁੱਖਾਂ ਵਾਸਤੇ ਜਤਨ ਨਹੀਂ ਕਰਦਾ (ਪਰ ਫਿਰ ਭੀ ਰਜ਼ਾ ਅਨੁਸਾਰ ਦੁਖ ਭੀ ਆ ਹੀ ਪੈਂਦੇ ਹਨ। ਸੁਖ ਭੀ ਤਦੋਂ ਹੀ ਮਿਲਦਾ ਹੈ ਜਦੋਂ ਪ੍ਰਭੂ ਦੀ ਰਜ਼ਾ ਹੋਵੇ)

ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ ॥੩੯॥

ਨਾਨਕ ਆਖਦਾ ਹੈ- ਹੇ ਮਨ! ਜੋ ਕੁਝ ਪਰਮਾਤਮਾ ਨੂੰ ਚੰਗਾ ਲੱਗਦਾ ਹੈ (ਜ਼ਰੂਰ) ਉਹ (ਹੀ) ਹੁੰਦਾ ਹੈ ॥੩੯॥