ਚੰਡੀ ਦੀ ਵਾਰ

(ਅੰਗ: 1)


ੴ ਵਾਹਿਗੁਰੂ ਜੀ ਕੀ ਫਤਹ ॥

ਸ੍ਰੀ ਭਗਉਤੀ ਜੀ ਸਹਾਇ ॥

ਸ੍ਰੀ ਭਗਉਤੀ ਜੀ ਸਹਾਇ:

ਵਾਰ ਸ੍ਰੀ ਭਗਉਤੀ ਜੀ ਕੀ ॥

ਹੁਣ ਵਾਰ ਸ੍ਰੀ ਭਗਉਤੀ ਜੀ ਕੀ ਲਿਖਦੇ ਹਾ:

ਪਾਤਿਸਾਹੀ ੧੦ ॥

ਪਾਤਸ਼ਾਹੀ ੧੦:

ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ ॥

(ਸਭ ਤੋਂ) ਪਹਿਲਾਂ ਭਗੌਤੀ ਨੂੰ ਸਿਮਰਦਾ ਹਾਂ ਅਤੇ ਫਿਰ ਗੁਰੂ ਨਾਨਕ ਦੇਵ ਨੂੰ ਯਾਦ ਕਰਦਾ ਹਾਂ।

ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ ॥

(ਫਿਰ) ਗੁਰੂ ਅੰਗਦ, (ਗੁਰੂ) ਅਮਰਦਾਸ ਅਤੇ (ਗੁਰੂ) ਰਾਮਦਾਸ (ਨੂੰ ਸਿਮਰਦਾ ਹਾਂ ਕਿ ਮੇਰੇ) ਸਹਾਈ ਹੋਣ।

ਅਰਜਨ ਹਰਿਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ ॥

(ਗੁਰੂ) ਅਰਜਨ ਦੇਵ, (ਗੁਰੂ) ਹਰਿਗੋਬਿੰਦ ਅਤੇ (ਗੁਰੂ) ਸ੍ਰੀ ਹਰਿ ਰਾਇ ਨੂੰ ਸਿਮਰਦਾ ਹਾਂ।

ਸ੍ਰੀ ਹਰਿਕ੍ਰਿਸਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ ॥

(ਫਿਰ ਗੁਰੂ) ਸ੍ਰੀ ਹਰਿਕ੍ਰਿਸ਼ਨ ਨੂੰ ਆਰਾਧਦਾ ਹਾਂ ਜਿਨ੍ਹਾਂ ਦੇ ਦਰਸ਼ਨ ਕਰਨ ਨਾਲ ਸਾਰੇ ਦੁਖ ਦੂਰ ਹੋ ਜਾਂਦੇ ਹਨ।

ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ ॥

(ਗੁਰੂ) ਤੇਗ ਬਹਾਦਰ ਦੇ ਸਿਮਰਨ ਨਾਲ ਨੌ ਨਿੱਧਾਂ (ਖ਼ਜ਼ਾਨੇ) (ਘਰ ਵਿਚ) ਭਜਦੀਆਂ ਚਲੀਆਂ ਆਉਂਦੀਆਂ ਹਨ।

ਸਭ ਥਾਈਂ ਹੋਇ ਸਹਾਇ ॥੧॥

(ਸਾਰੇ ਗੁਰੂ ਮੈਨੂੰ) ਸਭ ਥਾਈਂ ਸਹਾਇਕ ਹੋਣ ॥੧॥

ਪਉੜੀ ॥

ਪਉੜੀ:

ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ ॥

ਪਰਮ-ਸੱਤਾ ਨੇ (ਸਭ ਤੋਂ) ਪਹਿਲਾਂ ਖੜਗ (ਰੂਪੀ ਸ਼ਕਤੀ) ਨੂੰ ਸਿਰਜ ਕੇ (ਫਿਰ) ਸਾਰੇ ਸੰਸਾਰ ਦੀ ਰਚਨਾ ਕੀਤੀ।

