ਸੁਖਮਨੀ ਸਾਹਿਬ

(ਅੰਗ: 62)


ਨਾਨਕ ਕੀ ਹਰਿ ਲੋਚਾ ਪੂਰਿ ॥੩॥

ਹੇ ਪ੍ਰਭੂ! ਨਾਨਕ ਦੀ ਇਹ ਖ਼ਾਹਸ਼ ਪੂਰੀ ਕਰ ॥੩॥

ਮਨ ਮੂਰਖ ਕਾਹੇ ਬਿਲਲਾਈਐ ॥

ਹੇ ਮੂਰਖ ਮਨ! (ਦੁੱਖ ਮਿਲਣ ਤੇ) ਕਿਉਂ ਵਿਲਕਦਾ ਹੈਂ?

ਪੁਰਬ ਲਿਖੇ ਕਾ ਲਿਖਿਆ ਪਾਈਐ ॥

ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ।

ਦੂਖ ਸੂਖ ਪ੍ਰਭ ਦੇਵਨਹਾਰੁ ॥

ਦੁੱਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ,

ਅਵਰ ਤਿਆਗਿ ਤੂ ਤਿਸਹਿ ਚਿਤਾਰੁ ॥

(ਤਾਂ ਤੇ) ਹੋਰ (ਆਸਰੇ) ਛੱਡ ਕੇ ਤੂੰ ਉਸੇ ਨੂੰ ਯਾਦ ਕਰ।

ਜੋ ਕਛੁ ਕਰੈ ਸੋਈ ਸੁਖੁ ਮਾਨੁ ॥

ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ।

ਭੂਲਾ ਕਾਹੇ ਫਿਰਹਿ ਅਜਾਨ ॥

ਹੇ ਅੰਞਾਣ! ਕਿਉ ਭੁੱਲਿਆਂ ਫਿਰਦਾ ਹੈਂ?

ਕਉਨ ਬਸਤੁ ਆਈ ਤੇਰੈ ਸੰਗ ॥

(ਦੱਸ) ਕੇਹੜੀ ਚੀਜ਼ ਤੇਰੇ ਨਾਲ ਆਈ ਸੀ।

ਲਪਟਿ ਰਹਿਓ ਰਸਿ ਲੋਭੀ ਪਤੰਗ ॥

ਹੇ ਲੋਭੀ ਭੰਬਟ! ਤੂੰ (ਮਾਇਆ ਦੇ) ਸੁਆਦ ਵਿਚ ਮਸਤ ਹੋ ਰਿਹਾ ਹੈਂ।

ਰਾਮ ਨਾਮ ਜਪਿ ਹਿਰਦੇ ਮਾਹਿ ॥

ਹਿਰਦੇ ਵਿਚ ਪ੍ਰਭੂ ਦਾ ਨਾਮ ਜਪ,

ਨਾਨਕ ਪਤਿ ਸੇਤੀ ਘਰਿ ਜਾਹਿ ॥੪॥

ਹੇ ਨਾਨਕ! (ਇਸੇ ਤਰ੍ਹਾਂ) ਇੱਜ਼ਤ ਨਾਲ (ਪਰਲੋਕ ਵਾਲੇ) ਘਰ ਵਿਚ ਜਾਵਹਿਂਗਾ ॥੪॥

ਜਿਸੁ ਵਖਰ ਕਉ ਲੈਨਿ ਤੂ ਆਇਆ ॥

(ਹੇ ਭਾਈ!) ਜੇਹੜਾ ਸੌਦਾ ਖ਼ਰੀਦਣ ਵਾਸਤੇ ਤੂੰ (ਜਗਤ ਵਿਚ) ਆਇਆ ਹੈਂ,

ਰਾਮ ਨਾਮੁ ਸੰਤਨ ਘਰਿ ਪਾਇਆ ॥

ਉਹ ਰਾਮ ਨਾਮ (-ਰੂਪੀ ਸੌਦਾ) ਸੰਤਾਂ ਦੇ ਘਰ ਵਿਚ ਮਿਲਦਾ ਹੈ।

ਤਜਿ ਅਭਿਮਾਨੁ ਲੇਹੁ ਮਨ ਮੋਲਿ ॥

(ਇਸ ਵਾਸਤੇ) ਅਹੰਕਾਰ ਛੱਡ ਦੇਹ, ਤੇ ਮਨ ਦੇ ਵੱਟੇ (ਇਹ ਵੱਖਰ) ਖ਼ਰੀਦ ਲੈ,

ਰਾਮ ਨਾਮੁ ਹਿਰਦੇ ਮਹਿ ਤੋਲਿ ॥

ਅਤੇ ਪ੍ਰਭੂ ਦਾ ਨਾਮ ਹਿਰਦੇ ਵਿਚ ਪਰਖ।

ਲਾਦਿ ਖੇਪ ਸੰਤਹ ਸੰਗਿ ਚਾਲੁ ॥

ਸੰਤਾਂ ਦੇ ਸੰਗ ਤੁਰ ਤੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ,

ਅਵਰ ਤਿਆਗਿ ਬਿਖਿਆ ਜੰਜਾਲ ॥

ਮਾਇਆ ਦੇ ਹੋਰ ਧੰਧੇ ਛੱਡ ਦੇਹ।

ਧੰਨਿ ਧੰਨਿ ਕਹੈ ਸਭੁ ਕੋਇ ॥

(ਜੇ ਇਹ ਉੱਦਮ ਕਰਹਿਂਗਾ ਤਾਂ) ਹਰੇਕ ਜੀਵ ਤੈਨੂੰ ਸ਼ਾਬਾਸ਼ੇ ਆਖੇਗਾ,

ਮੁਖ ਊਜਲ ਹਰਿ ਦਰਗਹ ਸੋਇ ॥

ਤੇ ਪ੍ਰਭੂ ਦੀ ਦਰਗਾਹ ਵਿਚ ਭੀ ਤੇਰਾ ਮੂੰਹ ਉਜਲਾ ਹੋਵੇਗਾ।

ਇਹੁ ਵਾਪਾਰੁ ਵਿਰਲਾ ਵਾਪਾਰੈ ॥

(ਪਰ) ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ।