ਸੁਖਮਨੀ ਸਾਹਿਬ

(ਅੰਗ: 60)


ਕਰਣੈਹਾਰੁ ਪਛਾਣੈ ਸੋਇ ॥

ਤੇ ਸਭ ਕੁਝ ਕਰਨ ਵਾਲਾ ਪ੍ਰਭੂ ਨੂੰ ਹੀ ਸਮਝਦਾ ਹੈ।

ਪ੍ਰਭ ਕਾ ਕੀਆ ਜਨ ਮੀਠ ਲਗਾਨਾ ॥

(ਪ੍ਰਭੂ ਦੇ) ਸੇਵਕਾਂ ਨੂੰ ਪ੍ਰਭੂ ਦਾ ਕੀਤਾ ਹੋਇਆ ਮਿੱਠਾ ਲੱਗਦਾ ਹੈ,

ਜੈਸਾ ਸਾ ਤੈਸਾ ਦ੍ਰਿਸਟਾਨਾ ॥

(ਕਿਉਂਕਿ) ਪ੍ਰਭੂ ਜਿਹੋ ਜਿਹਾ (ਸਰਬ-ਵਿਆਪਕ) ਹੈ ਉਹੋ ਜਿਹਾ ਉਹਨਾਂ ਨੂੰ ਨਜ਼ਰੀਂ ਆਉਂਦਾ ਹੈ।

ਜਿਸ ਤੇ ਉਪਜੇ ਤਿਸੁ ਮਾਹਿ ਸਮਾਏ ॥

ਜਿਸ ਪ੍ਰਭੂ ਤੋਂ ਉਹ ਸੇਵਕ ਪੈਦਾ ਹੋਏ ਹਨ, ਉਸੇ ਵਿਚ ਲੀਨ ਰਹਿੰਦੇ ਹਨ,

ਓਇ ਸੁਖ ਨਿਧਾਨ ਉਨਹੂ ਬਨਿ ਆਏ ॥

ਉਹ ਸੁਖਾਂ ਦਾ ਖ਼ਜ਼ਾਨਾ ਹੋ ਜਾਂਦੇ ਹਨ ਤੇ ਇਹ ਦਰਜਾ ਫੱਬਦਾ ਭੀ ਉਹਨਾਂ ਨੂੰ ਹੀ ਹੈ।

ਆਪਸ ਕਉ ਆਪਿ ਦੀਨੋ ਮਾਨੁ ॥

(ਸੇਵਕ ਨੂੰ ਮਾਣ ਦੇ ਕੇ) ਪ੍ਰਭੂ ਆਪਣੇ ਆਪ ਨੂੰ ਆਪ ਮਾਣ ਦੇਂਦਾ ਹੈ (ਕਿਉਂਕਿ ਸੇਵਕ ਦਾ ਮਾਣ ਪ੍ਰਭੂ ਦਾ ਹੀ ਮਾਣ ਹੈ)

ਨਾਨਕ ਪ੍ਰਭ ਜਨੁ ਏਕੋ ਜਾਨੁ ॥੮॥੧੪॥

ਹੇ ਨਾਨਕ! ਪ੍ਰਭੂ ਤੇ ਪ੍ਰਭੂ ਦੇ ਸੇਵਕ ਨੂੰ ਇਕ ਰੂਪ ਸਮਝੋ ॥੮॥੧੪॥

ਸਲੋਕੁ ॥

ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨਹਾਰ ॥

ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ, (ਸਭ ਜੀਵਾਂ ਦੇ) ਦੁੱਖ-ਦਰਦ ਜਾਣਦਾ ਹੈ।

ਜਾ ਕੈ ਸਿਮਰਨਿ ਉਧਰੀਐ ਨਾਨਕ ਤਿਸੁ ਬਲਿਹਾਰ ॥੧॥

ਹੇ ਨਾਨਕ! ਜਿਸ (ਐਸੇ ਪ੍ਰਭੂ) ਦੇ ਸਿਮਰਨ ਨਾਲ (ਵਿਕਾਰਾਂ ਤੋਂ) ਬਚ ਸਕੀਦਾ ਹੈ, ਉਸ ਤੋਂ (ਸਦਾ) ਸਦਕੇ ਜਾਈਏ ॥੧॥

ਅਸਟਪਦੀ ॥

ਟੂਟੀ ਗਾਢਨਹਾਰ ਗੁੋਪਾਲ ॥

(ਜੀਵਾਂ ਦੀ ਦਿਲ ਦੀ) ਟੁੱਟੀ ਹੋਈ (ਤਾਰ) ਨੂੰ (ਆਪਣੇ ਨਾਲ) ਗੰਢਣ ਵਾਲਾ ਗੋਪਾਲ ਪ੍ਰਭੂ ਆਪ ਹੈ।

ਸਰਬ ਜੀਆ ਆਪੇ ਪ੍ਰਤਿਪਾਲ ॥

ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ (ਭੀ ਆਪ) ਹੈ।

ਸਗਲ ਕੀ ਚਿੰਤਾ ਜਿਸੁ ਮਨ ਮਾਹਿ ॥

ਜਿਸ ਪ੍ਰਭੂ ਨੂੰ ਆਪਣੇ ਮਨ ਵਿਚ ਸਾਰਿਆਂ (ਦੀ ਰੋਜ਼ੀ) ਦਾ ਫ਼ਿਕਰ ਹੈ,

ਤਿਸ ਤੇ ਬਿਰਥਾ ਕੋਈ ਨਾਹਿ ॥

ਉਸ (ਦੇ ਦਰ) ਤੋਂ ਕੋਈ ਜੀਵ ਨਾ-ਉਮੈਦ ਨਹੀਂ (ਆਉਂਦਾ)।

ਰੇ ਮਨ ਮੇਰੇ ਸਦਾ ਹਰਿ ਜਾਪਿ ॥

ਹੇ ਮੇਰੇ ਮਨ! ਸਦਾ ਪ੍ਰਭੂ ਨੂੰ ਜਪ,

ਅਬਿਨਾਸੀ ਪ੍ਰਭੁ ਆਪੇ ਆਪਿ ॥

ਉਹ ਨਾਸ-ਰਹਿਤ ਹੈ ਤੇ ਆਪਣੇ ਜਿਹਾ ਆਪ ਹੀ ਹੈ।

ਆਪਨ ਕੀਆ ਕਛੂ ਨ ਹੋਇ ॥

ਪ੍ਰਾਣੀ ਦਾ ਆਪਣੇ ਜਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜ੍ਹਦਾ,

ਜੇ ਸਉ ਪ੍ਰਾਨੀ ਲੋਚੈ ਕੋਇ ॥

ਜੇ ਕੋਈ ਪ੍ਰਾਣੀ ਸੌ ਵਾਰੀ ਤਾਂਘ ਕਰੇ।

ਤਿਸੁ ਬਿਨੁ ਨਾਹੀ ਤੇਰੈ ਕਿਛੁ ਕਾਮ ॥

ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ (ਅਸਲੀ) ਕੰਮ ਦੀ ਨਹੀਂ ਹੈ,