ਬ੍ਰਹਮਾ ਬਿਸਨੁ ਮਹੇਸ ਸਾਜਿ ਕੁਦਰਤਿ ਦਾ ਖੇਲੁ ਰਚਾਇ ਬਣਾਇਆ ॥

ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਨੂੰ ਪੈਦਾ ਕਰਕੇ (ਫਿਰ) ਕੁਦਰਤ ਦੀ ਖੇਡ ਰਚ ਕੇ ਬਣਾਈ।

ਸਿੰਧ ਪਰਬਤ ਮੇਦਨੀ ਬਿਨੁ ਥੰਮ੍ਹਾ ਗਗਨਿ ਰਹਾਇਆ ॥

ਸਮੁੰਦਰ, ਪਰਬਤ ਅਤੇ ਧਰਤੀ (ਬਣਾਈ ਅਤੇ) ਬਿਨਾ ਥੰਮਾਂ ਦੇ ਆਕਾਸ਼ ਨੂੰ ਸਥਿਤ (ਕਰਨ ਦੀ ਵਿਵਸਥਾ ਕੀਤੀ)।

ਸਿਰਜੇ ਦਾਨੋ ਦੇਵਤੇ ਤਿਨ ਅੰਦਰਿ ਬਾਦੁ ਰਚਾਇਆ ॥

(ਫਿਰ) ਦੈਂਤ ਅਤੇ ਦੇਵਤੇ ਸਿਰਜੇ ਅਤੇ ਉਨ੍ਹਾਂ ਅੰਦਰ ਵੈਰ-ਵਿਵਾਦ ਪੈਦਾ ਕੀਤਾ।

ਤੈ ਹੀ ਦੁਰਗਾ ਸਾਜਿ ਕੈ ਦੈਤਾ ਦਾ ਨਾਸੁ ਕਰਾਇਆ ॥

ਤੂੰ ਹੀ ਦੁਰਗਾ ਦੀ ਸਿਰਜਨਾ ਕਰਕੇ (ਉਸ ਤੋਂ) ਦੈਂਤਾਂ ਦਾ ਨਾਸ਼ ਕਰਵਾਇਆ।

ਤੈਥੋਂ ਹੀ ਬਲੁ ਰਾਮ ਲੈ ਨਾਲ ਬਾਣਾ ਦਹਸਿਰੁ ਘਾਇਆ ॥

ਤੇਰੇ ਤੋਂ ਹੀ ਰਾਮ ਚੰਦਰ ਨੇ ਬਲ ਪ੍ਰਾਪਤ ਕਰ ਕੇ ਬਾਣਾਂ ਨਾਲ ਰਾਵਣ ਦਾ ਵੱਧ ਕੀਤਾ।

ਤੈਥੋਂ ਹੀ ਬਲੁ ਕ੍ਰਿਸਨ ਲੈ ਕੰਸੁ ਕੇਸੀ ਪਕੜਿ ਗਿਰਾਇਆ ॥

ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਨੇ ਕੰਸ ਨੂੰ ਵਾਲਾਂ ਤੋਂ ਪਕੜ ਕੇ (ਅਰਥਾਂਤਰ ਕੇਸੀ ਪਹਿਲਵਾਨ ਨੂੰ) ਡਿਗਾਇਆ ਸੀ।

ਬਡੇ ਬਡੇ ਮੁਨਿ ਦੇਵਤੇ ਕਈ ਜੁਗ ਤਿਨੀ ਤਨੁ ਤਾਇਆ ॥

ਵਡਿਆਂ ਵਡਿਆਂ ਮੁਨੀਆਂ ਅਤੇ ਦੇਵਤਿਆਂ ਨੇ ਕਈ ਯੁਗਾਂ ਤਕ ਤਪਸਿਆ ਕੀਤੀ,

ਕਿਨੀ ਤੇਰਾ ਅੰਤੁ ਨ ਪਾਇਆ ॥੨॥

(ਪਰ ਉਨ੍ਹਾਂ ਵਿਚੋਂ) ਕਿਸੇ ਨੇ ਤੇਰਾ ਅੰਤ ਪ੍ਰਾਪਤ ਨਹੀਂ ਕੀਤਾ ॥੨॥