ਰਹਰਾਸਿ ਸਾਹਿਬ

(ਅੰਗ: 1)


ਹਰਿ ਜੁਗੁ ਜੁਗੁ ਭਗਤ ਉਪਾਇਆ ਪੈਜ ਰਖਦਾ ਆਇਆ ਰਾਮ ਰਾਜੇ ॥

ਪਰਮਾਤਮਾ ਹਰੇਕ ਜੁਗ ਵਿਚ ਹੀ ਭਗਤ ਪੈਦਾ ਕਰਦਾ ਹੈ, ਤੇ, (ਭੀੜਾ ਸਮੇ) ਉਹਨਾਂ ਦੀ ਇੱਜ਼ਤ ਰੱਖਦਾ ਆ ਰਿਹਾ ਹੈ।

ਹਰਣਾਖਸੁ ਦੁਸਟੁ ਹਰਿ ਮਾਰਿਆ ਪ੍ਰਹਲਾਦੁ ਤਰਾਇਆ ॥

(ਜਿਵੇਂ ਕਿ, ਪ੍ਰਹਿਲਾਦ ਦੇ ਜ਼ਾਲਮ ਪਿਤਾ) ਚੰਦਰੇ ਹਰਣਾਖੁਸ਼ ਨੂੰ ਪਰਮਾਤਮਾ ਨੇ (ਆਖ਼ਰ ਜਾਨੋਂ) ਮਾਰ ਦਿੱਤਾ (ਤੇ ਆਪਣੇ ਭਗਤ) ਪ੍ਰਹਿਲਾਦ ਨੂੰ (ਪਿਉ ਦੇ ਦਿੱਤੇ ਕਸ਼ਟਾਂ ਤੋਂ) ਸਹੀ ਸਲਾਮਤਿ ਬਚਾ ਲਿਆ।

ਅਹੰਕਾਰੀਆ ਨਿੰਦਕਾ ਪਿਠਿ ਦੇਇ ਨਾਮਦੇਉ ਮੁਖਿ ਲਾਇਆ ॥

(ਜਿਵੇਂ ਕਿ, ਮੰਦਰ ਵਿਚੋਂ ਧੱਕੇ ਦੇਣ ਵਾਲੇ) ਨਿੰਦਕਾਂ ਤੇ (ਜਾਤਿ-) ਅਭਿਮਾਨੀਆਂ ਨੂੰ (ਪਰਮਾਤਮਾ ਨੇ) ਪਿੱਠ ਦੇ ਕੇ (ਆਪਣੇ ਭਗਤ) ਨਾਮਦੇਵ ਨੂੰ ਦਰਸ਼ਨ ਦਿੱਤਾ।

ਜਨ ਨਾਨਕ ਐਸਾ ਹਰਿ ਸੇਵਿਆ ਅੰਤਿ ਲਏ ਛਡਾਇਆ ॥੪॥੧੩॥੨੦॥

ਹੇ ਦਾਸ ਨਾਨਕ! ਜੇਹੜਾ ਭੀ ਮਨੁੱਖ ਇਹੋ ਜਿਹੀ ਸਮਰਥਾ ਵਾਲੇ ਪਰਮਾਤਮਾ ਦੀ ਸੇਵਾ-ਭਗਤੀ ਕਰਦਾ ਹੈ ਪਰਮਾਤਮਾ ਉਸ ਨੂੰ (ਦੋਖੀਆਂ ਵਲੋਂ ਦਿੱਤੇ ਜਾ ਰਹੇ ਸਭ ਕਸ਼ਟਾਂ ਤੋਂ) ਆਖ਼ਰ ਬਚਾ ਲੈਂਦਾ ਹੈ ॥੪॥੧੩॥੨੦॥

ਸਲੋਕੁ ਮਃ ੧ ॥

ਦੁਖੁ ਦਾਰੂ ਸੁਖੁ ਰੋਗੁ ਭਇਆ ਜਾ ਸੁਖੁ ਤਾਮਿ ਨ ਹੋਈ ॥

(ਹੇ ਪ੍ਰਭੂ! ਤੇਰੀ ਅਜਬ ਕੁਦਰਤ ਹੈ ਕਿ) ਬਿਪਤਾ (ਜੀਵਾਂ ਦੇ ਰੋਗਾਂ ਦਾ) ਇਲਾਜ (ਬਣ ਜਾਂਦੀ) ਹੈ, ਅਤੇ ਸੁਖ (ਉਹਨਾਂ ਲਈ) ਦੁੱਖ ਦਾ (ਕਾਰਨ) ਹੋ ਜਾਂਦਾ ਹੈ। ਪਰ ਜੇ (ਅਸਲੀ ਆਤਮਕ) ਸੁਖ (ਜੀਵ ਨੂੰ) ਮਿਲ ਜਾਏ, ਤਾਂ (ਦੁੱਖ) ਨਹੀਂ ਰਹਿੰਦਾ।

ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ ॥੧॥

ਹੇ ਪ੍ਰਭੂ! ਤੂੰ ਕਰਨਹਾਰ ਕਰਤਾਰ ਹੈਂ (ਤੂੰ ਆਪ ਹੀ ਇਹਨਾਂ ਭੇਤਾਂ ਨੂੰ ਸਮਝਦਾ ਹੈਂ), ਮੇਰੀ ਸਮਰਥਾ ਨਹੀਂ ਹੈ (ਕਿ ਮੈਂ ਸਮਝ ਸਕਾਂ)। ਜੇ ਮੈਂ ਆਪਣੇ ਆਪ ਨੂੰ ਕੁਝ ਸਮਝ ਲਵਾਂ (ਭਾਵ, ਜੇ ਮੈਂ ਇਹ ਖ਼ਿਆਲ ਕਰਨ ਲੱਗ ਪਵਾਂ ਕਿ ਮੈਂ ਤੇਰੇ ਭੇਤ ਨੂੰ ਸਮਝ ਸਕਦਾ ਹਾਂ) ਤਾਂ ਇਹ ਗੱਲ ਫਬਦੀ ਨਹੀਂ ॥੧॥

ਬਲਿਹਾਰੀ ਕੁਦਰਤਿ ਵਸਿਆ ॥

ਹੇ ਕੁਦਰਤ ਵਿਚ ਵੱਸ ਰਹੇ ਕਰਤਾਰ! ਮੈਂ ਤੈਥੋਂ ਸਦਕੇ ਹਾਂ,

ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

ਤੇਰਾ ਅੰਤ ਪਾਇਆ ਨਹੀਂ ਜਾ ਸਕਦਾ ॥੧॥ ਰਹਾਉ ॥

ਜਾਤਿ ਮਹਿ ਜੋਤਿ ਜੋਤਿ ਮਹਿ ਜਾਤਾ ਅਕਲ ਕਲਾ ਭਰਪੂਰਿ ਰਹਿਆ ॥

ਸਾਰੀ ਸ੍ਰਿਸ਼ਟੀ ਵਿਚ ਤੇਰਾ ਹੀ ਨੂਰ ਵੱਸ ਰਿਹਾ ਹੈ, ਸਾਰੇ ਜੀਵਾਂ ਵਿਚ ਤੇਰਾ ਹੀ ਪ੍ਰਕਾਸ਼ ਹੈ, ਤੂੰ ਸਭ ਥਾਈਂ ਇਕ-ਰਸ ਵਿਆਪਕ ਹੈਂ।

ਤੂੰ ਸਚਾ ਸਾਹਿਬੁ ਸਿਫਤਿ ਸੁਆਲਿੑਉ ਜਿਨਿ ਕੀਤੀ ਸੋ ਪਾਰਿ ਪਇਆ ॥

ਹੇ ਪ੍ਰਭੂ! ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੇਰੀਆਂ ਸੋਹਣੀਆਂ ਵਡਿਆਈਆਂ ਹਨ। ਜਿਸ ਜਿਸ ਨੇ ਤੇਰੇ ਗੁਣ ਗਾਏ ਹਨ, ਉਹ ਸੰਸਾਰ-ਸਮੁੰਦਰ ਤੋਂ ਤਰ ਗਿਆ ਹੈ।

ਕਹੁ ਨਾਨਕ ਕਰਤੇ ਕੀਆ ਬਾਤਾ ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਹੇ ਨਾਨਕ! (ਤੂੰ ਭੀ) ਕਰਤਾਰ ਦੀ ਸਿਫ਼ਤਿ-ਸਾਲਾਹ ਕਰ, (ਤੇ ਆਖ ਕਿ) ਪ੍ਰਭੂ ਜੋ ਕੁਝ ਕਰਨਾ ਚੰਗਾ ਸਮਝਦਾ ਹੈ ਉਹ ਕਰ ਰਿਹਾ ਹੈ (ਭਾਵ, ਉਸ ਦੇ ਕੰਮਾਂ ਵਿਚ ਕਿਸੇ ਦਾ ਦਖ਼ਲ ਨਹੀਂ ਹੈ) ॥੨॥

ਸੋ ਦਰੁ ਰਾਗੁ ਆਸਾ ਮਹਲਾ ੧ ॥

ਰਾਗ ਆਸਾ ਵਿੱਚ ਗੁਰੂ ਨਾਨਕ ਜੀ ਦੀ ਬਾਣੀ 'ਸੋ-ਦਰ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੋ ਦਰੁ ਤੇਰਾ ਕੇਹਾ ਸੋ ਘਰੁ ਕੇਹਾ ਜਿਤੁ ਬਹਿ ਸਰਬ ਸਮਾਲੇ ॥

