ਮੂਰਖ ਲੋਗ ਉਸ ਦੇ ਭੇਦ ਦਾ ਵਰਣਨ ਕਰਦੇ ਹਨ,
ਜਿਸ ਦਾ ਭੇਦ ਵੇਦ ਵੀ ਨਹੀਂ ਪਾ ਸਕੇ ਹਨ ॥੩੯੧॥
(ਜੋ) ਉਸ ਦਾ ਅਨੁਮਾਨ ਪੱਥਰ ਵਿਚ ਕਰਦੇ ਹਨ,
(ਉਹ) ਮਹਾ ਮੂਰਖ (ਉਸ ਦਾ) ਕੁਝ ਵੀ ਭੇਦ ਨਹੀਂ ਜਾਣਦੇ।
ਉਹ ਮਹਾਦੇਵ ਨੂੰ ਸਦਾ ਸ਼ਿਵ (ਸਦਾ ਕਲਿਆਣਕਾਰੀ ਈਸ਼ਵਰ) ਕਹਿੰਦੇ ਹਨ,
ਪਰ ਨਿਰੰਕਾਰ ਦਾ ਭੇਦ ਨਹੀਂ ਸਮਝਦੇ ॥੩੯੨॥
(ਹਰ ਇਕ ਦੀ) ਆਪੋ ਆਪਣੀ ਜਿਤਨੀ ਬੁੱਧੀ ਹੈ,
(ਉਹ) ਤੁਹਾਡਾ ਭਿੰਨ ਭਿੰਨ ਵਰਣਨ ਕਰਦੇ ਹਨ।
(ਹੇ ਪ੍ਰਭੂ!) ਤੁਹਾਡੇ ਪਸਾਰੇ ਨੂੰ ਸਮਝਿਆ ਨਹੀਂ ਜਾ ਸਕਦਾ
ਕਿ ਕਿਸ ਤਰ੍ਹਾਂ ਪਹਿਲਾਂ ਸੰਸਾਰ ਸਾਜਿਆ ਗਿਆ ॥੩੯੩॥
(ਤੇਰਾ) ਇਕੋ ਰੂਪ ਅਨੇਕ ਸਰੂਪਾਂ ਵਾਲਾ ਹੈ।
(ਤੁਸੀਂ ਹੀ) ਕਿਤੇ ਰੰਕ ਹੋ, ਕਿਤੇ ਰਾਓ ਅਤੇ ਕਿਤੇ ਰਾਜੇ ਕਹੀਦੇ ਹੋ।
(ਤੁਸੀਂ ਪਹਿਲਾਂ) ਅੰਡਜ, ਜੇਰਜ ਅਤੇ ਸੇਤਜ (ਖਾਣੀਆਂ ਦੀ ਰਚਨਾ) ਕੀਤੀ
ਅਤੇ ਫਿਰ ਉਤਭੁਜ ਖਾਣੀ ਦੀ ਰਚਨਾ ਕਰ ਦਿੱਤੀ ॥੩੯੪॥
ਕਿਤੇ (ਤੁਸੀਂ) ਪ੍ਰਸੰਨਤਾ ਪੂਰਵਕ ਰਾਜੇ ਬਣੇ ਬੈਠੇ ਹੋ
ਅਤੇ ਕਿਤੇ ਸਿਮਟ ਕੇ ਸ਼ੰਕਰ ਦੀ (ਮੂਰਤੀ ਵਿਚ) ਇਕੱਠੇ ਹੋ ਗਏ ਹੋ (ਅਰਥਾਂਤਰ- ਕਿਤੇ ਸੰਯੁਕਤ ਹੋ ਕੇ ਇਕੱਠੇ ਸਿਮਟੇ ਹੋਏ ਹੋ)।
(ਤੁਸੀਂ) ਸਾਰੀ ਸ੍ਰਿਸ਼ਟੀ ਦਾ ਅਚੰਭਾ ਵਿਖਾਇਆ ਹੈ।
(ਤੁਸੀਂ) ਮੁਢ ਵਿਚ, ਜੁਗਾਂ ਦੇ ਆਰੰਭ ਵਿਚ ਆਪਣੇ ਆਪ ਹੋਂਦ ਵਿਚ ਆਣ ਵਾਲੇ ਸਰੂਪ ਹੋ ॥੩੯੫॥
(ਤੁਸੀਂ) ਹੁਣ ਮੇਰੀ ਰਖਿਆ ਕਰੋ।
(ਤੁਸੀਂ) ਸਿੱਖਾਂ ਨੂੰ ਬਚਾਓ ਅਤੇ ਅਸਿੱਖਾਂ ਨੂੰ ਨਸ਼ਟ ਕਰੋ।