ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਤੇਗਬਹਾਦਰ ਜੀ ਦੇ ਸਲੋਕ।
ਜੇ ਤੂੰ ਪਰਮਾਤਮਾ ਦੇ ਗੁਣ ਕਦੇ ਨਹੀਂ ਗਾਏ, ਤਾਂ ਤੂੰ ਆਪਣਾ ਮਨੁੱਖਾ ਜਨਮ ਨਿਕੰਮਾ ਕਰ ਲਿਆ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ (ਤੇ, ਉਸ ਨੂੰ ਇਉਂ ਜ਼ਿੰਦਗੀ ਦਾ ਆਸਰਾ ਬਣਾ) ਜਿਵੇਂ ਪਾਣੀ ਨੂੰ ਮੱਛੀ (ਆਪਣੀ ਜਿੰਦ ਦਾ ਆਸਰਾ ਬਣਾਈ ਰੱਖਦੀ ਹੈ) ॥੧॥
ਤੂੰ ਵਿਸ਼ਿਆਂ ਨਾਲ ਕਿਉਂ (ਇਤਨਾ) ਮਸਤ ਰਹਿੰਦਾ ਹੈਂ? ਤੂੰ ਅੱਖ ਝਮਕਣ ਜਿਤਨੇ ਸਮੇ ਲਈ ਭੀ ਵਿਸ਼ਿਆਂ ਤੋਂ ਚਿੱਤ ਨਹੀਂ ਹਟਾਂਦਾ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। (ਭਜਨ ਦੀ ਬਰਕਤਿ ਨਾਲ) ਜਮਾਂ ਦੀ ਫਾਹੀ (ਗਲ ਵਿਚ) ਨਹੀਂ ਪੈਂਦੀ ॥੨॥
(ਤੇਰੀ) ਜੁਆਨੀ ਬੇ-ਪਰਵਾਹੀ ਵਿਚ ਹੀ ਲੰਘ ਗਈ, (ਹੁਣ) ਬੁਢੇਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ।
ਨਾਨਕ ਆਖਦਾ ਹੈ- ਹੇ ਮਨ! ਪਰਮਾਤਮਾ ਦਾ ਭਜਨ ਕਰਿਆ ਕਰ। ਉਮਰ ਲੰਘਦੀ ਜਾ ਰਹੀ ਹੈ ॥੩॥
(ਵੇਖ, ਤੂੰ ਹੁਣ) ਬੁੱਢਾ ਹੋ ਗਿਆ ਹੈਂ (ਪਰ ਤੈਨੂੰ ਅਜੇ ਭੀ ਇਹ) ਸਮਝ ਨਹੀਂ ਆ ਰਹੀ ਕਿ ਮੌਤ (ਸਿਰ ਤੇ) ਆ ਪਹੁੰਚੀ ਹੈ।
ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਤੂੰ ਕਿਉਂ ਪਰਮਾਤਮਾ ਦਾ ਭਜਨ ਨਹੀਂ ਕਰਦਾ? ॥੪॥
(ਹੇ ਭਾਈ!) ਧਨ, ਇਸਤ੍ਰੀ, ਸਾਰੀ ਜਾਇਦਾਦ-(ਇਸ ਨੂੰ) ਆਪਣੀ ਕਰ ਕੇ ਨਾਹ ਮੰਨ।
ਹੇ ਨਾਨਕ! ਇਹ ਗੱਲ ਸੱਚੀ ਸਮਝ ਕਿ ਇਹਨਾਂ ਸਾਰਿਆਂ ਵਿਚੋਂ ਕੋਈ ਇੱਕ ਭੀ ਤੇਰਾ ਸਾਥੀ ਨਹੀਂ ਬਣ ਸਕਦਾ ॥੫॥
ਪ੍ਰਭੂ ਜੀ ਵਿਕਾਰੀਆਂ ਨੂੰ ਵਿਕਾਰਾਂ ਤੋਂ ਬਚਾਣ ਵਾਲੇ ਹਨ, ਸਾਰੇ ਡਰ ਦੂਰ ਕਰਨ ਵਾਲੇ ਹਨ, ਅਤੇ ਨਿਖਸਮਿਆਂ ਦੇ ਖਸਮ ਹਨ।
ਨਾਨਕ ਆਖਦਾ ਹੈ- ਉਸ (ਪ੍ਰਭੂ) ਨੂੰ (ਇਉਂ) ਸਮਝਣਾ ਚਾਹੀਦਾ ਹੈ ਕਿ ਉਹ ਸਦਾ ਤੇਰੇ ਨਾਲ ਵੱਸਦਾ ਹੈ ॥੬॥
ਜਿਸ (ਪਰਮਾਤਮਾ) ਨੇ ਤੈਨੂੰ ਸਰੀਰ ਦਿੱਤਾ, ਧਨ ਦਿੱਤਾ, ਤੂੰ ਉਸ ਨਾਲ ਪਿਆਰ ਨਾਹ ਪਾਇਆ,
ਨਾਨਕ ਆਖਦਾ ਹੈ- ਹੇ ਝੱਲੇ ਮਨੁੱਖ! ਹੁਣ ਆਤੁਰ ਹੋ ਕੇ ਘਬਰਾਇਆ ਕਿਉਂ ਫਿਰਦਾ ਹੈਂ (ਭਾਵ, ਉਸ ਹਰੀ ਨੂੰ ਯਾਦ ਕਰਨ ਤੋਂ ਬਿਨਾ ਘਬਰਾਣਾ ਤਾਂ ਹੋਇਆ ਹੀ) ॥੭॥
ਜਿਸ (ਪਰਮਾਤਮਾ) ਨੇ ਸਰੀਰ ਦਿੱਤਾ, ਧਨ ਦਿੱਤਾ, ਜਾਇਦਾਦ ਦਿੱਤੀ, ਸੁਖ ਦਿੱਤੇ ਅਤੇ ਸੋਹਣੇ ਘਰ ਦਿੱਤੇ,
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ ਪਰਮਾਤਮਾ ਦਾ ਤੂੰ ਸਿਮਰਨ ਕਿਉਂ ਨਹੀਂ ਕਰਦਾ? ॥੮॥
ਪਰਮਾਤਮਾ (ਹੀ) ਸਾਰੇ ਸੁਖ ਦੇਣ ਵਾਲਾ ਹੈ, (ਉਸ ਦੇ ਬਰਾਬਰ ਦਾ ਹੋਰ) ਕੋਈ ਦੂਜਾ ਨਹੀਂ ਹੈ।
ਨਾਨਕ ਆਖਦਾ ਹੈ- ਹੇ ਮਨ! ਸੁਣ, ਉਸ (ਦਾ ਨਾਮ) ਸਿਮਰਦਿਆਂ ਉੱਚੀ ਆਤਮਕ ਅਵਸਥਾ (ਭੀ) ਪ੍ਰਾਪਤ ਹੋ ਜਾਂਦੀ ਹੈ ॥੯॥