(ਹੇ ਪ੍ਰਭੂ!) ਤੇਰਾ ਉਹ ਘਰ ਅਤੇ (ਉਸ ਘਰ ਦਾ) ਉਹ ਦਰਵਾਜ਼ਾ ਬੜਾ ਹੀ ਅਸਚਰਜ ਹੋਵੇਗਾ, ਜਿੱਥੇ ਬੈਠ ਕੇ ਤੂੰ ਸਾਰੇ ਜੀਵਾਂ ਦੀ ਸੰਭਾਲ ਕਰ ਰਿਹਾ ਹੈਂ।

ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣਹਾਰੇ ॥

(ਤੇਰੀ ਇਸ ਰਚੀ ਹੋਈ ਕੁਦਰਤ ਵਿਚ) ਅਨੇਕਾਂ ਤੇ ਅਣਗਿਣਤ ਵਾਜੇ ਤੇ ਰਾਗ ਹਨ; ਬੇਅੰਤ ਹੀ ਜੀਵ (ਉਹਨਾਂ ਵਾਜਿਆਂ ਨੂੰ) ਵਜਾਣ ਵਾਲੇ ਹਨ।

ਕੇਤੇ ਤੇਰੇ ਰਾਗ ਪਰੀ ਸਿਉ ਕਹੀਅਹਿ ਕੇਤੇ ਤੇਰੇ ਗਾਵਣਹਾਰੇ ॥

ਰਾਗਣੀਆਂ ਸਮੇਤ ਬੇਅੰਤ ਹੀ ਰਾਗਾਂ ਦੇ ਨਾਮ ਲਏ ਜਾਂਦੇ ਹਨ। ਅਨੇਕਾਂ ਹੀ ਜੀਵ (ਇਹਨਾਂ ਰਾਗ-ਰਾਗਣੀਆਂ ਦੀ ਰਾਹੀਂ ਤੈਨੂੰ) ਗਾਣ ਵਾਲੇ ਹਨ (ਤੇਰੀ ਸਿਫ਼ਤਿ ਦੇ ਗੀਤ ਗਾ ਰਹੇ ਹਨ)।

ਗਾਵਨਿ ਤੁਧਨੋ ਪਵਣੁ ਪਾਣੀ ਬੈਸੰਤਰੁ ਗਾਵੈ ਰਾਜਾ ਧਰਮੁ ਦੁਆਰੇ ॥

(ਹੇ ਪ੍ਰਭੂ!) ਹਵਾ ਪਾਣੀ ਅੱਗ (ਆਦਿਕ ਤੱਤ) ਤੇਰੇ ਗੁਣ ਗਾ ਰਹੇ ਹਨ (ਤੇਰੀ ਰਜ਼ਾ ਵਿਚ ਤੁਰ ਰਹੇ ਹਨ)। ਧਰਮ ਰਾਜ (ਤੇਰੇ) ਦਰ ਤੇ (ਖਲੋ ਕੇ ਤੇਰੀ ਸਿਫ਼ਤ-ਸਾਲਾਹ ਦੇ ਗੀਤ) ਗਾ ਰਿਹਾ ਹੈ।

ਗਾਵਨਿ ਤੁਧਨੋ ਚਿਤੁ ਗੁਪਤੁ ਲਿਖਿ ਜਾਣਨਿ ਲਿਖਿ ਲਿਖਿ ਧਰਮੁ ਬੀਚਾਰੇ ॥

ਉਹ ਚਿੱਤਰ ਗੁਪਤ ਭੀ ਜੋ (ਜੀਵਾਂ ਦੇ ਚੰਗੇ ਮੰਦੇ ਕਰਮਾਂ ਦੇ ਲੇਖੇ) ਲਿਖਣੇ ਜਾਣਦੇ ਹਨ ਅਤੇ ਜਿਨ੍ਹਾਂ ਦੇ ਲਿਖੇ ਹੋਏ ਧਰਮ ਰਾਜ ਵਿਚਾਰਦਾ ਹੈ ਤੇਰੀ ਸਿਫ਼ਤ-ਸਾਲਾਹ ਦੇ ਗੀਤ ਗਾ ਰਹੇ ਹਨ।

ਗਾਵਨਿ ਤੁਧਨੋ ਈਸਰੁ ਬ੍ਰਹਮਾ ਦੇਵੀ ਸੋਹਨਿ ਤੇਰੇ ਸਦਾ ਸਵਾਰੇ ॥

(ਹੇ ਪ੍ਰਭੂ!) ਅਨੇਕਾਂ ਦੇਵੀਆਂ ਸ਼ਿਵ ਅਤੇ ਬ੍ਰਹਮਾ (ਆਦਿਕ ਦੇਵਤੇ) ਜੋ ਤੇਰੇ ਸਵਾਰੇ ਹੋਏ ਹਨ ਸਦਾ (ਤੇਰੇ ਦਰ ਤੇ) ਸੋਭ ਰਹੇ ਹਨ ਤੈਨੂੰ ਗਾ ਰਹੇ ਹਨ (ਤੇਰੇ ਗੁਣ ਗਾ ਰਹੇ ਹਨ)।