ਸੁਖਮਨੀ ਸਾਹਿਬ

(ਅੰਗ: 73)


ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥

ਜਿਸ ਨੇ ਸਦਾ-ਥਿਰ ਤੇ ਵਿਆਪਕ ਪ੍ਰਭੂ ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ,

ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥

ਉਸ ਦੀ ਸੰਗਤਿ ਵਿਚ (ਰਹਿ ਕੇ) ਸਿੱਖ (ਵਿਕਾਰਾਂ ਤੋਂ) ਬਚ ਜਾਂਦਾ ਹੈ; (ਤਾਂ ਤੇ) ਹੇ ਨਾਨਕ! (ਤੂੰ ਭੀ ਗੁਰੂ ਦੀ ਸੰਗਤਿ ਵਿਚ ਰਹਿ ਕੇ) ਅਕਾਲ ਪੁਰਖ ਦੇ ਗੁਣ ਗਾ ॥੧॥

ਅਸਟਪਦੀ ॥

ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥

ਸਤਿਗੁਰੂ ਸਿੱਖ ਦੀ ਰੱਖਿਆ ਕਰਦਾ ਹੈ,

ਸੇਵਕ ਕਉ ਗੁਰੁ ਸਦਾ ਦਇਆਲ ॥

ਸਤਿਗੁਰੂ ਆਪਣੇ ਸੇਵਕ ਉਤੇ ਸਦਾ ਮੇਹਰ ਕਰਦਾ ਹੈ।

ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥

ਸਤਿਗੁਰੂ ਆਪਣੇ ਸਿੱਖ ਦੀ ਭੈੜੀ ਮਤਿ-ਰੂਪੀ ਮੈਲ ਦੂਰ ਕਰ ਦੇਂਦਾ ਹੈ,

ਗੁਰ ਬਚਨੀ ਹਰਿ ਨਾਮੁ ਉਚਰੈ ॥

ਕਿਉਂਕਿ ਸਿੱਖ ਆਪਣੇ ਸਤਿਗੁਰੂ ਦੇ ਉਪਦੇਸ਼ ਦੀ ਰਾਹੀਂ ਪ੍ਰਭੂ ਦਾ ਨਾਮ ਸਿਮਰਦਾ ਹੈ।

ਸਤਿਗੁਰੁ ਸਿਖ ਕੇ ਬੰਧਨ ਕਾਟੈ ॥

ਸਤਿਗੁਰੂ ਆਪਣੇ ਸਿੱਖ ਦੇ (ਮਾਇਆ ਦੇ) ਬੰਧਨ ਕੱਟ ਦੇਂਦਾ ਹੈ,

ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥

(ਅਤੇ) ਗੁਰੂ ਦਾ ਸਿੱਖ ਵਿਕਾਰਾਂ ਵਲੋਂ ਹਟ ਜਾਂਦਾ ਹੈ;

ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥

(ਕਿਉਂਕਿ) ਸਤਿਗੁਰੂ ਆਪਣੇ ਸਿੱਖ ਨੂੰ ਪ੍ਰਭੂ ਦਾ ਨਾਮ-ਰੂਪੀ ਧਨ ਦੇਂਦਾ ਹੈ,

ਗੁਰ ਕਾ ਸਿਖੁ ਵਡਭਾਗੀ ਹੇ ॥

(ਤੇ ਇਸ ਤਰ੍ਹਾਂ) ਸਤਿਗੁਰੂ ਦਾ ਸਿੱਖ ਵੱਡੇ ਭਾਗਾਂ ਵਾਲਾ ਬਣ ਜਾਂਦਾ ਹੈ।

ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥

ਸਤਿਗੁਰੂ ਆਪਣੇ ਸਿੱਖ ਦਾ ਲੋਕ ਪਰਲੋਕ ਸਵਾਰ ਦੇਂਦਾ ਹੈ।

ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥

ਹੇ ਨਾਨਕ! ਸਤਿਗੁਰੂ ਆਪਣੇ ਸਿੱਖ ਨੂੰ ਆਪਣੀ ਜਿੰਦ ਦੇ ਨਾਲ ਯਾਦ ਰੱਖਦਾ ਹੈ ॥੧॥

ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥

ਜੇਹੜਾ ਸੇਵਕ (ਸਿੱਖਿਆ ਦੀ ਖ਼ਾਤਰ) ਗੁਰੂ ਦੇ ਘਰ ਵਿਚ (ਭਾਵ ਗੁਰੂ ਦੇ ਦਰ ਤੇ) ਰਹਿੰਦਾ ਹੈ,

ਗੁਰ ਕੀ ਆਗਿਆ ਮਨ ਮਹਿ ਸਹੈ ॥

ਤੇ ਗੁਰੂ ਦਾ ਹੁਕਮ ਮਨ ਵਿਚ ਮੰਨਦਾ ਹੈ;

ਆਪਸ ਕਉ ਕਰਿ ਕਛੁ ਨ ਜਨਾਵੈ ॥

ਜੋ ਆਪਣੇ ਆਪ ਨੂੰ ਵੱਡਾ ਨਹੀਂ ਜਤਾਉਂਦਾ,

ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥

ਪ੍ਰਭੂ ਦਾ ਨਾਮ ਸਦਾ ਹਿਰਦੇ ਵਿਚ ਧਿਆਉਂਦਾ ਹੈ;

ਮਨੁ ਬੇਚੈ ਸਤਿਗੁਰ ਕੈ ਪਾਸਿ ॥

ਜੋ ਆਪਣਾ ਮਨ ਸਤਿਗੁਰੂ ਅੱਗੇ ਵੇਚ ਦੇਂਦਾ ਹੈ (ਭਾਵ ਗੁਰੂ ਦੇ ਹਵਾਲੇ ਕਰ ਦੇਂਦਾ ਹੈ)

ਤਿਸੁ ਸੇਵਕ ਕੇ ਕਾਰਜ ਰਾਸਿ ॥

ਉਸ ਸੇਵਕ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।

ਸੇਵਾ ਕਰਤ ਹੋਇ ਨਿਹਕਾਮੀ ॥

ਜੋ ਸੇਵਕ (ਗੁਰੂ ਦੀ) ਸੇਵਾ ਕਰਦਾ ਹੋਇਆ ਕਿਸੇ ਫਲ ਦੀ ਖ਼ਾਹਸ਼ ਨਹੀਂ ਰੱਖਦਾ,