ਸੁਖਮਨੀ ਸਾਹਿਬ

(ਅੰਗ: 80)


ਨਿਰਮਲ ਹੋਇ ਤੁਮੑਾਰੋ ਚੀਤ ॥

ਇਸ ਤਰ੍ਹਾਂ ਤੇਰੀ ਸੁਰਤ ਪਵਿਤ੍ਰ ਹੋਵੇਗੀ।

ਚਰਨ ਕਮਲ ਰਾਖਹੁ ਮਨ ਮਾਹਿ ॥

(ਹੇ ਭਾਈ!) ਪ੍ਰਭੂ ਦੇ ਕਮਲ (ਵਰਗੇ ਸੋਹਣੇ) ਚਰਨ ਆਪਣੇ ਮਨ ਵਿਚ ਪ੍ਰੋ ਰੱਖ,

ਜਨਮ ਜਨਮ ਕੇ ਕਿਲਬਿਖ ਜਾਹਿ ॥

ਇਸ ਤਰ੍ਹਾਂ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ।

ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥

(ਪ੍ਰਭੂ ਦਾ ਨਾਮ) ਤੂੰ ਆਪ ਜਪ, ਤੇ, ਹੋਰਨਾਂ ਨੂੰ ਜਪਣ ਲਈ ਪ੍ਰੇਰ,

ਸੁਨਤ ਕਹਤ ਰਹਤ ਗਤਿ ਪਾਵਹੁ ॥

(ਨਾਮ) ਸੁਣਦਿਆਂ, ਉੱਚਾਰਦਿਆਂ ਤੇ ਨਿਰਮਲ ਰਹਿਣੀ ਰਹਿੰਦਿਆਂ ਉੱਚੀ ਅਵਸਥਾ ਬਣ ਜਾਏਗੀ।

ਸਾਰ ਭੂਤ ਸਤਿ ਹਰਿ ਕੋ ਨਾਉ ॥

ਪ੍ਰਭੂ ਦਾ ਨਾਮ ਹੀ ਸਭ ਪਦਾਰਥਾਂ ਤੋਂ ਉੱਤਮ ਪਦਾਰਥ ਹੈ;

ਸਹਜਿ ਸੁਭਾਇ ਨਾਨਕ ਗੁਨ ਗਾਉ ॥੬॥

(ਤਾਂ ਤੇ) ਹੇ ਨਾਨਕ! ਆਤਮਕ ਅਡੋਲਤਾ ਵਿਚ ਟਿਕ ਕੇ ਪ੍ਰੇਮ ਨਾਲ ਪ੍ਰਭੂ ਦੇ ਗੁਣ ਗਾ ॥੬॥

ਗੁਨ ਗਾਵਤ ਤੇਰੀ ਉਤਰਸਿ ਮੈਲੁ ॥

(ਹੇ ਭਾਈ!) ਪ੍ਰਭੂ ਦੇ ਗੁਣ ਗਾਉਂਦਿਆਂ ਤੇਰੀ (ਵਿਕਾਰਾਂ ਦੀ) ਮੈਲ ਉਤਰ ਜਾਏਗੀ,

ਬਿਨਸਿ ਜਾਇ ਹਉਮੈ ਬਿਖੁ ਫੈਲੁ ॥

ਤੇ ਹਉਮੈ ਰੂਪੀ ਵਿਹੁ ਦਾ ਖਿਲਾਰਾ ਭੀ ਮਿਟ ਜਾਏਗਾ।

ਹੋਹਿ ਅਚਿੰਤੁ ਬਸੈ ਸੁਖ ਨਾਲਿ ॥

ਤੂੰ ਬੇਫ਼ਿਕਰ ਹੋ ਜਾਹਿਂਗਾ ਤੇ ਤੇਰਾ ਜੀਵਨ ਸੁਖ ਨਾਲ ਬਿਤੀਤ ਹੋਵੇਗਾ-

ਸਾਸਿ ਗ੍ਰਾਸਿ ਹਰਿ ਨਾਮੁ ਸਮਾਲਿ ॥

ਦਮ-ਬ-ਦਮ ਪ੍ਰਭੂ ਦੇ ਨਾਮ ਨੂੰ ਯਾਦ ਕਰ।

ਛਾਡਿ ਸਿਆਨਪ ਸਗਲੀ ਮਨਾ ॥

ਹੇ ਮਨ! ਸਾਰੀ ਚਤੁਰਾਈ ਛੱਡ ਦੇਹ,

ਸਾਧਸੰਗਿ ਪਾਵਹਿ ਸਚੁ ਧਨਾ ॥

ਸਦਾ ਨਾਲ ਨਿਭਣ ਵਾਲਾ ਧਨ ਸਤਸੰਗ ਵਿਚ ਮਿਲੇਗਾ।

ਹਰਿ ਪੂੰਜੀ ਸੰਚਿ ਕਰਹੁ ਬਿਉਹਾਰੁ ॥

ਪ੍ਰਭੂ ਦੇ ਨਾਮ ਦੀ ਰਾਸ ਇਕੱਠੀ ਕਰ, ਇਹੀ ਵਿਹਾਰ ਕਰ।

ਈਹਾ ਸੁਖੁ ਦਰਗਹ ਜੈਕਾਰੁ ॥

ਇਸ ਜੀਵਨ ਵਿਚ ਸੁਖ ਮਿਲੇਗਾ, ਤੇ, ਪ੍ਰਭੂ ਦੀ ਦਰਗਾਹ ਵਿਚ ਆਦਰ ਹੋਵੇਗਾ।

ਸਰਬ ਨਿਰੰਤਰਿ ਏਕੋ ਦੇਖੁ ॥

ਸਭ ਜੀਵਾਂ ਦੇ ਅੰਦਰ ਇਕ ਅਕਾਲ ਪੁਰਖ ਨੂੰ ਹੀ ਵੇਖ।

ਕਹੁ ਨਾਨਕ ਜਾ ਕੈ ਮਸਤਕਿ ਲੇਖੁ ॥੭॥

(ਪਰ) ਨਾਨਕ ਆਖਦਾ ਹੈ- (ਇਹ ਕੰਮ ਓਹੀ ਮਨੁੱਖ ਕਰਦਾ ਹੈ) ਜਿਸ ਦੇ ਮੱਥੇ ਤੇ ਭਾਗ ਹਨ ॥੭॥

ਏਕੋ ਜਪਿ ਏਕੋ ਸਾਲਾਹਿ ॥

ਇਕ ਪ੍ਰਭੂ ਨੂੰ ਹੀ ਜਪ, ਤੇ ਇਕ ਪ੍ਰਭੂ ਦੀ ਹੀ ਸਿਫ਼ਤਿ ਕਰ,

ਏਕੁ ਸਿਮਰਿ ਏਕੋ ਮਨ ਆਹਿ ॥

ਇਕ ਨੂੰ ਸਿਮਰ, ਤੇ, ਹੇ ਮਨ! ਇਕ ਪ੍ਰਭੂ ਦੇ ਮਿਲਣ ਦੀ ਤਾਂਘ ਰੱਖ।

ਏਕਸ ਕੇ ਗੁਨ ਗਾਉ ਅਨੰਤ ॥

ਇਕ ਪ੍ਰਭੂ ਦੇ ਹੀ ਗੁਣ ਗਾ,