ਸੁਖਮਨੀ ਸਾਹਿਬ

(ਅੰਗ: 61)


ਗਤਿ ਨਾਨਕ ਜਪਿ ਏਕ ਹਰਿ ਨਾਮ ॥੧॥

ਹੇ ਨਾਨਕ! ਇਕ ਪ੍ਰਭੂ ਦਾ ਨਾਮ ਜਪ ਤਾਂ ਗਤਿ ਹੋਵੇਗੀ ॥੧॥

ਰੂਪਵੰਤੁ ਹੋਇ ਨਾਹੀ ਮੋਹੈ ॥

ਰੂਪ ਵਾਲਾ ਹੋ ਕੇ ਕੋਈ ਪ੍ਰਾਣੀ (ਰੂਪ ਦਾ) ਮਾਣ ਨਾਹ ਕਰੇ,

ਪ੍ਰਭ ਕੀ ਜੋਤਿ ਸਗਲ ਘਟ ਸੋਹੈ ॥

(ਕਿਉਂਕ) ਸਾਰੇ ਸਰੀਰਾਂ ਵਿਚ ਪ੍ਰਭੂ ਦੀ ਹੀ ਜੋਤਿ ਸੋਭਦੀ ਹੈ।

ਧਨਵੰਤਾ ਹੋਇ ਕਿਆ ਕੋ ਗਰਬੈ ॥

ਧਨ ਵਾਲਾ ਹੋ ਕੇ ਕੀਹ ਕੋਈ ਮਨੁੱਖ ਅਹੰਕਾਰ ਕਰੇ,

ਜਾ ਸਭੁ ਕਿਛੁ ਤਿਸ ਕਾ ਦੀਆ ਦਰਬੈ ॥

ਜਦੋਂ ਸਾਰਾ ਧਨ ਉਸ ਪ੍ਰਭੂ ਦਾ ਹੀ ਬਖ਼ਸ਼ਿਆ ਹੋਇਆ ਹੈ?

ਅਤਿ ਸੂਰਾ ਜੇ ਕੋਊ ਕਹਾਵੈ ॥

ਜੇ ਕੋਈ ਮਨੁੱਖ (ਆਪਣੇ ਆਪ ਨੂੰ) ਬੜਾ ਸੂਰਮਾ ਅਖਵਾਏ,

ਪ੍ਰਭ ਕੀ ਕਲਾ ਬਿਨਾ ਕਹ ਧਾਵੈ ॥

(ਤਾਂ ਰਤਾ ਇਹ ਤਾਂ ਸੋਚੇ ਕਿ) ਪ੍ਰਭੂ ਦੀ (ਦਿੱਤੀ ਹੋਈ) ਤਾਕਤ ਤੋਂ ਬਿਨਾ ਕਿਥੇ ਦੌੜ ਸਕਦਾ ਹੈ।

ਜੇ ਕੋ ਹੋਇ ਬਹੈ ਦਾਤਾਰੁ ॥

ਜੇ ਕੋਈ ਬੰਦਾ (ਧਨਾਢ ਹੋ ਕੇ) ਦਾਤਾ ਬਣ ਬੈਠੇ,

ਤਿਸੁ ਦੇਨਹਾਰੁ ਜਾਨੈ ਗਾਵਾਰੁ ॥

ਤਾਂ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ (ਸਭ ਜੀਵਾਂ ਨੂੰ) ਦੇਣ ਜੋਗਾ ਹੈ।

ਜਿਸੁ ਗੁਰਪ੍ਰਸਾਦਿ ਤੂਟੈ ਹਉ ਰੋਗੁ ॥

ਜਿਸ ਦਾ ਅਹੰਕਾਰ ਰੂਪੀ ਰੋਗ ਗੁਰੂ ਦੀ ਕਿਰਪਾ ਨਾਲ ਦੂਰ ਹੁੰਦਾ ਹੈ,

ਨਾਨਕ ਸੋ ਜਨੁ ਸਦਾ ਅਰੋਗੁ ॥੨॥

ਹੇ ਨਾਨਕ! ਉਹ ਮਨੁੱਖ ਸਦਾ ਨਿਰੋਆ ਹੈ ॥੨॥

ਜਿਉ ਮੰਦਰ ਕਉ ਥਾਮੈ ਥੰਮਨੁ ॥

ਜਿਵੇਂ ਘਰ (ਦੇ ਛੱਤ) ਨੂੰ ਥੰਮ੍ਹ ਸਹਾਰਾ ਦੇਂਦਾ ਹੈ,

ਤਿਉ ਗੁਰ ਕਾ ਸਬਦੁ ਮਨਹਿ ਅਸਥੰਮਨੁ ॥

ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ।

ਜਿਉ ਪਾਖਾਣੁ ਨਾਵ ਚੜਿ ਤਰੈ ॥

ਜਿਵੇਂ ਪੱਥਰ ਬੇੜੀ ਵਿਚ ਚੜ੍ਹ ਕੇ (ਨਦੀ ਆਦਿਕ ਤੋਂ) ਪਾਰ ਲੰਘ ਜਾਂਦਾ ਹੈ,

ਪ੍ਰਾਣੀ ਗੁਰ ਚਰਣ ਲਗਤੁ ਨਿਸਤਰੈ ॥

ਤਿਵੇਂ ਗੁਰੂ ਦੀ ਚਰਨੀਂ ਲੱਗਾ ਹੋਇਆ ਬੰਦਾ (ਸੰਸਾਰ-ਸਮੁੰਦਰ ਤੋਂ) ਤਰ ਜਾਂਦਾ ਹੈ।

ਜਿਉ ਅੰਧਕਾਰ ਦੀਪਕ ਪਰਗਾਸੁ ॥

ਜਿਵੇਂ ਦੀਵਾ ਹਨੇਰਾ (ਦੂਰ ਕਰ ਕੇ) ਚਾਨਣ ਕਰ ਦੇਂਦਾ ਹੈ,

ਗੁਰ ਦਰਸਨੁ ਦੇਖਿ ਮਨਿ ਹੋਇ ਬਿਗਾਸੁ ॥

ਤਿਵੇਂ ਗੁਰੂ ਦਾ ਦੀਦਾਰ ਕਰ ਕੇ ਮਨ ਵਿਚ ਖਿੜਾਉ (ਪੈਦਾ) ਹੋ ਜਾਂਦਾ ਹੈ।

ਜਿਉ ਮਹਾ ਉਦਿਆਨ ਮਹਿ ਮਾਰਗੁ ਪਾਵੈ ॥

ਜਿਵੇਂ (ਕਿਸੇ) ਵੱਡੇ ਜੰਗਲ ਵਿਚ (ਖੁੰਝੇ ਹੋਏ ਨੂੰ) ਰਾਹ ਲੱਭ ਪਏ,

ਤਿਉ ਸਾਧੂ ਸੰਗਿ ਮਿਲਿ ਜੋਤਿ ਪ੍ਰਗਟਾਵੈ ॥

ਤਿਵੇਂ ਸਾਧੂ ਦੀ ਸੰਗਤ ਵਿਚ ਬੈਠਿਆਂ (ਅਕਾਲ ਪੁਰਖ ਦੀ) ਜੋਤਿ (ਮਨੁੱਖ ਦੇ ਅੰਦਰ) ਪ੍ਰਗਟਦੀ ਹੈ।

ਤਿਨ ਸੰਤਨ ਕੀ ਬਾਛਉ ਧੂਰਿ ॥

ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ।