ਸੋਰਠਿ ਮਹਲਾ ੫ ॥

ਜਨਮ ਜਨਮ ਕੇ ਦੂਖ ਨਿਵਾਰੈ ਸੂਕਾ ਮਨੁ ਸਾਧਾਰੈ ॥

ਹੇ ਭਾਈ! ਵੈਦ-ਗੁਰੂ (ਸਰਣ-ਪਏ ਮਨੁੱਖ ਦੇ) ਅਨੇਕਾਂ ਜਨਮਾਂ ਦੇ ਦੁੱਖ ਦੂਰ ਕਰ ਦੇਂਦਾ ਹੈ, ਆਤਮਕ ਜੀਵਨ ਦੀ ਹਰਿਆਵਲ ਤੋਂ ਸੱਖਣੇ ਉਸ ਦੇ ਮਨ ਨੂੰ (ਨਾਮ-ਦਾਰੂ ਦਾ ਸਹਾਰਾ ਦੇਂਦਾ ਹੈ।

ਦਰਸਨੁ ਭੇਟਤ ਹੋਤ ਨਿਹਾਲਾ ਹਰਿ ਕਾ ਨਾਮੁ ਬੀਚਾਰੈ ॥੧॥

ਗੁਰੂ ਦਾ ਦਰਸਨ ਕਰਦਿਆਂ ਹੀ (ਮਨੁੱਖ) ਖਿੜ ਆਉਂਦਾ ਹੈ, ਤੇ, ਪਰਮਾਤਮਾ ਦੇ ਨਾਮ ਨੂੰ ਆਪਣੇ ਸੋਚ-ਮੰਡਲ ਵਿਚ ਵਸਾ ਲੈਂਦਾ ਹੈ ॥੧॥

ਮੇਰਾ ਬੈਦੁ ਗੁਰੂ ਗੋਵਿੰਦਾ ॥

ਹੇ ਭਾਈ! ਗੋਬਿੰਦ ਦਾ ਰੂਪ ਮੇਰਾ ਗੁਰੂ (ਪੂਰਾ) ਹਕੀਮ ਹੈ।

ਹਰਿ ਹਰਿ ਨਾਮੁ ਅਉਖਧੁ ਮੁਖਿ ਦੇਵੈ ਕਾਟੈ ਜਮ ਕੀ ਫੰਧਾ ॥੧॥ ਰਹਾਉ ॥

(ਇਹ ਹਕੀਮ ਜਿਸ ਮਨੁੱਖ ਦੇ) ਮੂੰਹ ਵਿਚ ਹਰਿ-ਨਾਮ ਦਵਾਈ ਪਾਂਦਾ ਹੈ, (ਉਸ ਦੀ) ਜਮ ਦੀ ਫਾਹੀ ਕੱਟ ਦੇਂਦਾ ਹੈ (ਆਤਮਕ ਮੌਤ ਲਿਆਉਣ ਵਾਲੇ ਵਿਕਾਰਾਂ ਦੀ ਫਾਹੀ ਉਸ ਦੇ ਅੰਦਰੋਂ ਕੱਟ ਦੇਂਦਾ ਹੈ) ॥੧॥ ਰਹਾਉ ॥

ਸਮਰਥ ਪੁਰਖ ਪੂਰਨ ਬਿਧਾਤੇ ਆਪੇ ਕਰਣੈਹਾਰਾ ॥

ਹੇ ਨਾਨਕ! (ਆਖ-) ਹੇ ਸਭ ਤਾਕਤਾਂ ਦੇ ਮਾਲਕ! ਹੇ ਸਰਬ-ਵਿਆਪਕ! ਹੇ ਭਰਪੂਰ! ਹੇ ਸਭ ਜੀਵਾਂ ਦੇ ਪੈਦਾ ਕਰਨ ਵਾਲੇ! ਤੂੰ ਆਪ ਹੀ (ਗੁਰੂ ਨੂੰ ਪੂਰਾ ਵੈਦ) ਬਣਾਣ ਵਾਲਾ ਹੈਂ।

ਅਪੁਨਾ ਦਾਸੁ ਹਰਿ ਆਪਿ ਉਬਾਰਿਆ ਨਾਨਕ ਨਾਮ ਅਧਾਰਾ ॥੨॥੬॥੩੪॥

ਆਪਣੇ ਸੇਵਕ ਨੂੰ (ਵੈਦ-ਗੁਰੂ ਪਾਸੋਂ) ਨਾਮ ਦਾ ਆਸਰਾ ਦਿਵਾ ਕੇ ਤੂੰ ਆਪ ਹੀ (ਜਮ ਦੀ ਫਾਹੀ ਤੋਂ) ਬਚਾ ਲੈਂਦਾ ਹੈਂ ॥੨॥੬॥੩੪॥

Sri Guru Granth Sahib
ਸ਼ਬਦ ਬਾਰੇ

ਸਿਰਲੇਖ: ਰਾਗੁ ਸੋਰਠਿ
ਲਿਖਾਰੀ: ਗੁਰੂ ਅਰਜਨ ਦੇਵ ਜੀ
ਅੰਗ: 618
ਲੜੀ ਸੰਃ: 2 - 4

ਰਾਗੁ ਸੋਰਠਿ

ਰਾਗ ਸੋਰਠਿ ਪੁਰਾਣਾ ਅਤੇ ਭਗਤੀ ਸ਼ਬਦ ਜਾਂ ਭਜਨ ਗਾਉਣ ਲਈ ਵਰਤਿਆ ਜਾਂਦਾ ਹੈ। ਇਸ ਨੂੰ ਨਾਮ ਸਿਮਰਨ ਲਈ ਉੱਤਮ ਮੰਨਿਆ ਜਾਂਦਾ ਹੈ।