ਸਿਫ਼ਿਤ-ਸਾਲਾਹ ਦੀ ਇਹ ਬਖ਼ਸ਼ਸ਼ ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਹੀ) ਕੀਤੀ ਹੈ;
(ਸੇਵਕ) ਅੰਦਰਲੇ ਉਤਸ਼ਾਹ ਨਾਲ ਭਗਤੀ ਕਰਦੇ ਹਨ,
ਤੇ ਆਪਣੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ।
(ਸੇਵਕ) ਆਪਣੇ ਪ੍ਰਭੂ ਦਾ ਹੁਕਮ ਪਛਾਣ ਲੈਂਦਾ ਹੈ,
ਤੇ, ਜੋ ਕੁਝ ਹੋ ਰਿਹਾ ਹੈ, ਉਸ ਨੂੰ (ਰਜ਼ਾ ਵਿਚ) ਜਾਣਦਾ ਹੈ;
ਇਹੋ ਜਿਹੇ ਸੇਵਕ ਦੀ ਕੇਹੜੀ ਵਡਿਆਈ ਮੈਂ ਦੱਸਾਂ?
ਮੈਂ ਉਸ ਸੇਵਕ ਦਾ ਇਕ ਗੁਣ ਬਿਆਨ ਕਰਨਾ ਭੀ ਨਹੀਂ ਜਾਣਦਾ।
ਜੋ ਅੱਠੇ ਪਹਰ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ,
ਨਾਨਕ ਆਖਦਾ ਹੈ- ਉਹ ਮਨੁੱਖ ਪੂਰੇ ਭਾਂਡੇ ਹਨ ॥੭॥
ਹੇ ਮੇਰੇ ਮਨ! (ਜੋ ਮਨੁੱਖ਼ ਸਦਾ ਪ੍ਰਭੂ ਦੀ ਹਜ਼ੂਰੀ ਵਿਚ ਵੱਸਦੇ ਹਨ) ਉਹਨਾਂ ਦੀ ਸਰਣੀ ਪਉ,
ਅਤੇ ਆਪਣਾ ਤਨ ਮਨ ਉਹਨਾਂ ਤੋਂ ਸਦਕੇ ਕਰ ਦੇਹ।
ਜਿਸ ਮਨੁੱਖ ਨੇ ਅਪਣੇ ਪ੍ਰਭੂ ਨੂੰ ਪਛਾਣ ਲਿਆ ਹੈ,
ਉਹ ਮਨੁੱਖ ਸਾਰੇ ਪਦਾਰਥ ਦੇਣ ਦੇ ਸਮਰੱਥ ਹੋ ਜਾਂਦਾ ਹੈ।
(ਹੇ ਮਨ!) ਉਸ ਦੀ ਸਰਣੀ ਪਿਆਂ ਤੂੰ ਸਾਰੇ ਸੁਖ ਪਾਵਹਿਂਗਾ,
ਉਸ ਦੇ ਦੀਦਾਰ ਨਾਲ ਤੂੰ ਸਾਰੇ ਪਾਪ ਦੂਰ ਕਰ ਲਵਹਿਂਗਾ।
ਹੋਰ ਚੁਤਰਾਈ ਛੱਡ ਦੇਹ,
ਤੇ ਉਸ ਸੇਵਕ ਦੀ ਸੇਵਾ ਵਿਚ ਜੁੱਟ ਪਉ।
(ਇਸ ਤਰ੍ਹਾਂ ਮੁੜ ਮੁੜ ਜਗਤ ਵਿਚ) ਤੇਰਾ ਆਉਣ ਜਾਣ ਨਹੀਂ ਹੋਵੇਗਾ।
ਹੇ ਨਾਨਕ! ਉਸ ਸੰਤ ਜਨ ਦੇ ਸਦਾ ਪੈਰ ਪੂਜ ॥੮॥੧੭॥