ਸਿਧ ਗੋਸਟਿ

(ਅੰਗ: 1)


ਰਾਮਕਲੀ ਮਹਲਾ ੧ ਸਿਧ ਗੋਸਟਿ ॥

ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਸਿਧ ਗੋਸਟਿ'।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸਿਧ ਸਭਾ ਕਰਿ ਆਸਣਿ ਬੈਠੇ ਸੰਤ ਸਭਾ ਜੈਕਾਰੋ ॥

(ਸਾਡੀ) ਨਮਸਕਾਰ ਉਹਨਾਂ ਸੰਤਾਂ ਦੀ ਸਭਾ ਨੂੰ ਹੈ ਜੋ 'ਰੱਬੀ ਮਜਲਸ' (ਸਤਸੰਗ) ਬਣਾ ਕੇ ਅਡੋਲ ਬੈਠੇ ਹਨ;

ਤਿਸੁ ਆਗੈ ਰਹਰਾਸਿ ਹਮਾਰੀ ਸਾਚਾ ਅਪਰ ਅਪਾਰੋ ॥

ਸਾਡੀ ਅਰਦਾਸ ਉਸ ਸੰਤ-ਸਭਾ ਅੱਗੇ ਹੈ ਜਿਸ ਵਿਚ ਸਦਾ ਕਾਇਮ ਰਹਿਣ ਵਾਲਾ ਅਪਰ ਅਪਾਰ ਪ੍ਰਭੂ (ਪ੍ਰਤੱਖ ਵੱਸਦਾ) ਹੈ।

ਮਸਤਕੁ ਕਾਟਿ ਧਰੀ ਤਿਸੁ ਆਗੈ ਤਨੁ ਮਨੁ ਆਗੈ ਦੇਉ ॥

ਮੈਂ ਉਸ ਸੰਤ-ਸਭਾ ਅੱਗੇ ਸਿਰ ਕੱਟ ਕੇ ਧਰ ਦਿਆਂ, ਤਨ ਤੇ ਮਨ ਭੇਟਾ ਰੱਖ ਦਿਆਂ,

ਨਾਨਕ ਸੰਤੁ ਮਿਲੈ ਸਚੁ ਪਾਈਐ ਸਹਜ ਭਾਇ ਜਸੁ ਲੇਉ ॥੧॥

(ਤਾਕਿ) ਸੁਖੈਨ ਹੀ ਪ੍ਰਭੂ ਦੇ ਗੁਣ ਗਾ ਸਕਾਂ; (ਕਿਉਂਕਿ) ਹੇ ਨਾਨਕ! ਸੰਤ ਮਿਲ ਪਏ ਤਾਂ ਰੱਬ ਮਿਲ ਪੈਂਦਾ ਹੈ ॥੧॥

ਕਿਆ ਭਵੀਐ ਸਚਿ ਸੂਚਾ ਹੋਇ ॥

(ਹੇ ਚਰਪਟ! ਦੇਸ-ਦੇਸਾਂਤਰਾਂ ਅਤੇ ਤੀਰਥਾਂ ਤੇ) ਭੌਣ ਦਾ ਕੀਹ ਲਾਭ? ਸਦਾ ਕਾਇਮ ਰਹਿਣ ਵਾਲੇ ਪ੍ਰਭੂ ਵਿਚ ਜੁੜਿਆਂ ਹੀ ਪਵਿਤ੍ਰ ਹੋਈਦਾ ਹੈ;

ਸਾਚ ਸਬਦ ਬਿਨੁ ਮੁਕਤਿ ਨ ਕੋਇ ॥੧॥ ਰਹਾਉ ॥

(ਸਤਿਗੁਰੂ ਦੇ) ਸੱਚੇ ਸ਼ਬਦ ਤੋਂ ਬਿਨਾ ("ਦੁਨੀਆ ਸਾਗਰ ਦੁਤਰ ਤੋਂ") ਖ਼ਲਾਸੀ ਨਹੀਂ ਹੁੰਦੀ ॥੧॥ ਰਹਾਉ ॥

ਕਵਨ ਤੁਮੇ ਕਿਆ ਨਾਉ ਤੁਮਾਰਾ ਕਉਨੁ ਮਾਰਗੁ ਕਉਨੁ ਸੁਆਓ ॥

(ਚਰਪਟ ਜੋਗੀ ਨੇ ਪੁੱਛਿਆ-) ਤੁਸੀ ਕੌਣ ਹੋ? ਤੁਹਾਡਾ ਕੀਹ ਨਾਮ ਹੈ? ਤੁਹਾਡਾ ਕੀਹ ਮਤ ਹੈ? (ਉਸ ਮਤ ਦਾ) ਕੀਹ ਮਨੋਰਥ ਹੈ?

ਸਾਚੁ ਕਹਉ ਅਰਦਾਸਿ ਹਮਾਰੀ ਹਉ ਸੰਤ ਜਨਾ ਬਲਿ ਜਾਓ ॥

(ਗੁਰੂ ਨਾਨਕ ਦੇਵ ਜੀ ਦਾ ਉੱਤਰ-) ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪਦਾ ਹਾਂ, ਸਾਡੀ (ਪ੍ਰਭੂ ਅਗੇ ਹੀ ਸਦਾ) ਅਰਦਾਸਿ ਹੈ ਤੇ ਮੈਂ ਸੰਤ ਜਨਾਂ ਤੋਂ ਸਦਕੇ ਜਾਂਦਾ ਹਾਂ (ਬੱਸ! ਇਹ ਮੇਰਾ ਮਤ ਹੈ)।

ਕਹ ਬੈਸਹੁ ਕਹ ਰਹੀਐ ਬਾਲੇ ਕਹ ਆਵਹੁ ਕਹ ਜਾਹੋ ॥

(ਚਰਪਟ ਦਾ ਪ੍ਰਸ਼ਨ) ਹੇ ਬਾਲਕ! ਤੁਸੀ ਕਿਸ ਦੇ ਆਸਰੇ ਸ਼ਾਂਤ-ਚਿੱਤ ਹੋ? ਤੁਹਾਡੀ ਸੁਰਤ ਕਿਸ ਵਿਚ ਜੁੜਦੀ ਹੈ? ਕਿੱਥੋਂ ਆਉਂਦੇ ਹੋ? ਕਿੱਥੇ ਜਾਂਦੇ ਹੋ?

ਨਾਨਕੁ ਬੋਲੈ ਸੁਣਿ ਬੈਰਾਗੀ ਕਿਆ ਤੁਮਾਰਾ ਰਾਹੋ ॥੨॥

ਨਾਨਕ ਆਖਦਾ ਹੈ ਕਿ ਚਰਪਟ ਨੇ ਪੁੱਛਿਆ- ਹੇ ਸੰਤ! ਸੁਣ, ਤੇਰਾ ਕੀਹ ਮਤ ਹੈ? ॥੨॥

ਘਟਿ ਘਟਿ ਬੈਸਿ ਨਿਰੰਤਰਿ ਰਹੀਐ ਚਾਲਹਿ ਸਤਿਗੁਰ ਭਾਏ ॥

(ਸਤਿਗੁਰੂ ਜੀ ਦਾ ਉੱਤਰ-) (ਹੇ ਚਰਪਟ!) ਸਰਬ-ਵਿਆਪਕ ਪ੍ਰਭੂ (ਦੀ ਯਾਦ) ਵਿਚ ਜੁੜ ਕੇ ਸਦਾ ਸ਼ਾਂਤ-ਚਿੱਤ ਰਹੀਦਾ ਹੈ। ਅਸੀਂ ਸਤਿਗੁਰੂ ਦੀ ਮਰਜ਼ੀ ਵਿਚ ਚੱਲਦੇ ਹਾਂ।

ਸਹਜੇ ਆਏ ਹੁਕਮਿ ਸਿਧਾਏ ਨਾਨਕ ਸਦਾ ਰਜਾਏ ॥

ਹੇ ਨਾਨਕ! ਪ੍ਰਭੂ ਦੇ ਹੁਕਮ ਵਿਚ ਸੁਤੇ ਹੀ (ਜਗਤ ਵਿਚ) ਆਏ, ਹੁਕਮ ਵਿਚ ਵਿਚਰ ਰਹੇ ਹਾਂ, ਸਦਾ ਉਸ ਦੀ ਰਜ਼ਾ ਵਿਚ ਹੀ ਰਹਿੰਦੇ ਹਾਂ।

ਆਸਣਿ ਬੈਸਣਿ ਥਿਰੁ ਨਾਰਾਇਣੁ ਐਸੀ ਗੁਰਮਤਿ ਪਾਏ ॥

(ਪੱਕੇ) ਆਸਣ ਵਾਲਾ, (ਸਦਾ) ਟਿਕੇ ਰਹਿਣ ਵਾਲਾ ਤੇ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਹੈ, ਅਸਾਂ ਇਹੀ ਗੁਰ-ਸਿੱਖਿਆ ਲਈ ਹੈ।

ਗੁਰਮੁਖਿ ਬੂਝੈ ਆਪੁ ਪਛਾਣੈ ਸਚੇ ਸਚਿ ਸਮਾਏ ॥੩॥

ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਾ ਮਨੁੱਖ ਗਿਆਨਵਾਨ ਹੋ ਜਾਂਦਾ ਹੈ, ਆਪਣੇ ਆਪ ਨੂੰ ਪਛਾਣਦਾ ਹੈ, ਤੇ, ਸਦਾ ਸੱਚੇ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੩॥

ਦੁਨੀਆ ਸਾਗਰੁ ਦੁਤਰੁ ਕਹੀਐ ਕਿਉ ਕਰਿ ਪਾਈਐ ਪਾਰੋ ॥

(ਚਰਪਟ ਦਾ ਪ੍ਰਸ਼ਨ) ਜਗਤ (ਇਕ ਐਸਾ) ਸਮੁੰਦਰ ਕਿਹਾ ਜਾਂਦਾ ਹੈ ਜਿਸ ਨੂੰ ਤਰਨਾ ਔਖਾ ਹੈ, (ਇਸ ਸਮੁੰਦਰ ਦਾ) ਪਾਰਲਾ ਕੰਢਾ ਕਿਵੇਂ ਲੱਭੇ?

ਚਰਪਟੁ ਬੋਲੈ ਅਉਧੂ ਨਾਨਕ ਦੇਹੁ ਸਚਾ ਬੀਚਾਰੋ ॥

ਚਰਪਟ ਆਖਦਾ ਹੈ (ਭਾਵ, ਚਰਪਟ ਨੇ ਆਖਿਆ) ਹੇ ਵਿਰਕਤ ਨਾਨਕ! ਠੀਕ ਵਿਚਾਰ ਦੱਸ।

ਆਪੇ ਆਖੈ ਆਪੇ ਸਮਝੈ ਤਿਸੁ ਕਿਆ ਉਤਰੁ ਦੀਜੈ ॥

ਉੱਤਰ: (ਜੋ ਮਨੁੱਖ ਜੋ ਕੁਝ) ਆਪ ਆਖਦਾ ਹੈ ਤੇ ਆਪ ਹੀ (ਉਸ ਨੂੰ) ਸਮਝਦਾ (ਭੀ) ਹੈ ਉਸ ਨੂੰ (ਉਸ ਦੇ ਪ੍ਰਸ਼ਨ ਦਾ) ਉੱਤਰ ਦੇਣ ਦੀ ਲੋੜ ਨਹੀਂ ਹੁੰਦੀ।

ਸਾਚੁ ਕਹਹੁ ਤੁਮ ਪਾਰਗਰਾਮੀ ਤੁਝੁ ਕਿਆ ਬੈਸਣੁ ਦੀਜੈ ॥੪॥

(ਇਸ ਵਾਸਤੇ, ਹੇ ਚਰਪਟ!) ਤੇਰੇ (ਪ੍ਰਸ਼ਨ) ਵਿਚ ਕੋਈ ਉਕਾਈ ਲੱਭਣ ਦੀ ਲੋੜ ਨਹੀਂ, (ਉਂਝ ਉੱਤਰ ਇਹ ਹੈ ਕਿ) ਸਦਾ ਕਾਇਮ ਰਹਿਣ ਵਾਲੇ ਪ੍ਰਭੂ ਨੂੰ ਜਪੋ ਤਾਂ ਤੁਸੀਂ (ਇਸ 'ਦੁਤਰੁ ਸਾਗਰੁ' ਤੋਂ) ਪਾਰ ਲੰਘ ਜਾਉਗੇ ॥੪॥